
ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਸ਼ੇਸ਼ਾਧਾਰੀ ਨੇ ਦਿੱਤੀ ਜਾਣਕਾਰੀ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤੀ ਫੌਜ ਨੇ ਅਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਵਲੋਂ ਅੰਮਿ੍ਰਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਜਾਣ ਸੰਭਾਵੀ ਮਿਜ਼ਾਈਲ ਤੇ ਡਰੋਨ ਹਮਲਿਆਂ ਨੂੰ ਭਾਰਤੀ ਹਵਾਈ ਸੈਨਾ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਦੀ ਮੱਦਦ ਨਾਲ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਫੌਜ ਨੇ ਮੀਡੀਆ ਨੂੰ ਪਾਕਿਸਤਾਨੀ ਮਿਜ਼ਾਈਲਾਂ ਤੇ ਡਰੋਨ ਦੇ ਮਲਬੇ ਦਿਖਾਏ, ਜਿਸ ਨੂੰ ਭਾਰਤੀ ਹਵਾਈ ਸੈਨਾ ਨੇ ਹਵਾ ਵਿਚ ਹੀ ਖਤਮ ਕਰ ਦਿੱਤਾ ਸੀ। 15 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਧਾਰੀ ਨੇ ਕਿਹਾ ਕਿ 22 ਅਪ੍ਰੈਲ ਨੂੰ ਪਾਕਿਸਤਾਨ ਦੀ ਫੌਜ ਨੇ ਆਪਣੇ ਸਿਖਲਾਈਯਾਫਤਾ ਦਹਿਸ਼ਤਗਰਦਾਂ ਜ਼ਰੀਏ ਪਹਿਲਗਾਮ ਵਿਚ ਨਿਹੱਥੇ ਸੈਲਾਨੀਆਂ ’ਤੇ ਹਮਲਾ ਕਰਵਾਇਆ, ਜਿਸ ਬਾਰੇ ਕੁੱਲ ਆਲਮ ਜਾਣਦਾ ਹੈ। ਇਸ ਮਗਰੋਂ ਪੂਰੇ ਵਿਚ ਫੁੱਟੇ ਗੁੱਸੇ ਦਰਮਿਆਨ ਭਾਰਤ ਨੇ ਮਜ਼ਬੂਤ ਅਗਵਾਈ ਵਿਚ ਅਪਰੇਸ਼ਨ ਸੰਦੂਰ ਦੀ ਸ਼ੁਰੂਆਤ ਕੀਤੀ। ਮੇਜਰ ਜਨਰਲ ਨੇ ਦਾਅਵਾ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਸ੍ਰੀ ਹਰਿਮੰਦਰ ਸਾਹਿਬ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਕਰਨ ਦਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਵੱਲ ਇਕ ਵੀ ਮਿਜ਼ਾਈਲ ਜਾਂ ਡਰੋਨ ਨਹੀਂ ਆਉਣ ਦਿੱਤਾ।