Breaking News
Home / ਪੰਜਾਬ / ਰਵਨੀਤ ਬਿੱਟੂ ਨੇ ਗੈਰ ਪੰਜਾਬੀਆਂ ਨੂੰ ਚੇਅਰਮੈਨ ਲਾਉਣ ‘ਤੇ ਮੁੱਖ ਮੰਤਰੀ ਨੂੰ ਘੇਰਿਆ

ਰਵਨੀਤ ਬਿੱਟੂ ਨੇ ਗੈਰ ਪੰਜਾਬੀਆਂ ਨੂੰ ਚੇਅਰਮੈਨ ਲਾਉਣ ‘ਤੇ ਮੁੱਖ ਮੰਤਰੀ ਨੂੰ ਘੇਰਿਆ

ਨਵੀਂ ਦਿੱਲੀ : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸੇਧਦਿਆਂ ਦਿੱਲੀ ਦੇ ਆਮ ਆਦਮੀ ਪਾਰਟੀ ਆਗੂਆਂ ਨੂੰ ਪੰਜਾਬ ਦੇ ਪ੍ਰਸ਼ਾਸਕੀ ਢਾਂਚੇ ਵਿੱਚ ਉੱਚ ਅਹੁਦਿਆਂ ‘ਤੇ ਨਿਯੁਕਤ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਬਿੱਟੂ ਨੇ ਮਾਨ ਨੂੰ ਅਰਵਿੰਦ ਕੇਜਰੀਵਾਲ ਦੀ ‘ਕਠਪੁਤਲੀ’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਠੇਸ ਪਹੁੰਚਾਉਂਦੇ ਹਨ। ਉਨ੍ਹਾਂ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦਾ ਚੇਅਰਪਰਸਨ ਅਤੇ ਦੀਪਕ ਚੌਹਾਨ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ (ਪੀਐੱਲਆਈਡੀਬੀ) ਦਾ ਚੇਅਰਮੈਨ ਨਿਯੁਕਤ ਕਰਨ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰੀਨਾ ਗੁਪਤਾ ਨੇ ਤਾਂ ਖੁੱਲ੍ਹ ਕੇ ਪੰਜਾਬ ਦੇ ਕਿਸਾਨਾਂ ਅਤੇ ਉਦਯੋਗਾਂ ਨੂੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਹੁਣ ਉਹੀ ਇਹ ਅਦਾਰਾ ਚਲਾਵੇਗੀ ਜੋ ਇਨ੍ਹਾਂ ਕਿਸਾਨਾਂ ਤੇ ਉਦਯੋਗਾਂ ਦੇ ਭਵਿੱਖ ਬਾਰੇ ਫੈਸਲੇ ਲੈਂਦਾ ਹੈ। ਦੀਪਕ ਚੌਹਾਨ ਬਾਰੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਉਸਦੀ ਨਿਯੁਕਤੀ ਕਾਬਲੀਅਤ ਨਹੀਂ, ਕੇਵਲ ਕੇਜਰੀਵਾਲ ਦੀ ਚਾਪਲੂਸੀ ਦੇ ਆਧਾਰ ‘ਤੇ ਹੋਈ ਹੈ। ਉਹ ਤਾਂ ਕਿਸੇ ਹੋਰ ਦੇ ਪੀਏ ਦਾ ਪੀਏ ਰਿਹਾ ਹੈ। ਅਜਿਹਾ ਵਿਅਕਤੀ ਪੰਜਾਬ ਦੀ ਉਦਯੋਗਿਕ ਨੀਤੀ ਕਿਵੇਂ ਬਣਾਵੇਗਾ। ਕੇਂਦਰੀ ਰਾਜ ਮੰਤਰੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਤਿੰਨ ਮੁੱਖ ‘ਆਪ’ ਆਗੂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ, ਜੋ ‘ਪੈਰੋਲ ‘ਤੇ ਕੈਦੀ’ ਹਨ, ਉਹ ਹੀ ਅਸਲ ਵਿੱਚ ਪੰਜਾਬ ਚਲਾ ਰਹੇ ਹਨ, ਜਦਕਿ ਮਾਨ ਸਿਰਫ ਉਨ੍ਹਾਂ ਦੇ ਹੁਕਮ ਮੰਨਦੇ ਹਨ। ਉਨ੍ਹਾਂ ਭਗਵੰਤ ਮਾਨ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ।

Check Also

ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ

  ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …