8 C
Toronto
Friday, December 19, 2025
spot_img
Homeਪੰਜਾਬਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਧ ਸਿਹਤ ਸਬੰਧੀ ਬਿੱਲ ਕੈਪਟਨ ਸਰਕਾਰ...

ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਧ ਸਿਹਤ ਸਬੰਧੀ ਬਿੱਲ ਕੈਪਟਨ ਸਰਕਾਰ ਨੇ ਤਾਰਿਆ

ਵਿਧਾਇਕਾਂ ਅਤੇ ਜੇਲ੍ਹ ਬੰਦੀਆਂ ਦੇ ਸਿਹਤ ਖਰਚ ਦੀ ਨਹੀਂ ਹੈ ਕੋਈ ਹੱਦ
ਬਠਿੰਡਾ/ਬਿਊਰੋ ਨਿਊਜ਼ : ‘ਤੰਦਰੁਸਤ ਪੰਜਾਬ’ ਦੇ ਨਾਅਰੇ ਦੇ ਜਿਥੇ ਢੋਲ ਵੱਜ ਰਹੇ ਹਨ, ਉਥੇ ‘ਤੰਦਰੁਸਤ ਵਿਧਾਇਕ’ ਮਿਸ਼ਨ ਚੁੱਪ ਚੁਪੀਤੇ ਚੱਲ ਰਿਹਾ ਹੈ। ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਤੋਂ ਬਿਨਾਂ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ‘ਤੇ ਖ਼ਰਚ ਦੀ ਕੋਈ ਸੀਮਾ ਨਹੀਂ ਹੈ। ਦੂਜੇ ਪਾਸੇ ਸਰਕਾਰੀ ਅਫ਼ਸਰਾਂ/ਮੁਲਾਜ਼ਮਾਂ ਦਾ ਸਿਹਤ ਖ਼ਰਚ ਵੀ ਬੱਝਵਾਂ ਹੈ। ਦਿਲਚਸਪ ਹੈ ਕਿ ਜੇਲ੍ਹਾਂ ਦੇ ਬੰਦੀਆਂ ਦੀ ਸਿਹਤ ‘ਤੇ ਖਰਚ ਕਰਨ ਦੀ ਖੁੱਲ੍ਹੀ ਛੁੱਟੀ ਹੈ। ਕੈਪਟਨ ਹਕੂਮਤ ਦੇ ਪਹਿਲੇ ਵਰ੍ਹੇ ਦੌਰਾਨ ਵਿਧਾਇਕਾਂ/ਸਾਬਕਾ ਵਿਧਾਇਕਾਂ ਦਾ ਸਿਹਤ ਖ਼ਰਚ 23.69 ਲੱਖ ਰੁਪਏ ਰਿਹਾ ਹੈ। ਭਾਵ ਪ੍ਰਤੀ ਵਿਧਾਇਕ ਕਰੀਬ ਡੇਢ ਲੱਖ ਰੁਪਏ ਦੇ ਇਲਾਜ ਖ਼ਰਚੇ ਰਹੇ ਹਨ। ਇਕੱਲੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਪਰਿਵਾਰ ਦਾ ਸਿਹਤ ਖਰਚਾ 14.15 ਲੱਖ ਰੁਪਏ ਰਿਹਾ ਹੈ, ਜੋ ਕੁੱਲ ਖ਼ਰਚ ਦਾ 59.73 ਫ਼ੀਸਦੀ ਬਣਦਾ ਹੈ। ઠਵਿਧਾਇਕ ਸਿਮਰਜੀਤ ਸਿੰਘ ਬੈਂਸ ਆਖਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਨਿਯਮਾਂ ਅਨੁਸਾਰ ਹੀ ਬਣਦਾ ਸਿਹਤ ਖ਼ਰਚ ਕੀਤਾ ਹੈ। ਵਿਧਾਨ ਸਭਾ ਸਕੱਤਰੇਤ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦਾ ਇੱਕ ਵਰ੍ਹੇ ਦਾ ਇਲਾਜ ਖਰਚਾ 2.29 ਲੱਖ ਰੁਪਏ ਰਿਹਾ ਹੈ, ਜਦੋਂ ਕਿ ‘ਆਪ’ ਵਿਧਾਇਕ ਬੁੱਧ ਰਾਮ ਦਾ ਇਲਾਜ ਖਰਚਾ 1.77 ਲੱਖ ਰੁਪਏ ਹੈ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਰੀੜ ਦੀ ਹੱਡੀ ਦੇ ਮਣਕੇ ਹਿੱਲ ਗਏ ਸਨ, ਜਿਨ੍ਹਾਂ ਦਾ ਪੀ.ਜੀ.ਆਈ. ਵਿਚੋਂ ਇਲਾਜ ਚੱਲ ਰਿਹਾ ਹੈ ਤੇ ਇਹ ਖਰਚਾ ਉਥੋਂ ਦਾ ਹੀ ਹੈ। ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਨੱਥੂ ਰਾਮ ਅਤੇ ਵਿਧਾਇਕ ਮਦਨ ਲਾਲ ਦੋਵਾਂ ਦਾ ਸਿਹਤ ਖ਼ਰਚਾ ਡੇਢ-ਡੇਢ ਲੱਖ ਰਿਹਾ ਹੈ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੀ ਸਿਹਤ ‘ਤੇ 1.49 ਲੱਖ ਰੁਪਏ ਖ਼ਰਚੇ ਹਨ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮਹਿਜ਼ 2784 ਰੁਪਏ ਦਾ ਇਲਾਜ ਬਿੱਲ ਵੀ ਸਰਕਾਰੀ ਖ਼ਜ਼ਾਨੇ ਵਿਚੋਂ ਲਿਆ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ 4111 ਰੁਪਏ ਦਾ ਬਿੱਲ ਵੀ ਸਰਕਾਰ ਤੋਂ ਲਿਆ ਹੈ। ਸਭ ਤੋਂ ਛੋਟਾ ਇਲਾਜ ਬਿੱਲ ਸੁਖਪਾਲ ਸਿੰਘ ਭੁੱਲਰ ਦਾ ਹੈ ਜਿਨ੍ਹਾਂ ਨੇ 1750 ਰੁਪਏ ਸਰਕਾਰ ਤੋਂ ਲਏ ਹਨ। ਵਿਧਾਨ ਸਭਾ ਨੇ ਇਨ੍ਹਾਂ ઠਵਿਧਾਇਕਾਂ ਦੇ 35 ਬਿੱਲਾਂ ਦਾ ਭੁਗਤਾਨ ਕੀਤਾ ਹੈ। ઠ ઠਕੈਪਟਨ ਹਕੂਮਤ ਨੇ ਸਭ ਤੋਂ ਵੱਡਾ ਬਿੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭੁਗਤਾਨ ਕੀਤਾ ਹੈ। ਅਮਰੀਕਾ ਵਿਚ ਬਾਦਲ ਨੇ 8 ਫਰਵਰੀ ਤੋਂ 20 ਫਰਵਰੀ ਤੱਕ ਆਪਣੇ ਦਿਲ ਦਾ ਇਲਾਜ ਕਰਾਇਆ ਜਿਸ ਦਾ ਬਿੱਲ ਸਮੇਤ ਹਵਾਈ ਟਿਕਟਾਂ ਦਾ ਖਰਚ ਕਰੀਬ 1 ਕਰੋੜ ਰੁਪਏ ਸੀ। ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ ਦਾ ਬਿੱਲ ਵੀ 3.43 ਕਰੋੜ ਖ਼ਜ਼ਾਨੇ ਵਿਚੋਂ ਭੁਗਤਾਇਆ ਗਿਆ ਸੀ। ਗੱਠਜੋੜ ਸਰਕਾਰ ਸਮੇਂ ਕਈ ਅਕਾਲੀ ਵਜ਼ੀਰਾਂ ਨੇ ਵਿਦੇਸ਼ਾਂ ਵਿਚੋਂ ਆਪਣਾ ਇਲਾਜ ਕਰਾਇਆ ਸੀ। ਮੌਜ ਇਹੋ ਹੈ ਕਿ ਵਿਧਾਇਕ ਕਿਤੋਂ ਵੀ ਇਲਾਜ ਕਰਾ ਸਕਦੇ ਹਨ। ਅਜਿਹੀ ਸਹੂਲਤ ਜੇਲ੍ਹ ਬੰਦੀਆਂ ਨੂੰ ਵੀ ਹੈ। ਜੇਲ੍ਹਾਂ ਦਾ ਸਿਹਤ ਬਜਟ ਕਰੀਬ ਪੰਜ ਕਰੋੜ ਰੁਪਏ ਸਾਲਾਨਾ ਰਿਹਾ ਹੈ। ਬੰਦੀ ਦੇ ਇਲਾਜ ‘ਤੇ ਆਇਆ ਪੂਰਾ ਖਰਚਾ ਸਰਕਾਰੀ ਖ਼ਜ਼ਾਨੇ ਵਿਚੋਂ ਹੁੰਦਾ ਹੈ। ਇਲਾਜ ਖ਼ਰਚ ਦੇ ਨਿਯਮ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪਰੈਲ 2003 ਤੱਕ ਵਿਧਾਇਕਾਂ ਨੂੰ ਨਿਸ਼ਚਿਤ ਭੱਤਾ ਮਿਲਦਾ ਸੀ। ਕਰੀਬ ਢਾਈ ਸੌ ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਦਿੱਤਾ ਜਾਂਦਾ ਸੀ। ਪੰਜਾਬ ਸਰਕਾਰ ਵੱਲੋਂ 20 ਫਰਵਰੀ 2004 ਨੂੰ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਭੱਤਾ ਦੇਣ ਦੀ ਹਦਾਇਤ ਕੀਤੀ ਗਈ ਸੀ। ਮੈਡੀਕਲ ਭੱਤਾ ਵਿਧਾਇਕ ਅਤੇ ਉਸ ਦੇ ਚਾਰ ਆਸ਼ਰਿਤ ਪਰਵਾਰਿਕ ਮੈਂਬਰਾਂ ਨੂੰ ਦਿੱਤੇ ਜਾਣ ਦੀ ਵਿਵਸਥਾ ਹੈ ਤੇ ਮੈਡੀਕਲ ਖ਼ਰਚ ‘ਤੇ ਕੋਈ ਸੀਮਾ ਨਹੀਂ ਹੈ।

RELATED ARTICLES
POPULAR POSTS