ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਾਜ਼ਿਸ਼ ਖਿਲਾਫ਼ ਸਿੱਖ ਜਥੇਬੰਦੀਆਂ ਨੇ ਚੁਣਿਆ ਸੰਘਰਸ਼ ਦਾ ਰਾਹ
ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਸਿਆਸਤ ਗਰਮਾਈ
ਚੰਡੀਗੜ੍ਹ : ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੇ ਮੁੱਖ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਦੁਆਰਾ ਹਟਾਏ ਜਾਣ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਗਰਮਾ ਗਈ ਹੈ। ਚੋਣ ਕਮਿਸ਼ਨ ਦੀ ਕਾਰਵਾਈ ਦੇ ਖਿਲਾਫ ਅਕਾਲੀ-ਭਾਜਪਾ ਗਠਜੋੜ ਤੋਂ ਇਲਾਵਾ ਪੰਜਾਬ ਦੇ ਸਾਰੇ ਰਾਜਨੀਤਕ ਅਤੇ ਪੰਥਕ ਸੰਗਠਨ ਕਾਂਗਰਸ ਪਾਰਟੀ ਨਾਲ ਖੜ੍ਹੇ ਹੋ ਗਏ ਹਨ। ਇਸ ਤਰ੍ਹਾਂ ਅਕਾਲੀ-ਭਾਜਪਾ ਇਸ ਮਾਮਲੇ ਵਿਚ ਅਲੱਗ-ਥਲੱਗ ਪੈ ਗਿਆ ਹੈ। ਅਗਾਮੀ ਲੋਕ ਸਭਾ ਚੋਣਾਂ ਵਿਚ ਬੇਅਦਬੀ ਅਤੇ ਨਿਰਦੋਸ਼ ਸਿੱਖਾਂ ‘ਤੇ ਪੁਲਿਸ ਫਾਇਰਿੰਗ ਦਾ ਮਾਮਲਾ ਇਕ ਵਾਰ ਮੁੱਖ ਮੁੱਦਾਬਣ ਗਿਆ ਹੈ। ਕਈ ਪੰਥਕ ਸੰਗਠਨਾਂ ਨੇ ਚੋਣ ਕਮਿਸ਼ਨ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸ ਦੇ ਚੱਲਦਿਆਂ ਬਰਗਾੜੀ ਮੋਰਚੇ ਵਾਲੀਆਂ ਸਿੱਖ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਬਰਗਾੜੀ ਵਿੱਚ ਹੰਗਾਮੀ ਸੱਦੇ ‘ਤੇ ਸੰਗਤ ਦਾ ਇਕੱਠ ਕੀਤਾ ਗਿਆ। ਪਿੰਡ ਵਿਚ ਰੋਸ ਮਾਰਚ ਕਰਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਲਈ ਬਾਦਲਾਂ ਤੇ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਗਿਆ। ਸਿੱਖ ਨੁਮਾਇੰਦਿਆਂ ਨੇ ਹਫ਼ਤੇ ਦੇ ਅੰਦਰ-ਅੰਦਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੁੜ ਤੋਂ ਪਹਿਲੀ ਜ਼ਿੰਮੇਵਾਰੀ ਦੇਣ ਦੀ ਮੰਗ ਚੁੱਕਦਿਆਂ ਅਜਿਹਾ ਨਾ ਹੋਣ ਦੀ ਹਾਲਤ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਤਿੱਖਾ ਸੰਘਰਸ਼ ਸ਼ੁਰੂ ਕਰਨ ਬਾਰੇ ਐਲਾਨ ਕੀਤਾ।ਪਿੰਡ ਬਰਗਾੜੀ ਦੇ ਇਤਿਹਾਸਕ ਗੁਰੂ ਘਰ ਪਾਤਸ਼ਾਹੀ ਦਸਵੀਂ ਵਿੱਚ ਇਕੱਠੇ ਹੋਣ ਮਗਰੋਂ ਸੰਗਤ ਨੇ ਰੋਸ ਮਾਰਚ ਕੀਤਾ। ਇਸ ਮੌਕੇ ਸਿੱਖ ਆਗੂ ਭਾਈ ਜਸਵਿੰਦਰ ਸਿੰਘ ਸਾਹੋ ਕੇ, ਭਾਈ ਪ੍ਰਦੀਪ ਸਿੰਘ ਚਾਂਦਪੁਰਾ ਆਦਿ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਲਈ ਬਣੀ ਸਿੱਟ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ਨਾਲ ਸਿੱਖ ਕੌਮ ਨੂੰ ਇਨਸਾਫ਼ ਦੀ ਆਸ ਸੀ। ਉਨ੍ਹਾਂ ਕਿਹਾ ਕਿ ਕਥਿਤ ਤੌਰ ‘ਤੇ ਪੰਥ ਦੇ ਅਖੌਤੀ ਰਹਿਬਰਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਪੜਤਾਲ ਰਾਹੀਂ ‘ਆਪਣੇ ਘਰ’ ਵੱਲ ਆ ਰਹੀਆਂ ‘ਪੈੜਾਂ’ ਨੂੰ ਮਿਟਾਉਣ ਲਈ ਸਾਜਿਸ਼ੀ ਹਰਬਾ ਵਰਤਿਆ ਹੈ। ਉਨ੍ਹਾਂ ਅਕਾਲੀ ਦਲ ‘ਤੇ ਆਰਐੱਸਐੱਸ ਦੀ ਅਧੀਨਗੀ ਵਾਲੀ ਭਾਜਪਾ ਕੋਲ ਸਿੱਖ ਕੌਮ ਦੇ ਹਿੱਤ ਗਹਿਣੇ ਪਾਉਣ ਦੇ ਦੋਸ਼ ਲਾਏ। ਆਗੂਆਂ ਨੇ ਖ਼ੁਲਾਸਾ ਕੀਤਾ ਕਿ ਹਫ਼ਤੇ ਬਾਅਦ ਸ਼ੁਰੂ ਹੋਣ ਵਾਲਾ ਸੰਘਰਸ਼ ਸ਼ਾਂਤਮਈ ਤੇ ਵਿਲੱਖਣ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ 12 ਅਪਰੈਲ ਨੂੰ ਸਿੱਖ ਜਗਤ ਦੇ ਨੁਮਾਇੰਦੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਰੁਕਵਾਉਣ ਲਈ ਦਿੱਲੀ ਵਿੱਚ ਚੋਣ ਕਮਿਸ਼ਨ ਨੂੰ ਮੰਗ-ਪੱਤਰ ਦੇਣਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …