Breaking News
Home / ਹਫ਼ਤਾਵਾਰੀ ਫੇਰੀ / ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ ਜਵਾਬ
ਸ਼ਹਿਜ਼ਾਦਾ ਦੱਸੇ ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : ਮੋਦੀ
ਹੈਦਰਾਬਾਦ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ‘ਤੇ ‘ਅੰਬਾਨੀ ਅਤੇ ਅਡਾਨੀ’ ਨਾਲ ਗੰਢ-ਤੁੱਪ ਦਾ ਆਰੋਪ ਲਾਉਂਦਿਆਂ ਸਵਾਲ ਕੀਤਾ ਕਿ ਕੀ ਪਾਰਟੀ ਨੂੰ ਦੋਵੇਂ ਕਾਰੋਬਾਰੀਆਂ ਤੋਂ ਟੈਂਪੂ ਭਰ ਕੇ ਕਾਲਾ ਧਨ ਮਿਲਿਆ ਹੈ ਜਿਸ ਕਾਰਨ ਉਨ੍ਹਾਂ ਦੇ ਆਗੂ ਰਾਹੁਲ ਗਾਂਧੀ ਨੇ ਦੋਹਾਂ ਨੂੰ ਭੰਡਣਾ ਬੰਦ ਕਰ ਦਿੱਤਾ ਹੈ। ਅੰਬਾਨੀ-ਅਡਾਨੀ ਮੁੱਦੇ ‘ਤੇ ਬਿਰਤਾਂਤ ‘ਚ ਬਦਲਾਅ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਕਾਂਗਰਸ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਣ ਲਈ ਦੋਵੇਂ ਕਾਰੋਬਾਰੀਆਂ ਦੇ ਨਾਵਾਂ ਦੀ ਵਰਤੋਂ ਕਰਦੀ ਹੁੰਦੀ ਸੀ ਪਰ ਹੁਣ ਮੋਦੀ ਨੇ ਦੋਹਾਂ ਦਾ ਨਾਮ ਕਾਂਗਰਸ ਨਾਲ ਜੋੜ ਕੇ ਹਲਚਲ ਮਚਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਮੰਗ ਕੀਤੀ ਹੈ ਕਿ ਕਾਂਗਰਸ ਲੋਕਾਂ ਨੂੰ ਦੱਸੇ ਕਿ ਉਸ ਦੇ ‘ਸ਼ਹਿਜ਼ਾਦੇ’ ਨੇ ਪਿਛਲੇ ਪੰਜ ਸਾਲਾਂ ਤੋਂ ਚੁੱਕੇ ਜਾ ਰਹੇ ਮੁੱਦੇ ‘ਤੇ ਚੁੱਪੀ ਕਿਉਂ ਧਾਰ ਲਈ ਹੈ।
ਤਿਲੰਗਾਨਾ ਦੇ ਵੇਮੁਲਾਵਾੜਾ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ”ਉਸ ਦਾ ਰਾਫ਼ਾਲ ਮੁੱਦਾ ਜਦੋਂ ਢਹਿ-ਢੇਰੀ ਹੋ ਗਿਆ ਤਾਂ ਉਸ ਨੇ ਪੰਜ ਕਾਰੋਬਾਰੀਆਂ ਬਾਰੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਸੀ। ਫਿਰ ਉਸ ਨੇ ਅੰਬਾਨੀ-ਅਡਾਨੀ ਆਖਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ ਤਾਂ ਇਨ੍ਹਾਂ ਲੋਕਾਂ (ਕਾਂਗਰਸੀਆਂ) ਨੇ ਅੰਬਾਨੀ-ਅਡਾਨੀ ਨੂੰ ਭੰਡਣਾ ਬੰਦ ਕਰ ਦਿੱਤਾ ਹੈ। ਮੈਂ ਤਿਲੰਗਾਨਾ ਦੀ ਧਰਤੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸ਼ਹਿਜ਼ਾਦਾ ਐਲਾਨ ਕਰੇ ਕਿ ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ ਗਿਆ ਹੈ। ਕੀ ਪੈਸਿਆਂ ਨਾਲ ਭਰਿਆ ਟੈਂਪੂ ਕਾਂਗਰਸ ਕੋਲ ਪਹੁੰਚ ਗਿਆ ਹੈ? ਅੰਬਾਨੀ-ਅਡਾਨੀ ਨਾਲ ਕੀ ਸਮਝੌਤਾ ਹੋਇਆ ਹੈ ਕਿ ਦੋਹਾਂ ਖਿਲਾਫ ਰਾਤੋ-ਰਾਤ ਗਾਲ੍ਹਾਂ ਬੰਦ ਹੋ ਗਈਆਂ ਹਨ?”
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਗੜਬੜ ਜ਼ਰੂਰ ਹੈ ਅਤੇ ਕਾਂਗਰਸ ਨੂੰ ‘ਚੋਰੀ ਦਾ ਮਾਲ ਟੈਂਪੂ ਭਰ ਕੇ ਮਿਲਿਆ ਹੈ ਅਤੇ ‘ਕਾਲੇ ਧਨ ਦੀਆਂ ਕਿੰਨੀਆਂ ਬੋਰੀਆਂ ਭਰ ਕੇ ਰੁਪਏ ਮਾਰੇ ਹਨ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਾ ਦੇਸ਼ ਵਾਸੀਆਂ ਨੂੰ ਜਵਾਬ ਦੇਣਾ ਪਵੇਗਾ। ਕਾਂਗਰਸ ਪ੍ਰਧਾਨ ਮੰਤਰੀ ‘ਤੇ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਸਮੇਤ ਦੇਸ਼ ਦੇ ਸਿਖਰਲੇ ਪੰਜ ਕਾਰੋਬਾਰੀਆਂ ਦਾ ਪੱਖ ਪੂਰਨ ਦੇ ਆਰੋਪ ਲਾਉਂਦੀ ਆਈ ਹੈ।
ਮੋਦੀ, ਸ਼ਾਹ, ਸੋਨੀਆ, ਰਾਹੁਲ ਤੇ ਪ੍ਰਿਅੰਕਾ ਵੀ ਚੋਣ ਪ੍ਰਚਾਰ ਲਈ ਪਹੁੰਚਣਗੇ ਪੰਜਾਬ
ਪੰਜਾਬ ਵਿਚ ਲੋਕ ਸਭਾ ਦੇ ਆਖਰੀ ਯਾਨੀ 7ਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਪੰਜਾਬ ਵਿਚ ਨਾਮਜ਼ਦਗੀਆਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਜੋ 14 ਮਈ ਤੱਕ ਚੱਲੇਗਾ। ਜਾਂਚ ਪੜਤਾਲ ਤੋਂ ਬਾਅਦ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋ ਜਾਣਗੇ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਢਾ ਅਤੇ ਰਾਜਨਾਥ ਸਿੰਘ ਵੀ ਪੰਜਾਬ ਪਹੁੰਚ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵੀ ਪਹੁੰਚ ਪਹੁੰਚਣਗੇ। ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਵੋਟਿੰਗ ਹੋਣੀ ਹੈ, ਜਿਸ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਾ ਹੈ। ਇਨ੍ਹਾਂ ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

 

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …