Breaking News
Home / ਹਫ਼ਤਾਵਾਰੀ ਫੇਰੀ / ‘ਮਾਰ੍ਹੋ ਜਰਨੈਲ ਤੋ ਪੰਜਾਬ ਹੀ’

‘ਮਾਰ੍ਹੋ ਜਰਨੈਲ ਤੋ ਪੰਜਾਬ ਹੀ’

ਹਰਿਆਣਾ ਦੇ ਪਿੰਡ ਕੰਡੇਲਾ ‘ਚ ਰਾਕੇਸ਼ ਟਿਕੈਤ ਨੇ ਮੰਚ ਤੋਂ ਕੀਤਾ ਐਲਾਨ
ਜੀਂਦ/ਬਿਊਰੋ ਨਿਊਜ਼ : ਹਰਿਆਣਾ ਦੇ ਪਿੰਡ ਕੰਡੇਲਾ ‘ਚ ਮਹਾਂਪੰਚਾਇਤ ਦੇ ਮੰਚ ਤੋਂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਇਸ ਕਿਸਾਨ ਅੰਦੋਲਨ ਦਾ ਮੋਢੀ ਪੰਜਾਬ ਹੈ ਤੇ ਇਹੀ ਸਾਡੀ ਅਗਵਾਈ ਕਰਨਗੇ ਤੇ ਅੰਦੋਲਨ ਦਾ ਮੁੱਖ ਧੁਰਾ ਸਿੰਘੂ-ਕੁੰਡਲੀ ਦੀ ਸਟੇਜ ਹੀ ਰਹੇਗੀ। ਪੰਜਾਬ ਦੀ ਭੂਮਿਕਾ ਵੱਡੇ ਭਰਾ ਵਾਲੀ ਹੀ ਸੀ ਤੇ ਰਹੇਗੀ। ਟਿਕੈਤ ਨੇ ਕਿਹਾ ਕਿ ਹਰਿਆਣਾ ਅਤੇ ਯੂਪੀ ਛੋਟੇ ਭਰਾ ਹਨ ਤੇ ਅਸੀਂ ਉਸੇ ਤਰ੍ਹਾਂ ਅੰਦੋਲਨ ‘ਚ ਡਟੇ ਰਹਾਂਗੇ।
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ, ਦਿੱਲੀ ਦੀਆਂ ਸਰਹੱਦਾਂ ਅਤੇ ਹੋਰ ਕਈ ਸੂਬਿਆਂ ਵਿਚ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਸਾਲ 1993 ਤੋਂ 2005 ਤੱਕ ਪ੍ਰਦੇਸ਼ ਵਿੱਚ ਕਿਸਾਨ ਅੰਦੋਲਨਾਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਪਿੰਡ ਕੰਡੇਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਿੱਲੀ ਦੇ ਗਾਜ਼ੀਪੁਰ ਬਾਰਡਰ ਉੱਤੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਹਰਿਆਣਾ ਵਿੱਚ ਸਭ ਤੋਂ ਪਹਿਲਾਂ ਕੰਡੇਲਾ ਪਿੰਡ ਵਿੱਚ ਲੋਕਾਂ ਨੇ ਜਾਮ ਲਗਾਇਆ ਸੀ। ਬੁੱਧਵਾਰ ਨੂੰ ਕੰਡੇਲਾ ਪਿੰਡ ਦੀ ਧਰਤੀ ਉੱਤੇ ਹੋਈ ਮਹਾਪੰਚਾਇਤ ਨੇ ਕਿਸਾਨ ਅੰਦੋਲਨ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕੰਡੇਲਾ ਦੀ ਖਾਪ ਪੰਚਾਇਤ ਵੱਲੋਂ ਕਈ ਇਤਿਹਾਸਕ ਫੈਸਲੇ ਕੀਤੇ ਗਏ ਹਨ। ਇਸੇ ਦੌਰਾਨ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੰਡੇਲਾ ਪਿੰਡ ਵਿੱਚ ਜੁੜੀ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਸਨੇ ਨਵੇਂ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਸ ਲਈ ਸੱਤਾ ਵਿੱਚ ਰਹਿਣਾ ਔਖਾ ਹੋ ਜਾਵੇਗਾ। ਟਿਕੈਤ ਨੇ ਕਿਹਾ ਕਿ ਪੰਜਾਬ ਹਮੇਸ਼ਾ ਵੱਡੇ ਭਰਾ ਦੀ ਭੂਮਿਕਾ ਵਿੱਚ ਰਹੇਗਾ ਅਤੇ ਹਰਿਆਣਾ ਤੇ ਯੂਪੀ ਹਮੇਸ਼ਾ ਉਸ ਦੀ ਪਿੱਠ ‘ਤੇ ਖੜ੍ਹੇ ਰਹਿਣਗੇ। ਕਿਸਾਨ ਆਗੂ ਨੇ ਕਿਹਾ ਕਿ ਉਹ ਕਿਸਾਨਾਂ ਦੀ ਪੱਗ ਦੇ ਮਾਣ ਨੂੰ ਕਾਇਮ ਰੱਖਣਗੇ। ਕਿਸਾਨ ਯੂਨੀਅਨਾਂ ਵਿੱਚ ਏਕੇ ਦਾ ਇਜ਼ਹਾਰ ਕਰਦਿਆਂ ਟਿਕੈਤ ਨੇ ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਦਾ ਉਚੇਚੇ ਤੌਰ ‘ਤੇ ਹਵਾਲਾ ਦਿੰਦਿਆਂ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ‘ਸਾਡੇ ਆਗੂ’ ਹਨ। ਮਹਾਪੰਚਾਇਤ ਵਿੱਚ ਮੌਜੂਦ ਆਗੂਆਂ ਨੇ ਇਸ ਮੌਕੇ ਸਰਬਸੰਮਤੀ ਨਾਲ ਪੰਜ ਮਤੇ ਵੀ ਪਾਸ ਕੀਤੇ, ਜਿਨ੍ਹਾਂ ਵਿੱਚ ਕਿਸਾਨਾਂ ਨਾਲ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਮੌਜੂਦਗੀ ਲਾਜ਼ਮੀ, ਤਿੰਨੋਂ ਕਾਨੂੰਨ ਰੱਦ ਕਰਨ, ਫ਼ਸਲਾਂ ਦੀ ਐੱਮਐੱਸਪੀ ‘ਤੇ ਖਰੀਦ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਿਸਾਨਾਂ ਖਿਲਾਫ ਦਰਜ ਝੂਠੇ ਕੇਸ ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਰਿਹਾਅ ਕਰਨਾ ਸ਼ਾਮਲ ਹਨ। ਮਹਾਪੰਚਾਇਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਖਾਪ ਪੰਚਾਇਤਾਂ ਦੇ ਆਗੂ ਹਾਜ਼ਰ ਸਨ। ਇਸ ਦੌਰਾਨ ਮੰਚ ‘ਤੇ ਜ਼ਿਆਦਾ ਭੀੜ ਕਰਕੇ ਸਟੇਜ ਟੁੱਟ ਗਈ, ਪਰ ਕਿਸਾਨ ਆਗੂਆਂ ਦੇ ਗੰਭੀਰ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਮਹਾਪੰਚਾਇਤ ਵਿੱਚ ਬੀਕੇਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ 50 ਤੋਂ ਵੱਧ ‘ਖਾਪ’ ਆਗੂ ਮੌਜੂਦ ਸਨ। ਮਹਾਪੰਚਾਇਤ ਦਾ ਪ੍ਰਬੰਧ ਸਰਵ ਜਾਤੀ ਕੰਡੇਲਾ ਖਾਪ ਦੇ ਮੁਖੀ ਟੇਕਰਾਮ ਖੰਡੇਲਾ ਨੇ ਕੀਤਾ ਸੀ।
ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਅਜੇ ਸਿਰਫ਼ ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਆਪਣੀ ਮੰਗ ‘ਤੇ ਕਾਇਮ ਹਨ, ਪਰ ਜੇ ਉਹ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਂਭੇ ਕਰਨ ਲਈ ਅੜ ਗਏ ਤਾਂ ਕੀ ਹੋਵੇਗਾ? ਉਨ੍ਹਾਂ ਨਰਿੰਦਰ ਮੋਦੀ ਸਰਕਾਰ ਨੂੰ ਅਸਿੱਧੇ ਤੌਰ ‘ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨ ਅੰਦੋਲਨ ਜਾਰੀ ਰਿਹਾ ਤਾਂ ਉਨ੍ਹਾਂ ਨੂੰ ਆਪਣੀ ‘ਗੱਦੀ’ ਵੀ ਗੁਆਉਣੀ ਪੈ ਸਕਦੀ ਹੈ। ਉਨ੍ਹਾਂ ਕਿਹਾ, ‘ਹੁਣ ਤੱਕ ਅਸੀਂ ‘ਬਿੱਲ ਵਾਪਸੀ’ ਦੀ ਹੀ ਗੱਲ ਕੀਤੀ ਹੈ। ਸਰਕਾਰ ਕੰਨ ਖੋਲ੍ਹ ਕੇ ਸੁਣ ਲਏ ਕਿ ਜੇ ਨੌਜਵਾਨਾਂ ਨੇ (ਗੱਦੀ ਵਾਪਸੀ) ਸੱਦਾ ਦੇ ਦਿੱਤਾ ਤਾਂ ਫਿਰ ਕੀ ਬਣੇਗਾ? ਉਨ੍ਹਾਂ ਕਿਹਾ ਕਿ ਸਰਕਾਰ ਇਹ ਗੱਲ ਭਲੀਭਾਂਤ ਸਮਝ ਲਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰ ਪੈਂਤੜਾ ਖੇਡ ਲਿਆ ਹੈ, ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਕਿਸਾਨਾਂ ਨੂੰ ਤਿੰਨੋਂ ਖੇਤੀ ਕਾਨੂੰਨਾਂ ‘ਤੇ ਲੀਕ ਮਾਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਏਕੇ ਤੋਂ ਡਰ ਗਈ ਹੈ ਤੇ ਇਹੀ ਵਜ੍ਹਾ ਹੈ ਕਿ ਦਿੱਲੀ ਦੇ ਆਲੇ ਦੁਆਲੇ ਕਿਲੇਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਕਿਸਾਨ ਡਰਨ ਵਾਲਾ ਨਹੀਂ ਹੈ। ਦਿੱਲੀ ਵਿੱਚ ਪੁਲਿਸ ਵੱਲੋਂ ਧਰਨੇ ਵਾਲੀਆਂ ਥਾਵਾਂ ‘ਤੇ ਸੜਕਾਂ ‘ਤੇ ਨੁਕੀਲੇ ਕਿੱਲ ਗੱਡਣ ਦੀ ਗੱਲ ਕਰਦਿਆਂ ਟਿਕੈਤ ਨੇ ਕਿਹਾ ਕਿ ਲੋੜ ਪਈ ਤਾਂ ਉਹ ਕਿੱਲਾਂ ‘ਤੇ ਲੇਟ ਜਾਣਗੇ ਤਾਂ ਕਿ ਹੋਰ ਲੋਕ ਉਨ੍ਹਾਂ ‘ਤੇ ਪੈਰ ਧਰ ਕੇ ਅੱਗੇ ਵਧ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ‘ਚ ਹਾਜ਼ਰੀ ਲਵਾਉਣ ਤੋਂ ਪਹਿਲਾਂ ਕਿਸਾਨ ਆਪਣੇ ਖੇਤ ‘ਚ ਨੰਗੇ ਪੈਰ ਜਾਣ, ਉਸ ਨੂੰ ਮੱਥਾ ਟੇਕਣ ਤੇ ਆਪਣੇ ਮੱਥੇ ‘ਤੇ ਮਿੱਟੀ ਲਾ ਕੇ ਅੰਦੋਲਨ ਵੱਲ ਰੁਖ਼ ਕਰਨ।’ ਟਿਕੈਤ ਟਰੈਕਟਰ ਚਲਾ ਕੇ ਖੁਦ ਮਹਾਪੰਚਾਇਤ ਵਾਲੀ ਥਾਂ ਪੁੱਜੇ। ਬੀਕੇਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਤਿਆਰ ਕੀਤੇ ਗਏ ਹਨ ਤੇ ਕਿਸਾਨੀ ਨੂੰ ਤਬਾਹ ਕਰ ਦੇਣਗੇ। ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਕੌਮੀ ਰਾਜਧਾਨੀ ਦੀਆਂ ਬਰੂਹਾਂ ‘ਤੇ ਠੰਢੀਆਂ ਰਾਤਾਂ ਵਿੱਚ ਬੈਠਾ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 150 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੱਤਾ ਦੇ ਨਸ਼ੇ ਵਿੱਚ ਕੁਝ ਸੁਣਾਈ ਨਹੀਂ ਦੇ ਰਿਹਾ ਹੈ, ਪਰ ਦੇਸ਼ ਦੇ ਹਰ ਵਰਗ ਦੇ ਲੋਕ ਕੇਂਦਰ ਸਰਕਾਰ ਨੂੰ ਆਪਣੀ ਗੱਲ ਸੁਣਾ ਕੇ ਰਹਿਣਗੇ। ਉਨ੍ਹਾਂ 6 ਫਰਵਰੀ ਨੂੰ ‘ਚੱਕਾ ਜਾਮ’ ਦੀਆਂ ਤਿਆਰੀਆਂ ਲਈ ਵੀ ਪ੍ਰੇਰਿਆ। ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਮੋਦੀ ਸਰਕਾਰ ਨੂੰ ਜੰਮ ਕੇ ਰਗੜੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਿਹਾਰ, ਕੁੱਲ ਆਲਮ ਵਿੱਚ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਉਨ੍ਹਾਂ ਮਹਾਪੰਚਾਇਤ ਨੂੰ ਦੱਸਿਆ, ‘ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਤੇ ਇਸ ਦੇਸ਼ ਨੂੰ ਤਬਾਹ ਕਰ ਦੇਣਗੇ। ਅਸੀਂ ਕਈ ਮਹੀਨੇ ਪਹਿਲਾਂ ਪੰਜਾਬ ਤੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜੋ ਹੁਣ ਪੂਰੇ ਮੁਲਕ ਵਿੱਚ ਫੈਲ ਚੁੱਕਾ ਹੈ।’ ਰਾਜੇਵਾਲ ਨੇ ਦਿੱਲੀ ਵਿੱਚ ਧਰਨੇ ਵਾਲੀ ਥਾਂ ‘ਤੇ ਨਵੇਂ ਪੁਲਿਸ ਬੈਰੀਕੇਡਾਂ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਥਾਵਾਂ ਨੂੰ ‘ਖੁੱਲ੍ਹੀ ਜੇਲ੍ਹ’ ਵਿੱਚ ਤਬਦੀਲ ਕਰ ਦਿੱਤਾ ਹੈ। ਜੀਂਦ ਜ਼ਿਲ੍ਹੇ ਵਿੱਚ ਸਰਵ ਜਾਤੀ ਕੰਡੇਲਾ ਖਾਪ ਪੰਚਾਇਤ ਦੀ ਅਗਵਾਈ ਵਿੱਚ ਕੀਤੀ ਮਹਾਪੰਚਾਇਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਕਿਸਾਨਾਂ ਨੇ ਹਿੱਸਾ ਲਿਆ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …