22 ਅਪਰੈਲ ਤੋਂ ਊਬਰ ਕੈਨੇਡਾ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਤੇ ਡਰਾਈਵਰਾਂ ਨੂੰ ਮਾਸਕ ਪਾਉਣ ਤੋਂ ਕੰਪਨੀ ਵੱਲੋਂ ਛੋਟ ਦਿੱਤੀ ਜਾਵੇਗੀ। ਇਹ ਜਾਣਕਾਰੀ ਊਬਰ ਕੈਨੇਡਾ ਦੇ ਬੁਲਾਰੇ ਨੇ ਮੰਗਲਵਾਰ ਨੂੰ ਈਮੇਲ ਰਾਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਕਿਊਬਿਕ ਨੂੰ ਛੱਡ ਕੇ 22 ਅਪਰੈਲ ਤੋਂ ਕੈਨੇਡਾ ਭਰ ਵਿੱਚ ਊੁਬਰ ਵਿੱਚ ਸਫਰ ਦੌਰਾਨ ਨਾ ਡਰਾਈਵਰ ਨੂੰ ਤੇ ਨਾ ਹੀ ਸਵਾਰੀ ਨੂੰ ਮਾਸਕ ਪਾਉਣ ਦੀ ਲੋੜ ਹੈ।
ਇਹ ਵੀ ਆਖਿਆ ਗਿਆ ਕਿ ਜਦੋਂ ਰਾਈਡ ਸਾਂਝੀ ਕਰਨੀ ਹੋਵੇ ਤਾਂ ਊਬਰ ਕੈਨੇਡਾ ਮਾਸਕ ਪਾਉਣ ਦੀ ਸਲਾਹ ਦਿੰਦਾ ਹੈ।
ਬਿਆਨ ਵਿੱਚ ਆਖਿਆ ਗਿਆ ਕਿ ਹੈਲਥ ਕੈਨੇਡਾ ਦੀ ਸਲਾਹ ਉੱਤੇ, ਊਬਰ ਕੈਨੇਡਾ ਵੱਲੋਂ ਅਜੇ ਵੀ ਇਲਾਕੇ ਵਿੱਚ ਇਨਫੈਕਸ਼ਨ ਦੀ ਦਰ ਨੂੰ ਤੇ ਨਿਜੀ ਰਿਸਕ ਕਾਰਕਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮਾਸਕ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਆਖਿਆ ਗਿਆ ਕਿ ਡਰਾਈਵਰ ਅਜੇ ਵੀ ਆਪਣੇ ਰਾਈਡਰਜ਼ ਨੂੰ ਮਾਸਕ ਪਾਉਣ ਲਈ ਆਖ ਸਕਦੇ ਹਨ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹ ਟਰਿੱਪ ਰੱਦ ਵੀ ਕਰ ਸਕਦੇ ਹਨ।