Breaking News
Home / ਹਫ਼ਤਾਵਾਰੀ ਫੇਰੀ / ਹਾਈ ਕਮਿਸ਼ਨਰਾਂ ਦੀ ਤੁਰੰਤ ਬਹਾਲੀ ਲਈ ਸਹਿਮਤ ਹੋਏ ਭਾਰਤ ਤੇ ਕੈਨੇਡਾ

ਹਾਈ ਕਮਿਸ਼ਨਰਾਂ ਦੀ ਤੁਰੰਤ ਬਹਾਲੀ ਲਈ ਸਹਿਮਤ ਹੋਏ ਭਾਰਤ ਤੇ ਕੈਨੇਡਾ

ਜੀ-7 ਸੰਮੇਲਨ ਦੌਰਾਨ ਨਰਿੰਦਰ ਮੋਦੀ ਵਲੋਂ ਮਾਰਕ ਕਾਰਨੀ ਨਾਲ ਮੁਲਾਕਾਤ
ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਹੈ ਕਿ ਭਾਰਤ ਤੇ ਕੈਨੇਡਾ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਹਾਈ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਬਹੁਤ ਮਹੱਤਵਪੂਰਨ ਰਿਸ਼ਤੇ ਵਿਚ ਸਥਿਰਤਾ ਬਹਾਲ ਕਰਨ ਲਈ ਤੇਜ਼ੀ ਨਾਲ ਚੁੱਕਿਆ ਗਿਆ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਕਾਰਨੀ ਦੀ ਇੱਥੇ ਕੈਨਾਨਾਸਕਿਸ ‘ਚ ਜੀ-7 ਸੰਮੇਲਨ ਮੌਕੇ ਬਹੁਤ ਸਕਾਰਾਤਮਕ ਤੇ ਰਚਨਾਤਮਕ ਮੀਟਿੰਗ ਹੋਈ। ਮਿਸਰੀ ਨੇ ਇਕ ਵੀਡੀਓ ਬਿਆਨ ਵਿਚ ਕਿਹਾ ਕਿ ਮੀਟਿੰਗ ‘ਚ ਭਾਰਤ-ਕੈਨੇਡਾ ਸਬੰਧਾਂ ਦੀ ਮਹੱਤਤਾ ‘ਤੇ ਚਰਚਾ ਕੀਤੀ ਗਈ, ਜੋ ਸਾਂਝੇ ਮੁੱਲਾਂ, ਲੋਕਤੰਤਰ ਤੇ ਕਾਨੂੰਨ ਦੇ ਰਾਜ, ਲੋਕਾਂ ਤੋਂ ਲੋਕਾਂ ਦੇ ਸੰਪਰਕ ਤੇ ਹੋਰ ਬਹੁਤ ਸਾਰੀਆਂ ਸਮਾਨਤਾਵਾਂ ‘ਤੇ ਅਧਾਰਿਤ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਪ੍ਰਧਾਨ ਮੰਤਰੀ ਇਸ ਬਹੁਤ ਮਹੱਤਵਪੂਰਨ ਰਿਸ਼ਤੇ ਵਿਚ ਸਥਿਰਤਾ ਬਹਾਲ ਕਰਨ ਲਈ ਤੇਜ਼ ਕਦਮ ਚੁੱਕਣ ਲਈ ਸਹਿਮਤ ਹੋਏ ਹਨ ਤੇ ਇਨ੍ਹਾਂ ਕਦਮਾਂ ਵਿਚੋਂ ਪਹਿਲਾਂ ਜਿਸ ‘ਤੇ ਸਹਿਮਤੀ ਹੋਈ ਸੀ ਉਹ ਸੀ ਇਕ-ਦੂਜੇ ਦੀਆਂ ਰਾਜਧਾਨੀਆਂ ਵਿਚ ਹਾਈ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨਾ। ਹੋਰ ਕੂਟਨੀਤਕ ਕਦਮ ਇਸ ਤੋਂ ਬਾਅਦ ਆਉਣਗੇ। ਸਮੇਂ ਨਾਲ ਦੋਵੇਂ ਪ੍ਰਧਾਨ ਮੰਤਰੀ ਵਪਾਰ, ਲੋਕਾਂ ਤੋਂ ਲੋਕਾਂ ਤੱਕ ਸੰਪਰਕ ਤੇ ਸਬੰਧਤ ਕਈ ਖੇਤਰਾਂ ਵਿਚ ਸੀਨੀਅਰ ਤੇ ਕਾਰਜਕਾਰੀ ਪੱਧਰ ਦੇ ਵਿਚਾਰ ਵਟਾਂਦਰੇ ਮੁੜ ਸ਼ੁਰੂ ਕਰਨ ‘ਤੇ ਵੀ ਸਹਿਮਤ ਹੋਏ, ਜਿਸ ਦਾ ਉਦੇਸ਼ ਸਬੰਧਾਂ ਨੂੰ ਹੋਰ ਗਤੀ ਦੇਣਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਨ ‘ਤੇ ਦਿੱਤੀ ਵਧਾਈ ਨਾਲ ਦੋਵੇਂ ਮੁਲਕਾਂ ਦੇ ਸਬੰਧਾਂ ਵਿੱਚ ਸੁਧਾਰ ਦੀ ਸੰਭਾਵਨਾ ਵਧ ਗਈ ਸੀ। ਮੋਦੀ ਦੇ ਸੋਮਵਾਰ ਰਾਤ ਕੈਲਗਰੀ ਪਹੁੰਚਣ ‘ਤੇ ਉਨ੍ਹਾਂ ਦੇ ਸਵਾਗਤ ਲਈ ਕੈਨੇਡਾ ਸਰਕਾਰ ਦਾ ਕੋਈ ਮੰਤਰੀ ਜਾਂ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਸੀ। ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਕੈਲਗਰੀ ਦੇ ਮਿਉਂਸਿਪਲ ਕੌਂਸਲਰ ਨੇ ਜੀ ਆਇਆਂ ਆਖਿਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਰਮਿਆਨ ਰਿਸ਼ਤੇ ‘ਬੇਹੱਦ ਅਹਿਮ’ ਹਨ ਅਤੇ ਦੋਵੇਂ ਮੁਲਕਾਂ ਨੂੰ ਵੱਖ ਵੱਖ ਖੇਤਰਾਂ ਵਿਚ ਟੀਚਿਆਂ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਮੋਦੀ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਜੀ-7 ਸਿਖ਼ਰ ਸੰਮੇਲਨ ਤੋਂ ਇਕ ਪਾਸੇ ਮੋਦੀ ਅਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਮੀਟਿੰਗ ਕੀਤੀ। ਮੀਟਿੰਗ ਤੋਂ ਪਹਿਲਾਂ ਮੋਦੀ ਨੇ ਕਾਰਨੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦਿੰਦਿਆਂ ਕਿਹਾ, ”ਮੈਨੂੰ ਯਕੀਨ ਹੈ ਤੁਹਾਡੀ ਲੀਡਰਸ਼ਿਪ ਵਿਚ ਅਸੀਂ ਹਾਂ-ਪੱਖੀ ਤਰੀਕੇ ਨਾਲ ਮਿਲ ਕੇ ਕੰਮ ਕਰ ਸਕਾਂਗੇ ਤੇ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਵਾਂਗੇ।” ਉਨ੍ਹਾਂ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਅਤੇ ਭਾਰਤੀ ਲੋਕਾਂ ਨੇ ਵੀ ਕੈਨੇਡਾ ਵਿੱਚ ਕਾਫ਼ੀ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ, ”ਅਸੀਂ ਦੋਵੇਂ ਜਮਹੂਰੀ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜ੍ਹੇ ਹਾਂ। ਇਕੱਠੇ ਮਿਲ ਕੇ ਅਸੀਂ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਸਕਦੇ ਹਾਂ, ਅਸੀਂ ਮਨੁੱਖਤਾ ਨੂੰ ਮਜ਼ਬੂਤ ਕਰ ਸਕਦੇ ਹਾਂ।”
ਭਾਰਤ-ਕੈਨੇਡਾ ਰਿਸ਼ਤੇ ‘ਬੇਹੱਦ ਅਹਿਮ’, ਦੋਵਾਂ ਮੁਲਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦੈ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਰਮਿਆਨ ਰਿਸ਼ਤੇ ‘ਬੇਹੱਦ ਅਹਿਮ’ ਹਨ ਤੇ ਦੋਵਾਂ ਦੇਸ਼ਾਂ ਨੂੰ ਵੱਖ ਵੱਖ ਸੈਕਟਰਾਂ ਵਿਚ ਟੀਚਿਆਂ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜੀ7 ਸਿਖਰ ਵਾਰਤਾ ਤੋਂ ਇਕਪਾਸੇ ਹੋਈ ਇਹ ਮੀਟਿੰਗ ਕਾਰਨੀ ਵੱਲੋਂ ਮਈ 2025 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਮੁਲਾਕਾਤ ਹੈ। ਮੋਦੀ ਨੇ ਬੈਠਕ ਤੋਂ ਪਹਿਲਾਂ ਕਾਰਨੀ ਨੂੰ ਚੋਣਾਂ ਵਿਚ ਮਿਲੀ ‘ਸ਼ਾਨਦਾਰ ਜਿੱਤ’ ਲਈ ਵਧਾਈ ਦਿੰਦਿਆਂ ਕਿਹਾ, ”ਮੈਨੂੰ ਯਕੀਨ ਹੈ ਤੁਹਾਡੀ ਲੀਡਰਸ਼ਿਪ ਵਿਚ ਅਸੀਂ ਸਕਾਰਾਤਮਕ ਤਰੀਕੇ ਨਾਲ ਮਿਲ ਕੇ ਕੰਮ ਕਰ ਸਕਾਂਗੇ ਤੇ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਵਾਂਗੇ।” ਉਨ੍ਹਾਂ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਅਤੇ ਭਾਰਤੀ ਲੋਕਾਂ ਨੇ ਵੀ ਕੈਨੇਡਾ ਵਿੱਚ ਕਾਫ਼ੀ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਹੈ। ਮੋਦੀ ਨੇ ਕਿਹਾ, ”ਅਸੀਂ ਦੋਵੇਂ ਜਮਹੂਰੀ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜ੍ਹੇ ਹਾਂ। ਇਕੱਠੇ ਮਿਲ ਕੇ, ਅਸੀਂ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਸਕਦੇ ਹਾਂ, ਅਸੀਂ ਮਨੁੱਖਤਾ ਨੂੰ ਮਜ਼ਬੂਤ ਕਰ ਸਕਦੇ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ, ”ਜੇਕਰ ਦੋਵੇਂ ਮੁਲਕ ਇਕੱਠੇ ਕੰਮ ਕਰਦੇ ਹਨ ਅਤੇ ਆਪਣੇ ਸਾਰੇ ਸਰੋਤਾਂ ਦੀ ਸਰਬੋਤਮ ਵਰਤੋਂ ਕਰਦੇ ਹਨ, ਤਾਂ ਅਸੀਂ ਪੂਰੀ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਸਕਦੇ ਹਾਂ।” ਮੀਟਿੰਗ ਤੋਂ ਪਹਿਲਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਾਰਨੀ ਨੇ ਕਿਹਾ ਕਿ ਜੀ7 ਵਿੱਚ ਮੋਦੀ ਦੀ ਮੇਜ਼ਬਾਨੀ ਕਰਨਾ ਬਹੁਤ ਵੱਡਾ ਸਨਮਾਨ ਸੀ। ਕਾਰਨੀ ਨੇ ਕਿਹਾ ਕਿ ਭਾਰਤ 2018 ਤੋਂ 7 ਵਿੱਚ ਹਿੱਸਾ ਲੈ ਰਿਹਾ ਹੈ ਅਤੇ ਇਹ ਤੁਹਾਡੇ ਦੇਸ਼ ਦੀ ਮਹੱਤਤਾ, ਤੁਹਾਡੀ ਲੀਡਰਸ਼ਿਪ ਅਤੇ ਉਨ੍ਹਾਂ ਮੁੱਦਿਆਂ ਦੀ ਮਹੱਤਤਾ ਦਾ ਪ੍ਰਮਾਣ ਹੈ ਜਿਨ੍ਹਾਂ ਨੂੰ ਅਸੀਂ ਇਕੱਠੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਜੀ-7 ਆਗੂਆਂ ‘ਚ ਅਹਿਮ ਮੁੱਦਿਆਂ ‘ਤੇ ਨਾ ਬਣੀ ਸਹਿਮਤੀ
ਟੋਰਾਂਟੋ : ਜੀ-7 ਮੁਲਕਾਂ ਦੇ ਛੇ ਆਗੂਆਂ ਨੇ ਯੂਕਰੇਨ ‘ਚ ਰੂਸ ਦੀ ਜੰਗ ਅਤੇ ਇਜ਼ਰਾਈਲ-ਇਰਾਨ ਸੰਘਰਸ਼ ਬਾਰੇ ਚਰਚਾ ਕੀਤੀ ਪਰ ਉਹ ਇਸ ਸਬੰਧੀ ਅਤੇ ਹੋਰ ਕਈ ਮੁੱਦਿਆਂ ‘ਤੇ ਅਹਿਮ ਸਮਝੌਤੇ ਉਪਰ ਪਹੁੰਚਣ ‘ਚ ਨਾਕਾਮ ਰਹੇ। ਇਨ੍ਹਾਂ ਆਗੂਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੰਮੇਲਨ ਵਿਚਾਲੇ ਛੱਡ ਕੇ ਜਾਣ ਦੇ ਬਾਵਜੂਦ ਅਮੀਰ ਮੁਲਕਾਂ ਦੇ ਆਗੂ ਆਲਮੀ ਨੀਤੀ ਘੜ ਸਕਦੇ ਹਨ ਪਰ ਹਕੀਕਤ ‘ਚ ਅਜਿਹਾ ਕੁਝ ਨਹੀਂ ਹੋਇਆ। ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਪਾਨ ਦੇ ਆਗੂ ਸਿਖਰ ਸੰਮੇਲਨ ਦੇ ਅੰਤਿਮ ਸੈਸ਼ਨ ‘ਚ ਸ਼ਾਮਲ ਹੋਏ ਜਿਸ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਅਤੇ ਨਾਟੋ ਮੁਖੀ ਮਾਰਕ ਰੁਟ ਨੇ ਵੀ ਸ਼ਿਰਕਤ ਕੀਤੀ। ਜ਼ੈਲੇਂਸਕੀ ਨੇ ਕਿਹਾ, ”ਸਾਨੂੰ ਸਹਿਯੋਗੀ ਮੁਲਕਾਂ ਦੀ ਹਮਾਇਤ ਚਾਹੀਦੀ ਹੈ ਅਤੇ ਇਸ ਲਈ ਮੈਂ ਇਥੇ ਆਇਆ ਹਾਂ। ਅਸੀਂ ਸ਼ਾਂਤੀ ਸਮਝੌਤੇ ਅਤੇ ਬਿਨਾਂ ਸ਼ਰਤ ਜੰਗਬੰਦੀ ਲਈ ਤਿਆਰ ਹਾਂ। ਮੈਨੂੰ ਜਾਪਦਾ ਹੈ ਕਿ ਇਹ ਬਹੁਤ ਅਹਿਮ ਹੈ ਪਰ ਇਸ ਲਈ ਸਾਨੂੰ ਦਬਾਅ ਬਣਾਉਣ ਦੀ ਲੋੜ ਹੈ।” ਸੰਮੇਲਨ ‘ਚ ਸ਼ਾਮਲ ਹੋਏ ਬਾਕੀ ਆਗੂਆਂ ਨੇ ਅਜਿਹੀਆਂ ਗ਼ੈਰ-ਬਾਜ਼ਾਰੀ ਨੀਤੀਆਂ ਨਾਲ ਸਿੱਝਣ ਲਈ ਸਾਂਝੇ ਹੰਭਲੇ ਮਾਰਨ ‘ਤੇ ਸਹਿਮਤੀ ਪ੍ਰਗਟਾਈ ਜੋ ਮਹੱਤਵਪੂਰਨ ਖਣਿਜਾਂ ਅਤੇ ਆਲਮੀ ਪਹੁੰਚ ਨੂੰ ਖ਼ਤਰੇ ‘ਚ ਪਾ ਸਕਦੀਆਂ ਹਨ। ਉਨ੍ਹਾਂ ਨੌਕਰੀਆਂ ਅਤੇ ਵਾਤਾਵਰਨ ‘ਤੇ ਮਸਨੂਈ ਬੌਧਿਕਤਾ (ਏਆਈ) ਦੇ ਨਾਂਹ-ਪੱਖੀ ਪ੍ਰਭਾਵਾਂ ਨੂੰ ਸੀਮਤ ਕਰਨ ਦਾ ਵੀ ਅਹਿਦ ਲਿਆ ਪਰ ਨਾਲ ਹੀ ਤਕਨਾਲੋਜੀ ਦੇ ਖੇਤਰ ‘ਚ ਆ ਰਹੇ ਬਦਲਾਵਾਂ ਨੂੰ ਅਪਣਾਉਣ ‘ਤੇ ਵੀ ਜ਼ੋਰ ਦਿੱਤਾ। ਉਂਝ ਸਿਖਰ ਸੰਮੇਲਨ ਦਾ ਉਦੇਸ਼ ਅਹਿਮ ਆਲਮੀ ਮੁੱਦਿਆਂ ‘ਤੇ ਏਕਾ ਦਿਖਾਉਣਾ ਸੀ ਪਰ ਯੂਕਰੇਨ ‘ਚ ਜੰਗ ਬਾਰੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਗਿਆ। ਸਿਖਰ ਸੰਮੇਲਨ ਦੌਰਾਨ ਜ਼ੈਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮਿਲਣਾ ਸੀ ਪਰ ਟਰੰਪ ਦੇ ਵਾਸ਼ਿੰਗਟਨ ਪਰਤਣ ਕਾਰਨ ਇਹ ਪ੍ਰੋਗਰਾਮ ਰੱਦ ਹੋ ਗਿਆ।
ਪੀਲ ਪੁਲਿਸ ਨੇ ਧੋਖਾਧੜੀ ਦੇ ਆਰੋਪ ‘ਚ 18 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਵੈਨਕੂਵਰ : ਪੀਲ ਪੁਲਿਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਮੀ ਜਾਂਚ ਪੜਤਾਲ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਦੋ ਗਰੋਹਾਂ ਦੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ 16 ਭਾਰਤੀ ਮੂਲ ਦੇ ਅਤੇ ਇੱਕ ਔਰਤ ਸ਼ਾਮਲ ਹੈ। ਇਨ੍ਹਾਂ ਤੋਂ ਕਰੀਬ 27 ਕਰੋੜ ਰੁਪਏ ਦਾ ਸਮਾਨ ਬਰਾਮਦ ਕੀਤਾ ਗਿਆ, ਜੋ ਇਨ੍ਹਾਂ ਨੇ ਵੱਖ-ਵੱਖ ਅਪਰਾਧ ਕਰ ਕੇ ਇਕੱਠਾ ਕੀਤਾ ਸੀ। ਪੀਲ ਅਤੇ ਛੇ ਹੋਰਨਾਂ ਖੇਤਰਾਂ ਵਿੱਚ ਦਰਜ 97 ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਕਰਕੇ ਦੋਸ਼ ਪੱਤਰ ਤਿਆਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਡੇਢ ਦਰਜਨ ਮੁਲਜ਼ਮਾਂ ਵਿਚੋਂ ਅੱਧੇ ਕੁ ਪਹਿਲਾਂ ਹੀ ਹੋਰਨਾਂ ਅਪਰਾਧਿਕ ਮਾਮਲਿਆਂ ਵਿਚ ਜ਼ਮਾਨਤ ‘ਤੇ ਸਨ। ਜਾਂਚ ਪੂਰੀ ਹੋਣ ਤੱਕ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਚੀਫ ਨਿਸ਼ਾਨ ਦੁਰੈਫਾ ਨੇ ਭਰੋਸਾ ਪ੍ਰਗਟਾਇਆ ਹੈ ਕਿ ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਾਹਨ ਚੋਰੀ ਤੇ ਨਜਾਇਜ਼ ਬੀਮਾ ਕਲੇਮ ਘਟਣਗੇ। ਫੜੇ ਗਏ ਮੁਲਜ਼ਮਾਂ ‘ਚੋਂ ਕੁਝ ਸਮਾਜਿਕ ਸੇਵਾਦਾਰ ਵਜੋਂ ਵਿਚਰਦੇ ਸਨ। ਉਹ ਅਕਸਰ ਲੰਗਰ ਲਾਉਂਦੇ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਵੀਡੀਓ ਪਾਉਂਦੇ ਸਨ। ਪੁਲਿਸ ਅਧਿਕਾਰੀ ਅਨੁਸਾਰ ਇਨ੍ਹਾਂ ਤੋਂ 18 ਟੋਅ ਟਰੱਕ, 4 ਮਹਿੰਗੀਆਂ ਲਗਜ਼ਰੀ ਕਾਰਾਂ, 5 ਹੋਰ ਵਾਹਨ, 6 ਨਜਾਇਜ਼ ਬੰਦੂਕਾਂ, 2 ਬੁਲੇਟ ਪਰੂਫ ਜੈਕਟਾਂ ਸਮੇਤ ਕਈ ਛੋਟੇ ਮਾਰੂ ਹਥਿਆਰ ਅਤੇ 586 ਗੋਲੀਆਂ ਸਮੇਤ 45 ਹਜ਼ਾਰ ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ।

 

 

Check Also

ਜੀ-7 ਸੰਮੇਲਨ ‘ਚ ਕੈਨੇਡਾ ਦੀ ਅਗਵਾਈ ਬਾਰੇ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਸਪੱਸ਼ਟਤਾ

ਬਰੈਂਪਟਨ/ਬਿਊਰੋ ਨਿਊਜ਼ : ਅਲਬਰਟਾ ਸੂਬੇ ਦੇ ਸ਼ਹਿਰ ਕਨਸਕਿਸ ਵਿਖੇ ਹੋਏ ਜੀ-7 2025 ਸੰਮੇਲਨ ਦੌਰਾਨ ਹੋਈਆਂ …