ਪਰਦੇਸੀ ਹੋਣਾ ਦੁੱਖਦਾਇਕ ਜ਼ਰੂਰ ਹੁੰਦਾ ਪਰ ਮਹਾਨ ਵੀ ਹੁੰਦਾ : ਸੁਰਜੀਤ ਪਾਤਰ
ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ ਵਲੋਂ ਸੋਮਵਾਰ ਨੂੰ ਇੱਥੇ ਪੰਜਾਬ ਕਲਾ ਭਵਨ ਵਿਖੇ ਲੇਖਕ, ਸ਼ਾਇਰ ਅਤੇ ਪੱਤਰਕਾਰ ਜਸਵੀਰ ਸਿੰਘ ‘ਸ਼ਮੀਲ’ ਨਾਲ ਰੂ-ਬਰੂ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸ਼ਾਇਰ ਸੁਰਜੀਤ ਪਾਤਰ ਨੇ ਕੀਤੀ ਅਤੇ ਪ੍ਰੀਸ਼ਦ ਦੇ ਸਕੱਤਰ ਜਰਨਲ ਲਖਵਿੰਦਰ ਸਿੰਘ ਜੌਹਲ, ਸਮਾਜ ਸੇਵਕ ਐੱਨ. ਆਰ. ਆਈ.ਐਡਵੋਕੇਟ ਹਰਮਿੰਦਰ ਢਿੱਲੋਂ, ਅਮਰਜੀਤ ਘੁੰਮਣ, ਡਾ.ਜਸਪਾਲ ਸਿੰਘ, ਡਾ.ਮਦਨਦੀਪ, ਸ਼ਾਇਰਾ ਸੁਖਵਿੰਦਰ ਅੰਮ੍ਰਿਤ ਤੋਂ ਇਲਾਵਾ ਡਾ. ਮਨਮੋਹਨ ਸਿੰਘ ਦਾਊਂ, ਜਸਵੀਰ ਮੰਡ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਜੇ. ਐੱਸ. ਤੂਰ, ਬਲਜੀਤ ਬਲੀ, ਖ਼ੁਸ਼ਹਾਲ ਲਾਲੀ, ਬਲਵੀਰ ਜੰਡੂ, ਕੈਨੇਡਾ ਤੋਂ ਐਡਵੋਕੇਟ ਕਿਰਨ, ਡਾ.ਗੁਰਮੇਲ, ਡਾ. ਇੰਦੂ ਧਵਨ, ਇੰਜੀਨੀਅਰ ਰਾਜੇਸ਼, ਰਾਕੇਸ਼ ਸ਼ਰਮਾ, ਜੋਗਿੰਦਰ ਟਾਈਗਰ, ਗੁਰਦਰਸ਼ਨ ਮਾਵੀ, ਸੰਜੀਵ ਸ਼ਾਰਦਾ ਅਤੇ ਮਨਜੀਤ ਸਿੱਧੂ ਆਦਿ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਕਰੀਬ 300 ਪੰਛੀਆਂ ‘ਤੇ ਰਾਜਪਾਲ ਸਿੰਘ ਸਿੱਧੂ ਵੱਲੋਂ ਦਹਾਕਿਆਂ ਬੱਧੀ ਕੀਤੇ ਖੋਜ ਕਾਰਜਾਂ ਉੱਤੇ ਆਧਾਰਿਤ ‘ਪੰਜਾਬ ਦੇ ਪੰਛੀ’ ਨਾਮ ਦੀ ਪੰਜਾਬੀ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ, ਜਿਸ ਨੂੰ ਸ਼ਮੀਲ ਨੇ ਸੰਪਾਦਿਤ ਅਤੇ ਹਰਮਿੰਦਰ ਢਿੱਲੋਂ ਵਲੋਂ ਪ੍ਰਕਾਸ਼ਿਤ ਕੀਤਾ ਗਿਆ।
‘ਪੰਜਾਬ ਦੇ ਪੰਛੀ’ ਬਾਰੇ ਹਰਮਿੰਦਰ ਢਿੱਲੋਂ ਨੇ ਦੱਸਿਆ ਕਿ ਇਸ ਦਾ ਮੂਲ ਰਚੇਤਾ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਇਕ ਖੇਤੀਬਾੜੀ ਕਰਨ ਵਾਲਾ ਸਾਧਾਰਨ ਪਰ ਸਿਰੜੀ ਇਨਸਾਨ ਰਾਜਪਾਲ ਸਿੰਘ ਸਿੱਧੂ ਹੈ, ਜਿਸ ਦਾ ਪੰਛੀਆਂ ਨਾਲ ਵਾਹ ਇਕ ਸ਼ਿਕਾਰੀ ਵਜੋਂ ਪਿਆ ਪਰ ਬਾਅਦ ਵਿਚ ਪੰਛੀਆਂ ਨਾਲ ਐਸਾ ਪਿਆਰ ਹੋਇਆ ਕਿ ਪੂਰੀ ਉਮਰ ਹੀ ਪੰਛੀ ਜਗਤ ਨੂੰ ਸਮਰਪਿਤ ਕਰ ਦਿੱਤੀ ਪਰ ਚਾਰ ਦਹਾਕਿਆਂ ਉਪਰੰਤ ਪੰਛੀ ਜਗਤ ਉੱਤੇ ਖੋਜ ਕਾਰਜ ਮੁਕੰਮਲ ਕਰਨ ਦੇ ਬਾਵਜੂਦ ਉਹ ਆਪਣੇ ਜਿੰਦਾ ਜੀ ਕਿਤਾਬ ਪ੍ਰਕਾਸ਼ਿਤ ਨਹੀਂ ਕਰਵਾ ਸਕੇ ਅਤੇ ਸ਼ਮੀਲ ਨੇ ਸਾਲ ਭਰ ਅਣਥੱਕ ਮਿਹਨਤ ਕਰ ਕੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਇਕ ਸ਼ਾਨਦਾਰ ਕੌਫ਼ੀ ਟੇਬਲ ਕਿਤਾਬ ਦੇ ਰੂਪ ਨੂੰ ਪੂਰਨ ਕੀਤਾ। ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਸ਼ਮੀਲ ਬਾਰੇ ਬੋਲਦਿਆਂ ਕਿਹਾ ਕਿ ਪਰਦੇਸੀ ਹੋਣਾ ਦੁੱਖਦਾਇਕ ਜ਼ਰੂਰ ਹੁੰਦਾ ਪਰ ਮਹਾਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਦੇ ਪੰਛੀ’ ਵਾਕਿਆ ਹੀ ਸਾਂਭਣਯੋਗ ਅਤੇ ਪੁਰਸਕਾਰ ਤੇ ਇਨਾਮ ਵਜੋਂ ਦੇਣ ਵਾਲੀ ਕਿਤਾਬ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਸਿੰਘ ਸਿੱਧੂ ਦੇ ਜਨੂਨ ਅਤੇ ਲੰਬੀ ਘਾਲਣਾ ਨੂੰ ਸਲਾਮ ਕਰਦੇ ਹੋਏ ਪੰਜਾਬ ਕਲਾ ਪਰਿਸ਼ਦ ਇਸ ਕਿਤਾਬ ਨੂੰ ਖ਼ਰੀਦੇਗੀ। ਇਸ ਮੌਕੇ ਰੂ-ਬਰੂ ਹੁੰਦਿਆਂ ਸ਼ਮੀਲ ਨੇ ਦੱਸਿਆ ਕਿ ‘ਪੰਜਾਬ ਦੇ ਪੰਛੀ’ ਕਿਤਾਬ ਪੰਜਾਬੀ ਸਾਹਿਤ ਜਗਤ ਲਈ ਜਿੱਥੇ ਇਕ ਖ਼ੂਬਸੂਰਤ ਗਹਿਣੇ ਵਰਗੀ ਅਤੇ ਨਿਵੇਕਲੀ ਖੋਜ ਭਰਪੂਰ ਵੰਨਗੀ ਹੈ, ਉੱਥੇ ਕੁਦਰਤ ਅਤੇ ਚੰਨ ਤਾਰਿਆਂ ਨਾਲੋਂ ਟੁੱਟੇ ਇਨਸਾਨਾਂ ਨੂੰ ਮੁੜ ਤੋਂ ਚੌਗਿਰਦੇ ਨਾਲ ਜੋੜੇਗੀ। ਇਸ ਮੌਕੇ ਸ਼ਮੀਲ ਨੇ ਦੱਸਿਆ ਕਿ ਉਨ੍ਹਾਂ ਦੀ ਸਮਾਜ ਸੇਵੀ ਸੰਸਥਾ ਦ੍ਰਿਸ਼ਟੀ ਪੰਜਾਬ ਵਲੋਂ ਪੰਜਾਬ ਅੰਦਰ ਵਾਤਾਵਰਣ, ਪਸ਼ੂ-ਪੰਛੀਆਂ ਅਤੇ ਪ੍ਰਕਿਰਤੀ ‘ਤੇ ਰਾਜਪਾਲ ਸਿੱਧੂ ਵਾਂਗ ਕੰਮ ਕਰਨ ਵਾਲੇ ਜਨੂੰਨੀਆਂ ਲਈ ‘ਰਾਜਪਾਲ ਸਿੰਘ ਸਿੱਧੂ ਯਾਦਗਿਰੀ ਐਵਾਰਡ’ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਮੀਲ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਪੱਤਰਕਾਰਤਾ ਕਰ ਰਹੇ ਹਨ ਅਤੇ ਲਗਭਗ 10 ਸਾਲਾਂ ਬਾਅਦ ਉਨ੍ਹਾਂ ਦੀ ਇਹ ਫੇਰੀ ਇਕ ਤੀਰਥ ਯਾਤਰਾ ਵਾਂਗ ਹਨ। ਸਵਾਲ-ਜਵਾਬ ਦੌਰਾਨ ਸ਼ਮੀਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਭਰਪੂਰ ਤਸੱਲੀ ਹੈ ਕਿ ਪੱਛਮੀ ਦੇਸ਼ਾਂ ਵਿਚ ਪੰਜਾਬੀ ਅਤੇ ਪੰਜਾਬੀ ਭਾਸ਼ਾ ਨੇ ਮਾਣਮੱਤੀ ਤਰੱਕੀ ਕੀਤੀ ਹੈ ਅਤੇ ਤਰੱਕੀਆਂ ਦੇ ਸਫ਼ਰ ਤੇ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਤੋਂ ਬਾਅਦ ਪੱਛਮੀ ਮੁਲਕਾਂ ਵਿਚ ਇਕ ਤੀਜਾ ਨਵਾਂ ਪੰਜਾਬ ਵਿਕਸਿਤ ਹੋ ਰਿਹਾ ਹੈ।
Check Also
ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੇ ਅਕਾਲੀ ਦਲ ਦਾ ਸੰਕਟ ਹੋਰ ਵਧਾਇਆ
ਸਿੱਖ ਜਥੇਬੰਦੀਆਂ ਵੱਲੋਂ ਧਾਮੀ ਦਾ ਅਸਤੀਫਾ ਦੁਖਦਾਈ ਕਰਾਰ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …