ਰੂਸ ਦੀ 18,510 ਫੁੱਟ ਉੱਚੀ ਚੋਟੀ ਮਾਊਂਟ ਐਲਬਰਸ ‘ਤੇ ਚੜ੍ਹਿਆ ਤੇਗਬੀਰ
ਰੂਪਨਗਰ/ਬਿਊਰੋ ਨਿਊਜ਼ : ਰੋਪੜ (ਰੂਪਨਗਰ) ਦੇ 6 ਸਾਲਾ ਤੇਗਬੀਰ ਸਿੰਘ ਨੇ ਰੂਸ ਵਿੱਚ 18510 ਫੁੱਟ (5642 ਮੀਟਰ) ਉੱਚੀ ਚੋਟੀ ਮਾਊਂਟ ਐਲਬਰਸ ‘ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਤੇਗਬੀਰ ਦੇ ਪਿਤਾ ਨੇ ਕਿਹਾ ਕਿ ਉਸ ਨੇ 20 ਜੂਨ ਨੂੰ ਮਾਊਂਟ ਐਲਬਰਸ ਵੱਲ ਚੜ੍ਹਾਈ ਸ਼ੁਰੂ ਕੀਤੀ ਸੀ ਤੇ 28 ਜੂਨ ਨੂੰ ਚੋਟੀ ਦੀ ਸਿਖਰ ‘ਤੇ ਪਹੁੰਚ ਗਿਆ।
ਰੂਸ ਦੇ ਬਲਕਾਰੀਅਨ ਗਣਰਾਜ ਦੇ ਕਬਾਰਡੀਨੋ ਦੇ ਮਾਊਂਟੇਨੀਅਰਿੰਗ, ਰੌਕ ਕਲਾਈਬਿੰਗ ਅਤੇ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਵੱਲੋਂ ਤੇਗਬੀਰ ਨੂੰ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ, ਜੋ ਇਹ ਪ੍ਰਮਾਣਤ ਕਰਦਾ ਹੈ ਕਿ ਤੇਗਬੀਰ ਇਸ ਚੋਟੀ ਨੂੰ ਸਰ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਸੀ। ਸਰਟੀਫਿਕੇਟ ਵਿਚ ਤੇਗਬੀਰ ਸਿੰਘ ਵੱਲੋਂ ਇਹ ਮਾਅਰਕਾ ਹਾਸਲ ਕਰਨ ਮੌਕੇ ਉਸ ਦੀ ਉਮਰ 6 ਸਾਲ, 9 ਮਹੀਨੇ ਤੇ 4 ਦਿਨ ਦਰਸਾਈ ਗਈ ਹੈ।
ਇਸ ਪ੍ਰਾਪਤੀ ਤੋਂ ਖੁਸ਼ ਤੇਗਬੀਰ ਨੇ ਕਰਦਿਆਂ ਕਿਹਾ, ”ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪੈਰ ਰੱਖਾਂਗਾ। ਮੈਂ ਪਹਾੜ ਦੀ ਚੋਟੀ ‘ਤੇ ਪਹੁੰਚਿਆ ਅਤੇ ਉੱਥੇ ਆਪਣੇ ਪਿਤਾ ਨਾਲ ਇੱਕ ਤਸਵੀਰ ਖਿਚਵਾਈ। ਮੈਂ ਪਹਿਲੀ ਵਾਰ ਬਰਫ਼ ‘ਤੇ ਤੁਰ ਰਿਹਾ ਸੀ, ਮੇਰੇ ਜੁੱਤੇ ਭਾਰੀ ਸਨ ਪਰ ਮੈਂ ਇਸਦਾ ਅਭਿਆਸ ਕੀਤਾ ਸੀ।” ਤੇਗਬੀਰ ਸ਼ਿਵਾਲਿਕ ਪਬਲਿਕ ਸਕੂਲ, ਰੋਪੜ ਦਾ ਦੂਜੀ ਜਮਾਤ ਦਾ ਵਿਦਿਆਰਥੀ ਹੈ।
ਤੇਗਬੀਰ ਨੇ ਇਸ ਪ੍ਰਾਪਤੀ ਨਾਲ 6 ਸਾਲ ਤੇ 9 ਮਹੀਨੇ ਦੀ ਉਮਰ ਵਿੱਚ ਮਾਊਂਟ ਐਲਬਰਸ ਦੀ ਚੜ੍ਹਾਈ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਪਹਿਲਾਂ ਇਹ ਰਿਕਾਰਡ ਮਹਾਰਾਸ਼ਟਰ ਦੇ ਵਸਨੀਕ ਦੇ ਨਾਂ ਸੀ, ਜਿਸ ਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ। ਤੇਗਬੀਰ ਅਗਸਤ 2024 ਵਿੱਚ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਿਆ।
ਇਸ ਲਈ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸ਼ਾਮਲ ਹੈ। ਉਹ ਅਪਰੈਲ 2024 ਵਿੱਚ ਨੇਪਾਲ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਵੀ ਪਹੁੰਚਿਆ ਸੀ।