Breaking News
Home / ਕੈਨੇਡਾ / ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਮਿਲਟਨ ਦੇ ਮੈਟਾਮੀ ਨੈਸ਼ ਸਾਈਕਲਿੰਗ ਵੈਲੋਡਰੋਮ ਵਿਚ ਕੀਤੀ ਰੱਨਿੰਗ ਤੇ ਸਾਈਕਲਿੰਗ ਦੀ ਪ੍ਰੈਕਟਿਸ

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਮਿਲਟਨ ਦੇ ਮੈਟਾਮੀ ਨੈਸ਼ ਸਾਈਕਲਿੰਗ ਵੈਲੋਡਰੋਮ ਵਿਚ ਕੀਤੀ ਰੱਨਿੰਗ ਤੇ ਸਾਈਕਲਿੰਗ ਦੀ ਪ੍ਰੈਕਟਿਸ

ਬਰੈਂਪਟਨ/ਡਾ. ਝੰਡ : ਕੈਨੇਡਾ ਵਿਚ ਸਰਦੀਆਂ ਦਾ ਮੌਸਮ ਇਨ੍ਹੀਂ ਦਿਨੀਂ ਭਰ-ਜੋਬਨ ‘ ਤੇ ਹੈ ਅਤੇ ਪਿਛਲੇ ਹਫ਼ਤੇ ਹੋਈ ਭਾਰੀ ਬਰਫ਼ਬਾਰੀ ਨਾਲ ਸਰਦੀ ਵਿਚ ਹੋਰ ਵੀ ਚੋਖਾ ਵਾਧਾ ਹੋਇਆ ਹੈ। ਪਰ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀ ਸਤਰ ”ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ” ਅਨੁਸਾਰ ਜਿਨ੍ਹਾਂ ਨੇ ਕੁਝ ਕਰਨ ਦੀ ਠਾਣੀ ਹੋਈ ਹੈ, ਉਹ ਸਰਦੀ-ਗਰਮੀ ਦੀ ਪ੍ਰਵਾਹ ਨਹੀਂ ਕਰਦੇ ਅਤੇ ਧੁਨ ਵਿਚ ਪੱਕੇ ਆਪਣੀ ਮੰਜ਼ਲ ਵੱਲ ਅੱਗੇ ਵੱਧਦੇ ਹੀ ਜਾਂਦੇ ਹਨ।
ਕੁਝ ਇਸ ਤਰ੍ਹਾਂ ਦੇ ਹਾਵ-ਭਾਵ ਲੰਘੇ ਸ਼ਨੀਵਾਰ 28 ਜਨਵਰੀ ਨੂੰ ਮਿਲਟਨ ਸ਼ਹਿਰ ਦੇ ਮੈਟਾਮੀ ਨੈਸ਼ਨਲ ਸਾਈਕਲਿੰਗ ਵੈਲੋਡਰੋਮ ਵਿਚ ਵੇਖਣ ਨੂੰ ਮਿਲੇ ਜਿੱਥੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਦੇ 10 ਮੈਂਬਰ ਦੌੜਨ ਅਤੇ ਸਾਈਕਲਿੰਗ ਦੀ ਪ੍ਰੈਕਟਿਸ ਕਰਨ ਲਈ ਉਚੇਚੇ ਤੌਰ ‘ ਤੇ ਪਹੁੰਚੇ। ਕੁਝ ਦਿਨ ਪਹਿਲਾਂ ਓਨਟਾਰੀਓ ਸੂਬੇ ਵਿਚ ਹੋਈ ਭਾਰੀ ਬਰਫ਼ਬਾਰੀ ਕਾਰਨ ਠੰਡ ਵਿਚ ਚੋਖਾ ਵਾਧਾ ਹੋ ਚੁੱਕਾ ਸੀ ਅਤੇ ਅਜਿਹੇ ਮੌਸਮ ਵਿਚ ਦੌੜਾਕਾਂ ਵੱਲੋਂ ਬਾਹਰ ਕਿਸੇ ਲੰਮੇਂ ਵਾੱਕਵੇਅ ਜਾਂ ਟਰੇਲ ਤੇ ਇਹ ਪ੍ਰੈਕਟਿਸ ਕਰਨੀ ਸੰਭਵ ਨਹੀਂ ਸੀ। ਇਸ ਮੁਸ਼ਕਲ ਦਾ ਹੱਲ ਕਲੱਬ ਦੇ ਕੋਚ ਕਰਮਜੀਤ ਸਿੰਘ ਵੱਲੋਂ ਸੋਚਿਆ ਗਿਆ ਜਿਨ੍ਹਾਂ ਨੇ ਮਿਲਟਨ ਦੇ ਇਸ ਖੁੱਲ੍ਹੇ-ਡੁੱਲ੍ਹੇ ਨੈਸ਼ਨਲ ਸਾਈਕਲਿੰਗ ਵੈਲੋਡਰੋਮ ਦੀ ਖੋਜ ਕੀਤੀ ਅਤੇ ਆਪਣੇ ਸਾਥੀਆਂ ਨੂੰ ਉੱਥੇ ਲੈ ਕੇ ਗਏ। ਉੱਥੇ ਪਹੁੰਚ ਕੇ ਕਲੱਬ ਦੇ ਮੈਂਬਰਾਂ ਨੇ ਦੌੜ ਲਾਈ ਅਤੇ ਸਾਈਕਲਿੰਗ ਦੀ ਪ੍ਰੈਕਟਿਸ ਕੀਤੀ। ਕਈਆਂ ਨੇ ਇਸ ਵੈਲੋਡਰੋਮ ਦੇ ਖੁੱਲ੍ਹੇ ਡੁੱਲ੍ਹੇ ਟਰੈਕ ਉੱਪਰ ਪੈਦਲ ਚੱਲਣ ਦਾ ਵੀ ਆਪਣਾ ਸ਼ੌਕ ਪੂਰਾ ਕੀਤਾ।
ਪ੍ਰੈਕਟਿਸ ਕਰਦਿਆਂ ਇਨ੍ਹਾਂ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਭਰ-ਸਰਦੀਆਂ ਦੇ ਤਿੰਨ-ਚਾਰ ਮਹੀਨੇ ਜਦੋਂ ਬਰਫ਼ ਪੈਣ ਕਾਰਨ ਘਰੋਂ ਬਾਹਰ ਪੈਰ ਧਰਨਾ ਵੀ ਮੁਸ਼ਕਲ ਹੋ ਜਾਂਦਾ ਹੈ, ਉਹ 340 ਮੀਟਰ ਦੇ ਘੇਰੇ ਵਾਲੇ ਇਸ ਵੈਲੋਡਰੋਮ ਵਿਚ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਦੇ ਹਨ। ਏਸੇ ਤਰ੍ਹਾਂ ਗਰਮੀਆਂ ਵਿਚ ਵੀ ਜੁਲਾਈ ਅਗਸਤ ਮਹੀਨਿਆਂ ਦੇ ਭਰ ਚੁਮਾਸਿਆਂ ਵਾਲੇ ਮੌਸਮ ਵਿਚ ਵੀ ਉਹ ਇਸ ਏਅਰ-ਕੰਡੀਸ਼ਨਡ ਵੈਲੋਡਰੋਮ ਵਿਚ ਆਸਾਨੀ ਨਾਲ ਆਪਣੀਆਂ ਸਰਗ਼ਰਮੀਆਂ ਜਾਰੀ ਰੱਖ ਸਕਦੇ ਹਨ। ਉਹ ਅਗਲੇ ਸ਼ਨੀਵਾਰ ਫਿਰ ਉੱਥੇ ਜਾ ਰਹੇ ਹਨ ਅਤੇ ਸਰਦੀਆਂ ਦੇ ਮੌਸਮ ਵਿਚ ਇਹ ਸਿਲਸਿਲਾ ਇੰਜ ਹੀ ਚੱਲਦਾ ਰਹੇਗਾ। ਕਈ ਮੈਂਬਰ ਨੂੰ ਇਹ ਵੈਲੋਡਰੋਮ ਏਨਾ ਪਸੰਦ ਆਇਆ ਕਿ ਉਨ੍ਹਾਂ ਨੇ ਇੱਥੇ ਪ੍ਰੈਕਟਿਸ ਕਰਨ ਲਈ ਮੌਕੇ ‘ ਤੇ ਹੀ ਪੂਰੇ ਸਾਲ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …