ਚੰਡੀਗੜ੍ਹ : ਕੇਂਦਰ ਸਰਕਾਰ ਨੇ 1993 ਦੇ ਦਿੱਲੀ ਬੰਬ ਧਮਾਕਾ ਮਾਮਲੇ ‘ਚ ਸਜ਼ਾ ਕੱਟ ਰਹੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਭੁੱਲਰ ਨੂੰ ਇਸ ਮਾਮਲੇ ‘ਚ ਫਾਂਸੀ ਦੀ ਸਜ਼ਾ ਹੋਈ ਸੀ, ਪਰ ਉਸ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ 2014 ‘ਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲ ਦਿੱਤਾ ਸੀ। ਕਈ ਸਿੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਭੁੱਲਰ ਦੀ ਰਿਹਾਈ ਦੀ ਮੰਗ ਕਰ ਰਹੀਆਂ ਸਨ। ਉਨ੍ਹਾਂ ਦੀ ਦਲੀਲ ਸੀ ਕਿ ਭੁੱਲਰ ਆਪਣੇ ਹਿੱਸੇ ਦੀ ਸਜ਼ਾ ਪੂਰੀ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ‘ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਵੀ ਉਮਰ ਕੈਦ ‘ਚ ਬਦਲ ਦਿੱਤਾ ਸੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਅੱਠ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ‘ਚ ਤਿੰਨ ਕੈਦੀ ਪਟਿਆਲਾ ਜੇਲ੍ਹ ‘ਚ ਬੰਦ ਹਨ।
ਪਟਿਆਲਾ ਜੇਲ੍ਹ ‘ਚ ਬੰਦ ਲਾਲ ਸਿੰਘ ਨੂੰ ਵੀ ਰਿਹਾਅ ਕਰਨ ਦੇ ਆਦੇਸ਼ ਜਾਰੀ ਹੋਏ ਹਨ, ਪਰ ਉਸ ਖ਼ਿਲਾਫ਼ ਦੋ ਹੋਰ ਕੇਸ ਦਰਜ ਹਨ, ਜਿਨ੍ਹਾਂ ਦੀ ਸੁਣਵਾਈ ਚੱਲ ਰਹੀ ਹੈ। ਇਸ ਲਈ ਲਾਲ ਸਿੰਘ ਨੂੰ ਰਿਹਾਅ ਕਰਨਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਦੋ ਹੋਰ ਕੈਦੀਆਂ ਨੰਦ ਸਿੰਘ ਤੇ ਸੁਬੇਗ ਸਿੰਘ ਨੂੰ ਰਿਹਾਅ ਕਰਨ ਲਈ ਜੇਲ੍ਹ ਅਧਿਕਾਰੀ ਜ਼ਮਾਨਤੀ ਬਾਂਡ ਦਾ ਇੰਤਜ਼ਾਰ ਕਰ ਰਹੇ ਹਨ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਰਕ ਨੇ ਕਿਹਾ ਕਿ ਰਾਜੋਆਣਾ ਵੀ ਪਟਿਆਲਾ ਜੇਲ੍ਹ ‘ਚ ਹੀ ਬੰਦ ਹੈ, ਪਰ ਉਸਦੀ ਸਜ਼ਾ ਮਾਫ਼ੀ ਨੂੰ ਲੈ ਕੇ ਕੋਈ ਵੀ ਦਸਤਾਵੇਜ਼ ਜੇਲ੍ਹ ਮੈਨੇਜਮੈਂਟ ਕੋਲ ਨਹੀਂ ਪੁੱਜਾ। ਦੋ ਹੋਰ ਕੈਦੀਆਂ ਦੇ ਜ਼ਮਾਨਤੀ ਬਾਂਡ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਰਾਜੋਆਣਾ ਪਿਛਲੇ ਕਰੀਬ 16 ਸਾਲ ਤੋਂ ਜੇਲ੍ਹ ‘ਚ ਬੰਦ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …