Breaking News
Home / ਦੁਨੀਆ / ਘਿਨਾਉਣੇ ਅਪਰਾਧ ਦਾ ਸਰਗਣਾ ਸੀ ਸੱਜਣ ਕੁਮਾਰ : ਸੀਬੀਆਈ

ਘਿਨਾਉਣੇ ਅਪਰਾਧ ਦਾ ਸਰਗਣਾ ਸੀ ਸੱਜਣ ਕੁਮਾਰ : ਸੀਬੀਆਈ

ਨਵੀਂ ਦਿੱਲੀ : ਸੀਬੀਆਈ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਐਮ.ਪੀ. ਤੇ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵਿਚ ਕਿਹਾ ਕਿ ਸਿੱਖ ਕਤਲੇਆਮ ਘਿਨਾਉਣਾ ਅਪਰਾਧ ਸੀ ਤੇ ਸੱਜਣ ਕੁਮਾਰ ਉਸਦਾ ਸਰਗਣਾ ਸੀ। ਸੀਬੀਆਈ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਜ਼ਮਾਨਤ ਦੇਣੀ ਨਿਆਂ ਦਾ ਮਜ਼ਾਕ ਉਡਾਉਣ ਵਾਂਗ ਹੀ ਹੋਵੇਗਾ। ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਏ.ਐਸ. ਬੋਥਡੇ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਆਈ ਵਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਸੱਜਣ ਕੁਮਾਰ ਵਿਰੁੱਧ ਲੰਬਿਤ ਦੂਜੇ ਮੁਕੱਦਮਿਆਂ ਦੀ ਸਥਿਤੀ ਦੱਸਣ ਲਈ ਕਿਹਾ ਤੇ ਮਾਮਲੇ ਦੀ ਸੁਣਵਾਈ 15 ਅਪ੍ਰੈਲ ਤੱਕ ਟਾਲ ਦਿੱਤੀ। ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਦਿੱਲੀ ਕੈਂਟ ਦੇ ਰਾਜ ਨਗਰ ਭਾਗ-1 ਵਿਚ ਪਹਿਲੀ ਤੇ ਦੋ ਨਵੰਬਰ 1984 ਦੀ ਰਾਤ ਪੰਜ ਸਿੱਖਾਂ ਦੀ ਹੱਤਿਆ ਤੇ ਅਗਜ਼ਨੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਤਾਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਨੇ ਸੱਜਣ ਕੁਮਾਰ ਦੇ ਅਪਰਾਧ ਨੂੰ ਗੰਭੀਰ ਮੰਨਦਿਆਂ ਉਸ ਨੂੰ ਸਾਰੀ ਉਮਰ ਜੇਲ੍ਹ ਵਿਚ ਰੱਖਣ ਦੀ ਸਜ਼ਾ ਸੁਣਾਈ ਹੈ। ਸੱਜਣ ਨੇ ਦਿੱਲੀ ਹਾਈਕੋਰਟ ਦੇ ਹੁਕਮਾਂ ‘ਤੇ ਲੰਘੀ 31 ਦਸੰਬਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਨਾਲ ਹੀ ਉਸ ਨੇ ਸਜ਼ਾ ਵਿਰੁੱਧ ਅਪੀਲ ਦਾਖਲ ਕੀਤੀ ਹੈ ਅਤੇ ਅਪੀਲ ‘ਤੇ ਸੁਣਵਾਈ ਹੋਣ ਤੱਕ ਸਜ਼ਾ ਮੁਅੱਤਲ ਕਰਕੇ ਜ਼ਮਾਨਤ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਸੋਮਵਾਰ ਨੂੰ ਸਜ਼ਾ ਮੁਲਤਵੀ ‘ਤੇ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੁਮਾਰ ਨੂੰ ਜ਼ਮਾਨਤ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਘਿਨਾਉਣਾ ਅਪਰਾਧ ਸੀ ਤੇ ਸੱਜਣ ਕੁਮਾਰ ਉਸ ਦਾ ਸਰਗਣਾ ਸੀ। ਉਨ੍ਹਾਂ ਕਿਹਾ ਕਿ ਕੁਮਾਰ ਨੂੰ ਜ਼ਮਾਨਤ ਦਿੱਤੀ ਜਾਣੀ ਨਿਆਂ ਨਾਲ ਮਖੌਲ ਹੋਵੇਗਾ ਕਿਉਂਕਿ ਉਸ ਵਿਰੁੱਧ ਦਿੱਲੀ ਦੀ ਪਟਿਆਲਾ ਹਾਊਸ ਜ਼ਿਲ੍ਹਾ ਅਦਾਲਤ ਵਿਚ ਸਿੱਖ ਕਤਲੇਆਮ ਦਾ ਇਕ ਹੋਰ ਮੁਕੱਦਮਾ ਲੰਬਿਤ ਹੈ। ਇਸ ‘ਤੇ ਅਦਾਲਤ ਨੇ ਮਹਿਤਾ ਤੋਂ ਉਸ ਲੰਬਿਤ ਮੁਕੱਦਮੇ ਦੀ ਸਥਿਤੀ ਪੁੱਛੀ। ਮਹਿਤਾ ਨੇ ਕਿਹਾ ਕਿ ਫਿਲਹਾਲ ਉਸ ਮੁਕੱਦਮੇ ਵਿਚ ਇਸਤਗਾਸਾ ਪੱਖ ਦੀਆਂ ਗਵਾਈਆਂ ਚੱਲ ਰਹੀਆਂ ਹਨ। ਅਦਾਲਤ ਉਸਦੇ ਛੇਤੀ ਨਿਪਟਾਰੇ ਦਾ ਹੁਕਮ ਦੇ ਸਕਦੀ ਹੈ। ਇਸ ‘ਤੇ ਬੈਂਚ ਨੇ ਸੀਬੀਆਈ ਨੂੰ ਲੰਬਿਤ ਮੁਕੱਦਮੇ ਦੀ ਸਥਿਤੀ ਦੇਣ ਲਈ ਕਹਿ ਕੇ ਸੁਣਵਾਈ 15 ਅਪ੍ਰੈਲ ਤੱਕ ਟਾਲ ਦਿੱਤੀ।

Check Also

ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ

  ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …