-7.8 C
Toronto
Monday, January 19, 2026
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ ਨੇ ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020 ਕੈਲਾਡਨ ਟਰੇਲ 'ਤੇ ਦੌੜ...

ਟੀ.ਪੀ.ਏ.ਆਰ. ਕਲੱਬ ਨੇ ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020 ਕੈਲਾਡਨ ਟਰੇਲ ‘ਤੇ ਦੌੜ ਕੇ ਪੂਰੀ ਕੀਤੀ

ਸਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ (77 ਸਾਲ) ਵਰਚੂਅਲ ਰੂਪ ਵਿਚ ਸ਼ਾਮਲ ਹੋਏ
ਕੈਲਾਡਨ/ਡਾ. ਝੰਡ : ਲੰਘੇ ਐਤਵਾਰ 25 ਅਕਤੂਬਰ ਨੂੰ ਟੀ.ਪੀ.ਏ.ਆਰ. ਕਲੱਬ ਦੇ 30 ਮੈਂਬਰਾਂ ਨੇ ਕੈਲਾਡਨ ਟਰੇਲ ਵਿਖੇ 21 ਕਿਲੋਮੀਟਰ ਅਤੇ 10 ਕਿਲੋਮੀਟਰ ਦੋ ਗਰੁੱਪਾਂ ਵਿਚ ਦੌੜ ਕੇ ਅਤੇ ਤੇਜ਼ ਪੈਦਲ ਚੱਲ ਕੇ ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020 ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਸਰ ਕੀਤਾ। ਨਿਰਧਾਰਤ ਪ੍ਰੋਗਰਾਮ ਅਨੁਸਾਰ ਕਲੱਬ ਦੇ ਮੈਂਬਰ ਸਵੇਰੇ 8.30 ਵਜੇ ਕੈਲਾਡਨ ਸਿਵਿਕ ਹਾਲ ਦੇ ਸਾਹਮਣੇ ਖੁੱਲ੍ਹੀ ਪਾਰਕਿੰਗ ਵਿਚ ਇਕੱਠੇ ਹੋਏ ਅਤੇ ਪ੍ਰਬੰਧਕਾਂ ਵੱਲੋਂ ਆਪਣੇ ਨਾਲ ਲਿਆਂਦੀ ਹੋਈ ਚਾਹ ਦੇ ਨਾਲ ਖੋਏ ਤੇ ਅਲਸੀ ਦੀਆਂ ਪਿੰਨੀਆਂ ਛਕ ਕੇ ਠੀਕ 9.05 ਵਜੇ ਕੈਲਾਡਨ ਟਰੇਲ ਦੇ ਪੱਛਮੀ ਹਿੱਸੇ ਵੱਲ ਚੱਲ ਪਏ। ਇਸ ਮੌਕੇ ਸਾਰਿਆਂ ਨੇ ਆਪਣੇ ਚਿਹਰਿਆਂ ਉੱਪਰ ਮਾਸਕ ਪਹਿਨੇ ਹੋਏ ਸਨ। ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਇਸ ਈਵੈਂਟ ਦੇ ਪ੍ਰਬੰਧਕਾਂ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਦੇ ਸੰਚਾਲਕ ਪਾਲ ਬੈਂਸ ਵੱਲੋਂ ਮੈਂਬਰਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ। ਪਹਿਲੇ ਗਰੁੱਪ ਵਿਚ 21 ਕਿਲੋਮੀਟਰ ਦੌੜਨ ਵਾਲਿਆਂ ਨੂੰ ਹਰੀ ਝੰਡੀ ਦਿੱਤੀ ਗਈ, ਜਦਕਿ ਦੂਸਰੇ ਗਰੁੱਪ ਵਿਚ 10 ਕਿਲੋਮੀਟਰ ਦੌੜਨ/ਤੇਜ਼ ਤੁਰਨ ਵਾਲੇ ਮੈਂਬਰ ਸ਼ਾਮਲ ਕੀਤਾ ਗਿਆ। ਸਾਰੇ ਮੈਂਬਰਾਂ ਵੱਲੋਂ ਆਪਸ ਵਿਚ 5-6 ਮੀਟਰ ਦੀ ਦੂਰੀ ਬਣਾ ਕੇ ਚੱਲਣ ਦੇ ਅਹਿਮ ਨਿਯਮ ਦੀ ਪਾਲਣਾ ਕੀਤੀ ਗਈ। ਟਰੇਲ ઑਤੇ ਦੌੜਾਕਾਂ ਦੀ ਸਹੂਲਤ ਲਈ ਪ੍ਰਬੰਧਕਾਂ ਵੱਲੋਂ ਦੌੜ ਦੇ ਆਰੰਭ ਹੋਣ ਦੇ ਸਥਾਨ ਤੋਂ 2.5 ਕਿਲੋਮੀਟਰ, 5 ਕਿਲੋਮੀਟਰ ਅਤੇ 10.5 ਕਿਲੋਮੀਟਰ ਦੀ ਦੂਰੀ ਦਰਸਾਉਣ ਵਾਲੇ ਸਾਈਨ-ਬੋਰਡ ਲਗਾਏ ਗਏ ਸਨ ਤਾਂ ਜੋ ਕੋਈ ਵੀ ਦੌੜਾਕ ਆਪਣੀ ਸਮਰੱਥਾ ਅਨੁਸਾਰ ਦੌੜਦਿਆਂ/ਚੱਲਦਿਆਂ ਹੋਇਆਂ ਆਪਣੀ ਵਾਪਸੀ ਕਰ ਸਕੇ। ਹੈਰਾਨੀ ਦੀ ਗੱਲ ਸੀ ਕਿ ਜਿਨ੍ਹਾਂ ਨੇ ਇਸ ਦੌੜ ਵਿਚ ਪੰਜ ਕਿਲੋਮੀਟਰ ਦੌੜਨ ਜਾਂ ਪੈਦਲ ਚੱਲਣ ਦਾ ਮਨ ਬਣਾਇਆ ਸੀ, ਉਨ੍ਹਾਂ ਨੇ ਵੀ ਢਾਈ ਕਿਲੋਮੀਟਰ ਦੀ ਦੂਰੀ ਵਾਲੇ ਸਾਈਨਬੋਰਡ ਤੋ ਮੋੜਾ ਨਾ ਪਾਇਆ ਅਤੇ ਸਾਰਿਆਂ ਨੇ 5 ਜਾਂ 10.5 ਕਿਲੋਮੀਟਰ ਵਾਲੇ ਸਾਈਨਬੋਰਡਾਂ ਤੋਂ ਵਾਪਸੀ ਕਰਕੇ 10 ਕਿਲੋਮੀਟਰ ਅਤੇ 21 ਕਿਲੋਮੀਟਰ ਦੌੜ ਕੇ/ਪੈਦਲ ਚੱਲ ਕੇ ਇਸ ਈਵੈਂਟ ਵਿਚ ਆਪਣੀ ਸਫ਼ਲਤਾ ਦਰਜ ਕਰਵਾਈ।
ਕਲੱਬ ਦੇ ਮੈਰਾਥਨ ਦੌੜਾਕਾਂ ਧਿਆਨ ਸਿੰਘ ਸੋਹਲ ਨੇ 21 ਕਿਲੋਮੀਟਰ ਦੀ ਦੂਰੀ 1 ਘੰਟਾ 50 ਮਿੰਟ ਅਤੇ ਸੋਢੀ ਕੰਗ ਨੇ 1 ਘੰਟਾ 53 ਮਿੰਟ ਵਿਚ ਪੂਰੀ ਕੀਤੀ, ਜਦਕਿ ਹੋਰ ਦੌੜਾਕਾਂ ਜਸਵੀਰ ਪਾਸੀ, ਪਰਦੀਪ ਪਾਸੀ, ਸੰਜੂ ਗੁਪਤਾ, ਕਰਮਜੀਤ ਸਿੰਘ ਕੋਚ, ਧਰਮ ਸਿੰਘ, ਕੁਲਦੀਪ ਗਰੇਵਾਲ, ਸਿਮਰਤ ਪਾਲ ਭੁੱਲਰ ਨੇ ਇਸਦੇ ਲਈ ਦੋ ਤੋਂ ਢਾਈ ਘੰਟੇ ਦਾ ਸਮਾਂ ਲਿਆ। ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ (77 ਸਾਲ) ਆਪਣੇ ਰਿਹਾਇਸ਼ੀ ਅਸਥਾਨ ਤੋਂ ਏਅਰਪੋਰਟ ਰੋਡ ਤੱਕ ਵਰਚੂਅਲ ਰੂਪ ਵਿਚ ਦੌੜ ਕੇ ਇਸ ਦੌੜ ਵਿਚ ਸ਼ਾਮਲ ਹੋਏ। ਹੋਰ ਸੀਨੀਅਰ ਮੈਂਬਰਾਂ ਵਿਚ ਕੇਸਰ ਸਿੰਘ ਬੜੈਚ (72), ਸੁਖਦੇਵ ਸਿੰਘ ਝੰਡ (70), ਹਰਭਜਨ ਸਿੰਘ ਗਿੱਲ (69), ਭਜਨ ਸਿੰਘ ਥਿੰਦ (68), ਜਸਵਿੰਦਰ ਸਿੰਘ (67) ਰਜਿੰਦਰ ਸਿੰਘ ਭਿੰਡਰ (67) ਅਤੇ ਪਰਮ ਸਿੱਧੂ ਸ਼ਾਮਲ ਸਨ ਜਿਨ੍ਹਾਂ ਨੇ ਇਸ ਦੌੜ ਵਿਚ 10 ਕਿਲੋਮੀਟਰ ਦੀ ਦੂਰੀ ਤੇਜ਼ ਪੈਦਲ ਚੱਲ ਕੇ ਤੈਅ ਕੀਤੀ। ਦੌੜ ਦੀ ਸਮਾਪਤੀ ‘ਤੇ ਸਾਰਿਆਂ ਨੇ ਏਅਰਪੋਰਟ ਰੋਡ/ ਸੈਂਡਲਵੁੱਡ ਪਲਾਜ਼ੇ ਵਿਚ ਸਥਿਤ ਸਬਵੇਅ ਦੇ ਮਾਲਕ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਕੁਲਦੀਪ ਰੰਧਾਵਾ ਦੇ ਹੱਥ ਭੇਜੇ ਗਏ ਸੇਬਾਂ ਅਤੇ ਜੂਸ ਨਾਲ ਲੰਚ ਕੀਤਾ ਅਤੇ ਘਰਾਂ ਨੂੰ ਵਾਪਸੀ ਲਈ ਚਾਲੇ ਪਾ ਦਿੱਤੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਕਲੱਬ ਦੇ 17 ਮੈਂਬਰਾਂ ਨੇ ਸਕੋਸ਼ੀਆਬੈਂਕ ਵਾਟਰਫ਼ਰੇੰਟ ਵਰਚੂਅਲ ਫੁੱਲ ਅਤੇ ਹਾਫ਼ ਮੈਰਾਥਨ 2020 ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਉਹ ਸਾਰੇ ਇਹ ਲੋੜੀਂਦੀ ਦੂਰੀ ਇਸ ਤੋਂ ਪਹਿਲਾਂ ਵੱਖ-ਵੱਖ ਸਮੇਂ ਵੱਖ-ਵੱਖ ਟਰੇਲਾਂ ‘ਤੇ ਦੌੜ ਕੇ ਪੂਰੀ ਕਰ ਚੁੱਕੇ ਸਨ। ਦੌੜ ਦੇ ਇਸ ਈਵੈਂਟ ઑਤੇ ਇਸ ਮੌਕੇ ਰਸਮੀ ਤੌਰ ‘ਤੇ ਦੌੜ ਕੇ ਉਨ੍ਹਾਂ ਨੇ ਆਪਣੀ ਹਾਜ਼ਰੀ ਲਵਾਈ। ਪੀ.ਟੀ.ਐੱਨ. 24 ਦੇ ਸੰਚਾਲਕ ਚਮਕੌਰ ਸਿੰਘ ਮਾਛੀਕੇ ਅਤੇ ਜ਼ੀ.ਟੀ.ਵੀ. ਦੇ ਨੁਮਾਇੰਦੇ ਦਪਿੰਦਰ ਨੇ ਇਸ ਈਵੈਂਟ ਨੂੰ ਆਪਣੇ ਕੈਮਰਿਆਂ ਵਿਚ ਕੈਦ ਕੀਤਾ। ਅਖ਼ੀਰ ਵਿਚ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਕਲੱਬ ਦੇ ਸਾਰੇ ਮੈਂਬਰਾਂ ਅਤੇ ਮੀਡੀਏ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਈਵੈਂਟ ਨੂੰ ਸਫਲ ਬਣਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ।

RELATED ARTICLES
POPULAR POSTS