17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਅਮਰੀਕਾ 'ਚ ਸਿੱਖ ਸਭ ਤੋਂ ਵੱਧ ਹੁੰਦੇ ਹਨ ਨਸਲੀ ਵਿਤਕਰੇ ਦਾ ਸ਼ਿਕਾਰ

ਅਮਰੀਕਾ ‘ਚ ਸਿੱਖ ਸਭ ਤੋਂ ਵੱਧ ਹੁੰਦੇ ਹਨ ਨਸਲੀ ਵਿਤਕਰੇ ਦਾ ਸ਼ਿਕਾਰ

ਵਾਸ਼ਿੰਗਟਨ : ਸਿੱਖਾਂ ਖਿਲਾਫ ਨਫ਼ਰਤੀ ਅਪਰਾਧ ਦੇ ਕਰੀਬ 60 ਮਾਮਲੇ ਅਮਰੀਕੀ ਏਜੰਸੀ ਐੱਫਬੀਆਈ ਨੂੰ 2018 ਵਿਚ ਮਿਲੇ ਹਨ। ਇਸ ਤੋਂ ਵੱਧ ਅਜਿਹੀਆਂ ਘਟਨਾਵਾਂ ਸਿਰਫ਼ ਯਹੂਦੀਆਂ ਤੇ ਮੁਸਲਿਮ ਭਾਈਚਾਰੇ ਨਾਲ ਹੀ ਵਾਪਰੀਆਂ ਹਨ। ਇਸ ਤਰ੍ਹਾਂ ਸਿੱਖ ਧਰਮ ਅਮਰੀਕਾ ਵਿਚ ਨਫ਼ਰਤ ਝੱਲਣ ਦੇ ਮਾਮਲੇ ਵਿਚ ਤੀਜੇ ਨੰਬਰ ‘ਤੇ ਹੈ। ਵੱਖ-ਵੱਖ ਏਜੰਸੀਆਂ ਕੋਲ ਪਿਛਲੇ ਸਾਲ 7,120 ਮਾਮਲੇ ਆਏ ਹਨ। ਜਦਕਿ 2017 ਵਿਚ ਇਨ੍ਹਾਂ ਦੀ ਗਿਣਤੀ 7,175 ਸੀ। ਐੱਫਬੀਆਈ ਨੇ ਕਈ ਏਜੰਸੀਆਂ ਵੱਲੋਂ ਦਿੱਤਾ ਡੇਟਾ ਰਿਲੀਜ਼ ਕੀਤਾ ਹੈ। ਇਸ ‘ਚ ਅਪਰਾਧਾਂ, ਪੀੜਤਾਂ, ਮੁਲਜ਼ਮਾਂ ਤੇ ਥਾਵਾਂ ਦਾ ਵੇਰਵਾ ਹੈ। ਇਹ ਅਪਰਾਧ ਨਸਲ, ਧਰਮ, ਲਿੰਗ ਤੇ ਹੋਰ ਪੱਖਾਂ ਤੋਂ ਕੀਤੇ ਗਏ ਹਨ। ਯਹੂਦੀਆਂ ਨੂੰ ਸਭ ਤੋਂ ਵੱਧ ਸ਼ਿਕਾਰ ਬਣਾਇਆ ਗਿਆ ਹੈ ਤੇ 835 ਮਾਮਲੇ ਹਨ, ਦੂਜੇ ਨੰਬਰ ‘ਤੇ ਮੁਸਲਿਮ (188) ਤੇ ਤੀਜੇ ਉਤੇ ਸਿੱਖ (60) ਹਨ। 91 ਅਪਰਾਧ ਹੋਰਾਂ ਧਰਮਾਂ ਖਿਲਾਫ ਹਨ। ਹਿੰਦੂਆਂ ਨੂੰ 12 ਵਾਰ ਤੇ ਦਸ ਵਾਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਨੂੰ ਨਫ਼ਰਤ ਝੱਲਣੀ ਪਈ ਹੈ। ਸਿੱਖਾਂ ਖਿਲਾਫ ਵਾਪਰੀਆਂ ਘਟਨਾਵਾਂ ‘ਚ 49 ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ 69 ਪੀੜਤ ਹਨ। ਨਸਲੀ ਨਫ਼ਰਤ ਦੇ 4,047 ਅਪਰਾਧ ਐੱਫਬੀਆਈ ਕੋਲ ਰਿਪੋਰਟ ਕੀਤੇ ਗਏ ਹਨ। ਸਭ ਤੋਂ ਵੱਧ 1,943 ਨਫ਼ਰਤੀ ਘਟਨਾਵਾਂ ਅਫ਼ਰੀਕੀ-ਅਮਰੀਕੀਆਂ ਨਾਲ ਵਾਪਰੀਆਂ ਹਨ ਤੇ ਰੰਗ ਦੇ ਆਧਾਰ ਉੱਤੇ ਹਨ।
ਅਪਰਾਧਾਂ ਦੀ ਗਿਣਤੀ ਵਧੀ, ਅੰਕੜੇ ਸਟੀਕ ਨਹੀਂ: ਸਿੱਖ ਕੁਲੀਸ਼ਨ
ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਵਾਪਰਦੇ ਨਫ਼ਰਤੀ ਅਪਰਾਧ ਬੜੇ ਤਰੀਕੇ ਨਾਲ ‘ਘਟਾ ਕੇ ਪੇਸ਼ ਕੀਤੇ ਜਾਂਦੇ ਹਨ’ ਤੇ ਇਹ ਬਹੁਤ ਮੰਦਭਾਗਾ ਹੈ। 2017 ਤੋਂ ਬਾਅਦ ਸਿੱਖਾਂ ਖਿਲਾਫ ਨਫ਼ਰਤੀ ਅਪਰਾਧ 200 ਫ਼ੀਸਦ ਵਧੇ ਹਨ ਤੇ ਸਿੱਖ ਧਰਮ ਨੂੰ ਵੱਡੀ ਗਿਣਤੀ ‘ਚ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਕੁਲੀਸ਼ਨ ਦੇ ਸੀਨੀਅਰ ਮੈਨੇਜਰ (ਪਾਲਿਸੀ ਤੇ ਐਡਵੋਕੇਸੀ) ਸਿਮ ਜੇ ਸਿੰਘ ਨੇ ਕਿਹਾ ਕਿ ਅੰਕੜੇ ਸਟੀਕ ਜਾਣਕਾਰੀ ਨਹੀਂ ਦਿੰਦੇ। ਫਿਰਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਇਸ ਅਪਰਾਧ ਬਾਰੇ ਸ਼ਨਾਖ਼ਤ ਤੇ ਕਾਰਵਾਈ ਪ੍ਰਭਾਵੀ ਬਣਾਉਣ ਦੀ ਲੋੜ ਹੈ।

RELATED ARTICLES
POPULAR POSTS