
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਕ, ਬੀਮਾ, ਡਾਕ ਅਤੇ ਪਬਲਿਕ ਟਰਾਂਸਪੋਰਟ ਜਿਹੀਆਂ ਸੇਵਾਵਾਂ ਅੱਜ ਯਾਨੀ 9 ਜੁਲਾਈ ਨੂੰ ਭਾਰਤ ’ਚ ਕਈ ਥਾਈਂ ਪ੍ਰਭਾਵਿਤ ਹੋਈਆਂ ਹਨ। ਧਿਆਨ ਰਹੇ ਕਿ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਹਨਾਂ ਦੇ ਸਹਿਯੋਗੀ ਸੰਗਠਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਸੀ। ਇਸੇ ਦੌਰਾਨ ਯੂਨੀਅਨ ਦਾ ਦਾਅਵਾ ਹੈ ਕਿ ਦੇਸ਼ ਭਰ ਵਿਚ ਅੱਜ 25 ਕਰੋੜ ਕਰਮਚਾਰੀ ਹੜਤਾਲ ’ਤੇ ਰਹੇ। ਟਰੇਡ ਯੂਨੀਅਨਾਂ ਨਿੱਜੀਕਰਨ ਅਤੇ ਚਾਰ ਨਵੇਂ ਲੇਬਰ ਕੋਡਜ਼ ਦੇ ਵਿਰੋਧ ਵਿਚ ਹਨ। ਇਹ ਯੂਨੀਅਨਾਂ ਕੇਂਦਰ ਦੀਆਂ ਉਨ੍ਹਾਂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ, ਜਿਨ੍ਹਾਂ ਨੂੰ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਕਾਰਪੋਰੇਟ ਪੱਖੀ ਮੰਨਿਆ ਜਾਂਦਾ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਵੀ ਅੱਜ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ, ਜਿਸ ਕਰਕੇ ਬੱਸਾਂ ਵਿਚ ਸਫਰ ਕਰਨ ਵਾਲੇ ਵਿਅਕਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੁਲਾਜ਼ਮਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ ਅਤੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ।

