ਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਨੂੰ ਹੋਰ ਅਸਥਿਰ, ਅਸੁਰੱਖਿਅਤ ਤੇ ਅਨਿਸ਼ਚਿਤ ਬਣਾਉਣ ਉੱਤੇ ਤੁਲੇ ਹੋਏ ਹਨ। ਜ਼ਿਕਰਯੋਗ ਹੈ ਕਿ ਦਾਵੋਸ ਵਿੱਚ ਵਰਲਡ ਇਕਨੌਮਿਕ ਫੋਰਮ ਵਿੱਚ ਭਾਸ਼ਣ ਦਿੰਦਿਆਂ ਟਰੰਪ ਵੱਲੋਂ ਇਹ ਆਖਿਆ ਗਿਆ ਹੈ ਕਿ ਉਹ ਗ੍ਰੀਨਲੈਂਡ ਉਤੇ ਕਬਜ਼ਾ ਕਰਕੇ ਹੀ ਸਾਹ ਲੈਣਗੇ ਤੇ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਹੈ ਕਿ ਅਮਰੀਕਾ ਕਰਕੇ ਹੀ ਕੈਨੇਡਾ ਦਾ ਵਜੂਦ ਹੈ। ਫੋਰਡ ਨੇ ਆਖਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਰਾਸ਼ਟਰਪਤੀ ਟਰੰਪ ਗ੍ਰੀਨਲੈਂਡ, ਕੈਨੇਡਾ ਤੇ ਨਾਟੋ ਭਾਈਵਾਲਾਂ ਨੂੰ ਧਮਕਾ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿੱਚ ਟੀਮ ਕੈਨੇਡਾ ਲਈ ਇੱਕਜੁੱਟ ਰਹਿਣਾ ਬੇਹੱਦ ਜ਼ਰੂਰੀ ਹੈ। ਆਪਣੇ ਭਾਸ਼ਣ ਵਿੱਚ ਟਰੰਪ ਨੇ ਇਹ ਵੀ ਆਖਿਆ ਕਿ ਕੈਨੇਡਾ ਨੂੰ ਅਮਰੀਕਾ ਤੋਂ ਕਈ ਚੀਜ਼ਾਂ ਮੁਫਤ ਵਿੱਚ ਮਿਲਦੀਆਂ ਹਨ ਤੇ ਇਸ ਲਈ ਕੈਨੇਡਾ ਨੂੰ ਅਮਰੀਕਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਫੋਰਡ ਨੇ ਟਰੰਪ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਗਈ ਉਸ ਪੋਸਟ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਅਮਰੀਕਾ ਦਾ ਝੰਡਾ ਉੱਤਰੀ ਤੇ ਦੱਖਣੀ ਅਮਰੀਕਾ ਦੇ ਨਾਲ-ਨਾਲ ਕੈਨੇਡਾ, ਗ੍ਰੀਨਲੈਂਡ ਤੇ ਵੈਨੇਜ਼ੁਏਲਾ ਨੂੰ ਕਵਰ ਕਰਦਾ ਵਿਖਾਇਆ ਗਿਆ ਹੈ। ਫੋਰਡ ਨੇ ਆਖਿਆ ਕਿ ਇਹ ਕਾਫੀ ਨਿਰਾਸ਼ਾਜਨਕ ਗੱਲ ਹੈ। ਕੈਨੇਡਾ ਤੇ ਗ੍ਰੀਨਲੈਂਡ ਉੱਤੇ ਅਮਰੀਕਾ ਦਾ ਝੰਡਾ ਲਹਿਰਾਉਣ ਦੇ ਕਿਆਸ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।

