Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ ਗਈਆਂ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿੱਚ ਮਲੂਕ ਸਿੰਘ ਕਾਹਲੋਂ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਪੁਸਤਕ ਉੱਪਰ ਡਾ. ਸੁਰਿੰਦਰਜੀਤ ਕੌਰ ਵੱਲੋਂ ਵਿਸਤ੍ਰਿਤ ਪੇਪਰ ਪੇਸ਼ ਕੀਤਾ ਗਿਆ। ਉਪਰੰਤ, ਕੁਝ ਵਿਦਵਾਨਾਂ ਵੱਲੋਂ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਦੌਰਾਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਪੁਸਤਕ ‘ਜ਼ਿੰਦਗੀ ਜਸ਼ਨ ਹੈ’, ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਅਤੇ ਡਾ. ਸੁਰਿੰਦਰਜੀਤ ਕੌਰ ਦੀ ਬਾਲ-ਪੁਸਤਕ ‘ਬੱਚੇ ਮਿੱਠੜੇ ਮੇਵੇ’ ਵੀ ਲੋਕ-ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਡਾ. ਗੁਰਬਖ਼ਸ਼ ਸਿੰਘ ਭੰਡਾਲ, ਪ੍ਰਿੰਸੀਪਲ ਸਰਵਣ ਸਿੰਘ, ਬਲਰਾਜ ਚੀਮਾ, ਪੂਰਨ ਸਿੰਘ ਪਾਂਧੀ, ਡਾ. ਨਵਜੋਤ ਕੌਰ ਅਤੇ ਪੁਸਤਕ ਉੱਪਰ ਪੇਪਰ ਪੇਸ਼ ਕਰਨ ਵਾਲੀ ਲੇਖਿਕਾ ਡਾ. ਸੁਰਿੰਦਰਜੀਤ ਕੌਰ ਸੁਸ਼ੋਭਿਤ ਸਨ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਵੱਲੋਂ ਪੁਸਤਕ ਉੱਪਰ ਪਰਚਾ ਪੇਸ਼ ਕਰਨ ਲਈ ਡਾ. ਸੁਰਿੰਦਰਜੀਤ ਕੌਰ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਪੇਪਰ ਦੇ ਸਿਰਲੇਖ ‘ਕੂਕ ਫ਼ਕੀਰਾ ਕੂਕ ਤੂੰ – ਮਲੂਕ ਸਿੰਘ ਦੀ ਹੂਕ’ ਹੇਠ ਪੁਸਤਕ ਉੱਪਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੇਖਕ ਦੀਆਂ ਇਸ ਤੋਂ ਪਹਿਲਾਂ ਦੋ ਕਾਵਿ-ਪੁਸਤਕਾਂ ‘ਲੋਕ ਵੇਦਨਾ’ ਅਤੇ ‘ਵਿਰਸੇ ਦੇ ਵਾਰਸ’ ਪੰਜਾਬੀ ਪਾਠਕਾਂ ਦੇ ਦ੍ਰਿਸ਼ਟੀ ਗੋਚਰ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਉਸ ਨੇ ਕਿਰਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ, ਉਨ੍ਹਾਂ ਦੇ ਸੰਘਰਸ਼ਮਈ ਜੀਵਨ ਅਤੇ ਪੰਜਾਬ ਦੇ ਵਿਰਸੇ ਦੇ ਵਾਰਸਾਂ ਨੂੰ ਮੁਖ਼ਾਤਿਬ ਹੋ ਕੇ ਇਹ ਅਮੀਰ ਵਿਰਸਾ ਸੰਭਾਲਣ ਦੀ ਗੱਲ ਬਾਖ਼ੂਬੀ ਕੀਤੀ ਹੈ।
ਪੁਸਤਕ ਦੀਆਂ ਕਈ ਕਵਿਤਾਵਾਂ ਵਿੱਚ ਉਹ ਆਪਣੇ ਪਿੰਡ, ਪਰਿਵਾਰ ਦੇ ਪਿਛੋਕੜ ਅਤੇ ਦੋਸਤਾਂ-ਮਿੱਤਰਾਂ ਨੂੰ ਵੀ ਬਾਖ਼ੂਬੀ ਯਾਦ ਕਰਦਾ ਹੈ। ਉਸ ਨੂੰ ਇਹ ਝੋਰਾ ਵੀ ਹੈ ਕਿ ਉਹ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਤੇ ਹੋਰ ਸ਼ਹੀਦਾਂ ਦੇ ਕਦਮ-ਚਿੰਨ੍ਹਾਂ ‘ਤੇ ਨਹੀਂ ਚੱਲ ਸਕਿਆ। ਇਹ ਝੋਰਾ ਉਸ ਦਾ ਨਿੱਜੀ ਨਹੀਂ ਹੈ, ਸਗੋਂ ਇਹ ਤਾਂ ਅਜੋਕੇ ਨੌਜੁਆਨਾਂ ਤੇ ਆਮ ਲੋਕਾਂ ਦਾ ਹੈ ਜੋ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਹਨ। ਪੁਸਤਕ ਉੱਪਰ ਡਾ. ਸੁਖਦੇਵ ਸਿੰਘ ਝੰਡ, ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਸੁਰਜੀਤ ਕੌਰ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਡਾ. ਗੁਰਚਰਨ ਸਿੰਘ ਤੂਰ ਅਤੇ ਪ੍ਰਧਾਨਗੀ-ਮੰਡਲ ਵਿੱਚੋਂ ਪ੍ਰਿੰਸੀਪਲ ਸਰਵਣ ਸਿੰਘ, ਡਾ. ਨਵਜੋਤ ਕੌਰ ਤੇ ਪੂਰਨ ਸਿੰਘ ਪਾਂਧੀ ਵੱਲੋਂ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਗਏ। ਪੁਸਤਕ ਲੇਖਕ ਮਲੂਕ ਸਿੰਘ ਕਾਹਲੋਂ ਵੱਖ-ਵੱਖ ਬੁਲਾਰਿਆਂ ਵੱਲੋਂ ਪੁਸਤਕ ਸਬੰਧੀ ਉਠਾਏ ਗਏ ਨੁਕਤਿਆਂ ਦੇ ਜੁਆਬ ਬੜੇ ਸੋਹਣੇ ਢੰਗ ਨਾਲ ਦਿੱਤੇ ਗਏ ਅਤੇ ਨਾਲ ਹੀ ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਕਵੀ-ਦਰਬਾਰ ਹੋਇਆ ਜਿਸ ਦਾ ਸੰਚਾਲਣ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੀਤਾ ਗਿਆ।
ਅੰਤਰਰਾਸ਼ਟਰੀ ਮਾਂ-ਦਿਵਸ ਨੂੰ ਸਮਰਪਿਤ ਇਸ ਕਾਵਿ-ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਸੁਰਜੀਤ ਕੌਰ, ਪਰਮਜੀਤ ਦਿਓਲ, ਬਲਜੀਤ ਧਾਲੀਵਾਲ, ਸੁਖਚਰਨਜੀਤ ਗਿੱਲ, ਰਮਿੰਦਰ ਵਾਲੀਆ ਦੇ ਨਾਲ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ।
ਕਵੀ ਦਰਬਾਰ ਵਿੱਚ ਮੰਚ-ਸੰਚਾਲਕ ਪਹਿਲਾਂ ਗਾਇਕੀ ਦਾ ਦੌਰ ਆਰੰਭ ਕੀਤਾ ਗਿਆ ਜਿਸ ਵਿੱਚ ਸੱਭ ਤੋਂ ਇਕਬਾਲ ਬਰਾੜ, ਰਿੰਟੂ ਭਾਟੀਆ, ਹਰਜੀਤ ਭੰਮਰਾ ਤੇ ਹਰਜੀਤ ਕੌਰ ਵੱਲੋਂ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਮਾਵਾਂ ਦੇ ਪਿਆਰ ਨਾਲ ਜੁੜੇ ਹੋਏ ਗੀਤ ਸੁਣਾਏ ਗਏ।
ਉਪਰੰਤ, ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ, ਪ੍ਰੀਤਮ ਧੰਜਲ, ਕਰਨ ਚੌਹਾਨ, ਜੱਸੀ ਭੁੱਲਰ, ਸੁਰਿੰਦਰ ਸੂਰ, ਹਰਦਿਆਲ ਝੀਤਾ, ਨਵਜੋਤ ਕੌਰ, ਜਗੀਰ ਸਿੰਘ ਕਾਹਲੋਂ, ਹਰਪਾਲ ਸਿੰਘ ਭਾਟੀਆ, ਪ੍ਰਤੀਕ ਸਿੰਘ, ਹਰਜਿੰਦਰ ਸਿੰਘ ਭਸੀਨ, ਪੰਜਾਬ ਸਿੰਘ ਕਾਹਲੋਂ, ਗਿਆਨ ਸਿੰਘ ਘਈ, ਪਰਮਜੀਤ ਢਿੱਲੋਂ, ਬਲਰਾਜ ਧਾਲੀਵਾਲ, ਹਰਮੇਸ਼ ਜੀਂਦੋਵਾਲ, ਗੁਰਬਖ਼ਸ਼ ਭੰਡਾਲ, ਤਲਵਿੰਦਰ ਮੰਡ, ਸੁਖਦੇਵ ਝੰਡ, ਸਤਪਾਲ ਕੋਮਲ, ਗੁਰਦੇਵ ਸਿੰਘ ਰੱਖੜਾ, ਸੁਰਿੰਦਰਜੀਤ ਕੌਰ, ਪਰਮਜੀਤ ਦਿਓਲ, ਹਰਭਜਨ ਕੌਰ ਗਿੱਲ, ਸੁਖਚਰਨਜੀਤ ਗਿੱਲ, ਸੁਰਜੀਤ ਕੌਰ ਅਤੇ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।
ਇਸ ਮੌਕੇ ਸੁਹਿਰਦ ਸਰੋਤਿਆਂ ਵਿੱਚ ਸ਼ਮਸ਼ੇਰ ਸਿੰਘ ਸੰਧੂ, ਹੀਰਾ ਸਿੰਘ ਹੰਸਪਾਲ, ਨਾਟਕਕਾਰ ਨਾਹਰ ਸਿੰਘ ਔਜਲਾ, ਸੂਰਤ ਸਿੰਘ ਚਾਹਲ, ਹਰਜੀਤ ਸਿੰਘ ਬਾਜਵਾ, ਪੱਤਰਕਾਰ ਹਰਜੀਤ ਬਾਜਵਾ, ਸੁਖਮਿੰਦਰ ਸਿੰਘ ਸੰਧੂ, ਸੁਮੇਲ ਕਮਲ, ਪਵਨ ਕੁਮਾਰ, ਕਰਨੈਲ ਸਿੰਘ ਮਰਵਾਹਾ, ਜਗਦੀਸ਼ ਕੌਰ ਕਾਹਲੋਂ, ਸਰਬਜੀਤ ਕੌਰ ਕਾਹਲੋਂ, ਦਲਜੀਤ ਕੌਰ ਚਾਹਲ, ਮਨਜੀਤ ਕੌਰ ਚੌਹਾਨ, ਅਮਰਜੀਤ ਕੌਰ ਤੇ ਕਈ ਹੋਰ ਸ਼ਾਮਲ ਸਨ।

Check Also

ਪਿਛਲੀਆਂ ਦੋ ਸਫ਼ਲ ਟਰਮਾਂ ਤੋਂ ਬਾਅਦ ਬਰੈਂਪਟਨ ਦੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਨੂੰ ਦਿੱਤੀ ਗਈ ਇੱਕ ਹੋਰ ਟਰਮ

ਦੋ ਔਰਤਾਂ ਤੇ ਇੱਕ ਨਵਾਂ ਮੈਂਬਰ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਬਰੈਂਪਟਨ/ਡਾ. ਝੰਡ : …