17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਖੜਕ ਪਈ

ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਖੜਕ ਪਈ

ਰਾਜਪਾਲ ਨੇ ਪੁੱਛਿਆ : ਸਿੰਗਾਪੁਰ ਭੇਜਣ ਲਈ ਪ੍ਰਿੰਸੀਪਲਾਂ ਦੀ ਚੋਣ ਕਿਵੇਂ ਹੋਈ
ਮੁੱਖ ਮੰਤਰੀ ਮਾਨ ਨੇ ਮੋੜਵਾਂ ਪੁੱਛਿਆ : ਰਾਜਪਾਲ ਜੀ ਥੋਡੀ ਚੋਣ ਕਿਵੇਂ ਹੋਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮੱਤਭੇਦ ਇਕ ਵਾਰ ਫਿਰ ਤੋਂ ਸਾਹਮਣੇ ਆਏ ਹਨ। ਰਾਜਪਾਲ ਨੇ ਸੀਐਮ ਨੂੰ ਚਿੱਠੀ ਲਿਖ ਕੇ ਪੰਜਾਬ ਦੇ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੀ ਪ੍ਰਕਿਰਿਆ ਅਤੇ ਇਸ਼ਤਿਹਾਰਾਂ ‘ਤੇ ਖਰਚ ਸਬੰਧੀ ਸਵਾਲ ਉਠਾਏ ਹਨ। ਰਾਜਪਾਲ ਨੇ ਲਿਖਿਆ ਕਿ ਸ਼ਿਕਾਇਤਾਂ ਮਿਲੀਆਂ ਹਨ ਕਿ ਵਿਦੇਸ਼ ਭੇਜਣ ਨੂੰ ਪ੍ਰਿੰਸੀਪਲਾਂ ਦੀ ਚੋਣ ਵਿਚ ਪਾਰਦਰਸ਼ਤਾ ਨਹੀਂ ਵਰਤੀ ਗਈ। ਉਨ੍ਹਾਂ ਦੀ ਚੋਣ ਕਿਸ ਅਧਾਰ ‘ਤੇ ਹੋਈ, ਇਸ ਗੱਲ ਦੇ ਪ੍ਰਚਾਰ ਲਈ ਕਿੰਨਾ ਖਰਚ ਹੋਇਆ, ਇਸ ਸਬੰਧੀ ਡਿਟੇਲ ਦਿੱਤੀ ਜਾਏ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ ਸੀ। ਰਾਜਪਾਲ ਨੇ ਇਸ ਸਬੰਧੀ 15 ਦਿਨਾਂ ਵਿਚ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਨਾਲ ਹੀ ਕਿਹਾ ਕਿ ਸਮੇਂ ਸਿਰ ਜਵਾਬ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ ਪੰਜਾਬ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਵਲੋਂ ਨਿਯੁਕਤ ਕਿਸੇ ਰਾਜਪਾਲ ਨੂੰ। ਇਸਦੇ ਚੱਲਦਿਆਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਕੇ ਰਾਜਪਾਲ ਦੀ ਚਿੱਠੀ ਨੂੰ ਪੰਜਾਬ ਲਈ ਖਤਰਾ ਕਰਾਰ ਦਿੱਤਾ। ਰਾਘਵ ਨੇ ਕਿਹਾ ਕਿ ਅੰਗਰੇਜ਼ ਚਲੇ ਗਏ, ਪਰ ਵਾਇਸਰਾਏ ਛੱਡ ਗਏ। ਇਸ ਦੌਰਾਨ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਬਣੇ ਟਕਰਾਅ ਨੂੰ ਪੰਜਾਬ ਲਈ ਮੰਦਭਾਗਾ ਦੱਸਿਆ ਹੈ।
ਮਾਨ ਦਾ ਦੋ ਟੁੱਕ ਜਵਾਬ : ਮੈਂ ਕਿਸੇ ਰਾਜਪਾਲ ਨੂੰ ਨਹੀਂ, 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ ਪੰਜਾਬ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਨਾ ਕਿ ਕੇਂਦਰ ਵਲੋਂ ਨਿਯੁਕਤ ਕਿਸੇ ਰਾਜਪਾਲ ਨੂੰ।
ਰਾਜਪਾਲ ਬੋਲੇ, ਚਹਿਲ ਨੂੰ ਤੁਸੀਂ ਪ੍ਰਮੋਟ ਕੀਤਾ ਤੇ ਉਥੇ ਹੀ ਤਾਇਨਾਤ ਕੀਤਾ ਜਿੱਥੇ ਮੈਂ ਝੰਡਾ ਚੜ੍ਹਾਉਣਾ ਸੀ
ਰਾਜਪਾਲ ਨੇ ਲਿਖਿਆ ਕਿ 14 ਫਰਵਰੀ ਨੂੰ ਮੇਰੇ ਪੱਤਰ ਦੇ ਬਾਵਜੂਦ ਤੁਸੀਂ ਕੁਲਦੀਪ ਸਿੰਘ ਚਹਿਲ ਦੇ ਸਾਰੇ ਗਲਤ ਕੰਮਾਂ ਨੂੰ ਨਜ਼ਰਅੰਦਾਜ਼ ਕਰਨ ਦਾ ਵਿਕਲਪ ਚੁਣਿਆ। ਤੁਸੀਂ ਨਾ ਸਿਰਫ਼ ਉਨ੍ਹਾਂ ਨੂੰ ਪ੍ਰਮੋਟ ਕੀਤਾ ਬਲਕਿ ਉਨ੍ਹਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਰੂਪ ਵਿਚ ਤਾਇਨਾਤ ਕੀਤਾ ਅਤੇ ਉਹ ਵੀ 26 ਜਨਵਰੀ ਤੋਂ ਪਹਿਲਾਂ। ਤੁਸੀਂ ਜਾਣਦੇ ਸੀ ਕਿ ਰਾਜਪਾਲ ਨੇ ਜਲੰਧਰ ‘ਚ ਰਾਸ਼ਟਰੀ ਝੰਡਾ ਲਹਿਰਾਉਣਾ ਹੈ। ਮੈਨੂੰ ਡੀਜੀਪੀ ਨੂੰ ਹੁਕਮ ਦੇਣਾ ਪਿਆ ਕਿ ਸਬੰਧਤ ਅਧਿਕਾਰੀ ਸਮਾਰੋਹ ਤੋਂ ਦੂਰੀ ਬਣਾਈ ਰੱਖੇ। ਲਗਦਾ ਹੈ ਕਿ ਇਹ ਅਧਿਕਾਰੀ ਤੁਹਾਡਾ ਪਸੰਦੀਦਾ ਅਧਿਕਾਰੀ ਹੈ। ਸਕਾਲਰਸ਼ਿਪ ਨਾ ਮਿਲਣ ਦੇ ਕਾਰਨ ਅਨੁਸੂਚਿਤ ਜਾਤੀ ਦੇ 2 ਲੱਖ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ। ਸਰਕਾਰ ਨੇ ਉਨ੍ਹਾਂ ਦੀ ਚਿੱਠੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਰਾਜਪਾਲ ਨੇ ਗੁਰਿੰਦਰਜੀਤ ਸਿੰਘ ਜਵੰਧਾ ਨੂੰ ਸੂਚਨਾ ਅਤੇ ਸੰਚਾਰ ਪ੍ਰਯੋਗਿਕ ਨਿਗਮ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਵੀ ਸਵਾਲ ਚੁੱਕੇ ਸਨ।
ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣ ਮੁੱਖ ਮੰਤਰੀ ਮਾਨ : ਰਾਜ ਵੜਿੰਗ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਛਿੜੀ ਜੰਗ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੁੱਦ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਅਤੇ ਮਾਮਲੇ ਨੂੰ ਸੂਬੇ ਦਾ ਵਿਸ਼ਾ ਦੱਸ ਕੇ ਘੁਮਾਉਣ ਦਾ ਯਤਨ ਨਾ ਕਰੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕੋਲ ਰਾਜਪਾਲ ਦੀ ਸੰਵਿਧਾਨਕ ਨਿਯੁਕਤੀ ‘ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ।
ਬਜਟ ਸੈਸ਼ਨ ‘ਤੇ ਪੈ ਸਕਦੈ ਪਰਛਾਵਾਂ
ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਬਣੇ ਟਕਰਾਅ ਦਾ ਪਰਛਾਵਾਂ ਐਤਕੀਂ ਆਉਂਦੇ ਬਜਟ ਸੈਸ਼ਨ ‘ਤੇ ਵੀ ਪੈ ਸਕਦਾ ਹੈ। ਪੰਜਾਬ ਕੈਬਨਿਟ ਦੀ 21 ਫਰਵਰੀ ਨੂੰ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਬਜਟ ਸੈਸ਼ਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਦੋਹਾਂ ਵਿਚਕਾਰ ਜੇਕਰ ਮਾਹੌਲ ਸੁਖਾਵਾਂ ਨਾ ਬਣਿਆ ਤਾਂ ਬਜਟ ਸੈਸ਼ਨ ਮੌਕੇ ਰਾਜਪਾਲ ਦੇ ਭਾਸ਼ਨ ਦੌਰਾਨ ਨਵੀਂ ਤਲਖ਼ੀ ਵੀ ਪੈਦਾ ਹੋ ਸਕਦੀ ਹੈ। ਰਾਜਪਾਲ ਦਾ ਭਾਸ਼ਨ ਕੈਬਨਿਟ ਵੱਲੋਂ ਪ੍ਰਵਾਨ ਕੀਤਾ ਜਾਣਾ ਹੈ ਅਤੇ ਇਸ ਭਾਸ਼ਨ ਵਿਚ ਸਰਕਾਰ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੇ ਮਾਮਲੇ ਨੂੰ ਇੱਕ ਪ੍ਰਾਪਤੀ ਵਜੋਂ ਉਭਾਰੇਗੀ ਜਦੋਂ ਕਿ ਰਾਜਪਾਲ ਨੇ ਤਾਜ਼ਾ ਪੱਤਰ ‘ਚ ਇਸ ਸਿਖਲਾਈ ਦਾ ਲੇਖਾ-ਜੋਖਾ ਮੰਗਿਆ ਹੈ।
ਪੰਜਾਬ ਦਾ ਬਜਟ ਇਜਲਾਸ ਮਾਰਚ ਦੇ ਪਹਿਲੇ ਹਫਤੇ ਹੋ ਸਕਦਾ ਹੈ ਸ਼ੁਰੂ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਦਾ ਬਜਟ ਇਜਲਾਸ ਮਾਰਚ ਦੇ ਪਹਿਲੇ ਹਫਤੇ ਸ਼ੁਰੂ ਕੀਤੇ ਜਾਣ ਦੇ ਆਸਾਰ ਹਨ। ਇਸ ਸਬੰਧੀ 21 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ ਅਤੇ ਇਸ ਮੀਟਿੰਗ ਵਿਚ ਬਜਟ ਸਬੰਧੀ ਫੈਸਲਾ ਲੈ ਲਿਆ ਜਾਵੇਗਾ। ਧਿਆਨ ਰਹੇ ਕਿ 14 ਤੋਂ 19 ਮਾਰਚਤੱਕ ਜੀ-20 ਸੰਮੇਲਨ ਦੇ ਪ੍ਰੋਗਰਾਮ ਵੀ ਅੰਮ੍ਰਿਤਸਰ ਵਿਚ ਹੋਣੇ ਹਨ ਅਤੇ ਇਸ ਸੰਮੇਲਨ ਦੀ ਮੇਜ਼ਬਾਨੀ ਵੀ ਪੰਜਾਬ ਸਰਕਾਰ ਨੇ ਕਰਨੀ ਹੈ। ਇਸ ਸਭ ਨੂੰ ਧਿਆਨ ਵਿਚ ਰੱਖ ਕੇ ਬਜਟ ਇਜਲਾਸ ਸਬੰਧੀ ਫੈਸਲਾ ਲਿਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਜੇਕਰ 3 ਮਾਰਚ ਦਿਨ ਸ਼ੁੱਕਰਵਾਰ ਨੂੰ ਬਜਟ ਇਜਲਾਸ ਸ਼ੁਰੂ ਹੁੰਦਾ ਹੈ ਤਾਂ ਪਹਿਲੇ ਦਿਨ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰਹੇਗੀ ਅਤੇ ਫਿਰ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਦਾ ਭਾਸ਼ਣ ਹੋਵੇਗਾ। ਉਧਰ ਦੂਜੇ ਪਾਸੇ ਰਾਜਪਾਲ ਬੀਐਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਚੱਲ ਰਹੀ ਖਿੱਚੋਤਾਣ ਕਰਕੇ ਇਸ ਵਾਰ ਬਜਟ ਹੰਗਾਮਿਆਂ ਭਰਪੂਰ ਰਹਿਣ ਦੇ ਅਸਾਰ ਹਨ। ਇਸੇ ਦੌਰਾਨ ਵਿਰੋਧੀ ਧਿਰ ਕਾਂਗਰਸ ਵੀ ਬਜਟ ਇਜਲਾਸ ਦੌਰਾਨ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦਾ ਯਤਨ ਕਰੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਰੋਧੀ ਧਿਰ ਵੀ ਕੋਈ ਜ਼ਿਆਦਾ ਮਜ਼ਬੂਤ ਨਹੀਂ ਹੈ, ਪਰ ਫਿਰ ਵੀ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਸਰਕਾਰ ਨੂੰ ਸਵਾਲ ਜ਼ਰੂਰ ਕਰਨਗੇ।

RELATED ARTICLES
POPULAR POSTS