Breaking News
Home / ਹਫ਼ਤਾਵਾਰੀ ਫੇਰੀ / ਰਾਣਾ ਗੁਰਜੀਤ ਦੇ ਪਰੌਂਠੇ ਪਕਾਉਣ ਵਾਲਾ 26 ਕਰੋੜ ਦੀ ਬੋਲੀ ਦੇ ਕੇ ਬਣਿਆ ਰੇਤੇ ਦਾ ਵਪਾਰੀ

ਰਾਣਾ ਗੁਰਜੀਤ ਦੇ ਪਰੌਂਠੇ ਪਕਾਉਣ ਵਾਲਾ 26 ਕਰੋੜ ਦੀ ਬੋਲੀ ਦੇ ਕੇ ਬਣਿਆ ਰੇਤੇ ਦਾ ਵਪਾਰੀ

ਰੇਤ ‘ਚ ਕਾਲਾ… :ਰੇਤੇ-ਬਜਰੀ ਦੀਆਂ ਖੱਡਾਂ ਦੀ ਬੋਲੀ ‘ਚ ਰਾਣਾ ਸ਼ੂਗਰ ਮਿੱਲ ਦੇ ਨੇਪਾਲੀ ਰਸੋਈਏ ਤੋਂ ਲੈ ਕੇ ਤਿੰਨ ਹੋਰ ਮੁਲਾਜ਼ਮਾਂ ਨੇ ਕਰੋੜਾਂ ਦੀ ਬੋਲੀ ਦੇ ਕੇ ਨੀਲਾਮੀ ਕੀਤੀ ਆਪਣੇ ਨਾਂ
ਚੰਡੀਗੜ੍ਹ : ਹੁਣ ਤੱਕ ਰਾਣਾ ਸ਼ੂਗਰਜ਼ ਲਿਮਟਿਡ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਨੂੰ ‘ਬਹੁਮੁੱਲੇ ਪਰੌਂਠੇ’ ਖਵਾਉਣ ਵਾਲਾ ਅਮਿਤ ਬਹਾਦੁਰ ਰਾਜ ਦੀ ਸਭ ਤੋਂ ਮਹਿੰਗੀ ਰੇਤੇ ਤੇ ਬਜਰੀ ਦੀ ਖੱਡ ਦਾ ਮਾਲਕ ਹੈ। ਖੱਡਾਂ ਦੀ ਹੋਈ ਈ ਨਿਲਾਮੀ ਵਿੱਚ ਉਸ ਨੇ ਨਵਾਂਸ਼ਹਿਰ ਦੇ ਸੈਦਪੁਰ ਖੁਰਦ ਦੀ ਖੱਡ 26.51 ਕਰੋੜ ਰੁਪਏ ਵਿੱਚ ਲਈ, ਜਿਸ ਦੌਰਾਨ ਉਸ ਨੇ 32 ਵੱਡੇ ਬੰਦਿਆਂ ਨੂੰ ਪਛਾੜਿਆ। ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਮਾਲਕੀ ਵਾਲੀ ਰਾਣਾ ਸ਼ੂਗਰ ਮਿੱਲਜ਼ ਦੇ ਘੱਟੋ-ਘੱਟ ਤਿੰਨ ਹੋਰ ਮੁਲਾਜ਼ਮਾਂ ਨੇ 19 ਤੇ 20 ਮਈ ਨੂੰ ਰੇਤੇ ਤੇ ਬਜਰੀ ਦੀਆਂ 89 ਖੱਡਾਂ ਦੀ ਹੋਈ ਈ ਨਿਲਾਮੀ ਵਿੱਚ ਸਫ਼ਲਤਾ ਹਾਸਲ ਕੀਤੀ। ਨੇਪਾਲੀ ਮੂਲ ਦਾ ਅਮਿਤ ਬਹਾਦੁਰ ਰਾਣਾ ਸ਼ੂਗਰਜ਼ ਵਿੱਚ ਨਿੱਜੀ ਖਾਨਸਾਮੇ ਵਜੋਂ ਕੰਮ ਕਰਦਾ ਹੈ। ਉਸ ਦੀ ਵਫ਼ਾਦਾਰੀ ਕਾਰਨ ਉਸ ਨੂੰ ਨਿੱਜੀ ਸਹਾਇਕ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਕੰਪਨੀ ਦੇ ਮਨੁੱਖੀ ਸਰੋਤ ਵਿਭਾਗ ਵਿੱਚ ਤਬਦੀਲ ਕੀਤਾ ਗਿਆ। ਇਸ ਤਰ੍ਹਾਂ ਦੇ ਇਕ ਸਾਧਾਰਨ ਵਿਅਕਤੀ ਵੱਲੋਂ 26 ਕਰੋੜ ਰੁਪਏ ਦੀ ਖੱਡ ਲਈ ਸਫ਼ਲ ਬੋਲੀ ਦੇਣ ਬਾਰੇ ਸੱਤਾ ਦੇ ਗਲਿਆਰਿਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਸੰਪਰਕ ਕਰਨ ‘ਤੇ ਅਮਿਤ ਬਹਾਦੁਰ ਨੇ ਪੁਸ਼ਟੀ ਕੀਤੀ ਕਿ ਉਹ ਰਾਣਾ ਸ਼ੂਗਰਜ਼ ਲਿਮਟਿਡ ਦਾ ਮੁਲਾਜ਼ਮ ਹੈ ਅਤੇ ਉਹ ਖੱਡ ਦੀ ਬੋਲੀ ਵਿੱਚ ਸਫ਼ਲ ਰਿਹਾ। ਉਸ ਨੇ ਕਿਹਾ ਕਿ ਉਹ ਮੁਰਾਦਾਬਾਦ ਨਾਲ ਸਬੰਧਤ ਹੈ। ਉਸ ઠਦੇ ਪਿਤਾ ਨੇਪਾਲ ਤੋਂ ਆ ਕੇ ਲੰਮਾ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਵਸ ਗਏ ਸਨ।
ਇਸ ਤਰ੍ਹਾਂ ਰਾਣਾ ਸ਼ੂਗਰਜ਼ ਦੇ ਇਕ ਹੋਰ ਮੁਲਾਜ਼ਮ ਕੁਲਵਿੰਦਰ ਪਾਲ ਸਿੰਘ ਨੇ ਨਵਾਂਸ਼ਹਿਰ ਦੀ ਮਹਿਦੀਪੁਰ ਖੱਡ 9.21 ਕਰੋੜ ਰੁਪਏ ਵਿੱਚ ਹਾਸਲ ਕੀਤੀ। ਕੁਲਵਿੰਦਰ ਰਾਣਾ ਸ਼ੂਗਰਜ਼ ਦਾ ਵੱਖ-ਵੱਖ ਸਰਕਾਰੀ ਵਿਭਾਗਾਂ ਸਬੰਧੀ ਕੰਮਕਾਜ ਦੇਖਦਾ ਹੈ। ਸੰਪਰਕ ਕਰਨ ਉਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਮੌਜੂਦਾ ਅਹੁਦਾ ਡਿਪਟੀ ਜਨਰਲ ਮੈਨੇਜਰ ਦਾ ਹੈ। ਉਸ ਨੇ ਕਿਹਾ ਕਿ ਉਸ ਨੇ ਸਮਾਂ ਹੱਦ ਖ਼ਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਬਾਕੀ ਬਚਦੀ ਰਕਮ ਜਮ੍ਹਾਂ ਕਰਵਾ ਦਿੱਤੀ ਸੀ। ਇਸ ਮੰਤਰੀ ਦੇ ਦੋ ਹੋਰ ਮੁਲਾਜ਼ਮ ਸਫ਼ਲ 89 ਬੋਲੀਕਾਰਾਂ ਵਿੱਚ ਸ਼ਾਮਲ ਹਨ। ਗੁਰਿੰਦਰ ਸਿੰਘ ਨੂੰ 4.11 ਕਰੋੜ ਰੁਪਏ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਪਿੰਡ ਰਾਮਪੁਰ ਕਲਾਂ ਦੀ ਖੱਡ ਮਿਲੀ। ਉਹ ਰਾਣਾ ਸ਼ੂਗਰਜ਼ ਦਾ ਗੰਨੇ ਸਬੰਧੀ ਕੰਮਕਾਜ ਦੇਖਦਾ ਹੈ। ਰਾਣਾ ਸ਼ੂਗਰਜ਼ ਦੇ ਇਕ ਹੋਰ ਮੁਲਾਜ਼ਮ ਬਲਰਾਜ ਸਿੰਘ ਨੂੰ 10.58 ਕਰੋੜ ਰੁਪਏ ਵਿੱਚ ਪਿੰਡ ਬੈਰਸਾਲ ਦੀ ਖੱਡ ਮਿਲੀ।
ਰੇਤੇ ਦੇ ਭੱਜੇ ਬੋਲੀਕਾਰ ਬਲੈਕਲਿਸਟ :  ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਖੱਡਾਂ ਦੀ ਬੋਲੀ ਲਾ ਕੇ ਅੱਧਵੱਟੇ ਭੱਜੇ ਬੋਲੀਕਾਰਾਂ ਨੂੰ ਬਲੈਕਲਿਸਟ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਿਹੜੀਆਂ ਖੱਡਾਂ ਦੀ ਨਿਲਾਮੀ ਹੋਣ ਤੋਂ ਬਾਅਦ ਬੋਲੀਕਾਰਾਂ ਨੇ ਨਿਰਧਾਰਤ ਰਾਸ਼ੀ ਜਮ੍ਹਾਂ ਨਹੀਂ ਕਰਵਾਈ, ਉਨ੍ਹਾਂ ਖੱਡਾਂ ਦੀ ਦੁਬਾਰਾ ਬੋਲੀ ਕਰਵਾਉਣ ਦੀ ਪ੍ਰਕਿਰਿਆ ਮੁੜ ਚਲਾਈ ਜਾ ਰਹੀ ਹੈ। ਇਹ ਬੋਲੀ 15 ਦਿਨਾਂ ਬਾਅਦ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਨਿਰਧਾਰਤ ਸਮੇਂ ਵਿੱਚ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਫੇਲ੍ਹ ਬੋਲੀਕਾਰਾਂ ਨੂੰ ਬਲੈਕਲਿਸਟ ਕਰਕੇ ਇਨ੍ਹਾਂ ਨਾਲ ਸਬੰਧਤ ਖੱਡਾਂ ਦੀ ਮੁੜ ਬੋਲੀ ਕਰਵਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਨਵੀਂ ਨੀਤੀ ਤਹਿਤ 89 ਖੱਡਾਂ ਦੀ ਬੋਲੀ ਕਰਵਾਈ ਸੀ, ਜਿਸ ਵਿੱਚ ਰਿਕਾਰਡ 1026 ਕਰੋੜ ਰੁਪਏ ਦੀ ਬੋਲੀ ਲੱਗੀ ਸੀ ਪਰ 50 ਫੀਸਦ ਤੋਂ ਵੱਧ ਬੋਲੀਕਾਰਾਂ ਵੱਲੋਂ ਹੱਥ ਖੜ੍ਹੇ ਕਰਨ ਕਾਰਨ ਸਰਕਾਰ ਲਈ ਸੰਕਟ ਖੜ੍ਹਾ ਹੋ ਗਿਆ ਹੈ। ਸਰਕਾਰ ਨੇ ਇਸ ਨਵੀਂ ਸਥਿਤੀ ਉਪਰ ਵਿਚਾਰ ਕਰਨ ਮਗਰੋਂ ਇਹ ਹੰਗਾਮੀ ਫੈਸਲੇ ਲਏ ਹਨ।
ਮੇਰੇ ਕਿਸੇ ਰਿਸ਼ਤੇਦਾਰ ਨੇ ਨਹੀਂ ਦਿੱਤੀ ਬੋਲੀ : ਰਾਣਾ
ਰਾਣਾ ਗੁਰਜੀਤ ਨੇ ਇਸ ਸਾਰੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਕਰਮਚਾਰੀਆਂ ਨੂੰ ਪਛਾਣਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨੇ ਖੱਡਾਂ ਦੀ ਬੋਲੀ ਨਹੀਂ ਦਿੱਤੀ।  ਉਧਰ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਮਾਨਚੈਸਟਰ ਅੱਤਵਾਦੀ ਹਮਲੇ ‘ਚ 22 ਮੌਤਾਂ; 119 ਜ਼ਖਮੀ, ਮਰਨ ਵਾਲਿਆਂ ‘ਚ ਜ਼ਿਆਦਾਤਰ ਬੱਚੇ ਤੇ ਨੌਜਵਾਨ

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …