10 C
Toronto
Thursday, October 9, 2025
spot_img
Homeਕੈਨੇਡਾਬਜਟ 'ਚ ਸਿਹਤ, ਸਾਈਬਰ ਸਕਿਊਰਿਟੀ, ਲਿੰਗ-ਸਮਾਨਤਾ ਤੇ ਆਰਥਿਕ ਵਿਕਾਸ ਨੂੰ ਦਿੱਤੀ ਗਈ...

ਬਜਟ ‘ਚ ਸਿਹਤ, ਸਾਈਬਰ ਸਕਿਊਰਿਟੀ, ਲਿੰਗ-ਸਮਾਨਤਾ ਤੇ ਆਰਥਿਕ ਵਿਕਾਸ ਨੂੰ ਦਿੱਤੀ ਗਈ ਪਹਿਲ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 27 ਫ਼ਰਵਰੀ ਨੂੰ ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਬੱਜਟ-2018 ਨੂੰ ਪੇਸ਼ ਕਰਨ ਸਮੇਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਉਨ੍ਹਾਂ ਦੇ ਨਾਲ ਮੌਜੂਦ ਸਨ। ਬੱਜਟ ਵਿਚ ਲਿੰਗ-ਬਰਾਬਰੀ ਅਤੇ ਦੇਸ਼ ਦੇ ਵਿਕਾਸ ਨੂੰ ਕੇਂਦਰ-ਬਿੰਦੂ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਸਿਹਤ, ਸਾਈਬਰ ਸਕਿਊਰਿਟੀ ਅਤੇ ਮੱਧ-ਵਰਗ ਤੇ ਇਸ ਦੇ ਨਾਲ ਹੋਰ ਜੁੜਨ ਵਾਲੇ ਲੋਕਾਂ ਦੀ ਬੇਹਤਰੀ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦਰਸਾਇਆ ਗਿਆ ਹੈ।
ਬੱਜਟ-2018 ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆਂ ਸੋਨੀਆ ਨੇ ਕਿਹਾ, ”ਜਿਹੜੇ ਕਦਮ ਇਸ ਦਿਸ਼ਾ ਵਿਚ ਅਸੀਂ ਅੱਜ ਲੈ ਰਹੇ ਹਾਂ, ਉਨ੍ਹਾਂ ਨਾਲ ਆਉਣ ਵਾਲੇ ਬਦਲਾਵ ਦਾ ਆਨੰਦ ਅੱਗੋਂ ਸਾਡੇ ਬੱਚੇ ਮਾਨਣਗੇ। ਅਸੀਂ ਜਾਣਦੇ ਹਾਂ ਕਿ ਕੈਨੇਡਾ ਵਿਚ ਲਿੰਗ-ਬਰਾਬਰੀ ਲਈ ਅਜੇ ਬਹੁਤ ਕੁਝ ਕਰਨ ਵਾਲਾ ਹੈ ਪ੍ਰੰਤੂ ਅਸੀਂ ਵੇਖਿਆ ਹੈ ਕਿ ਇਹ ਸਹੀ ਦਿਸ਼ਾ ਵਿਚ ਬਿਲਕੁਲ ਸਹੀ ਕਦਮ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਦੇਸ਼ ਨੂੰ ਬਹੁਤ ਲਾਭ ਹੋਵੇਗਾ।” ਬਰੈਂਪਟਨ ਸਾਊਥ ਵਿਚ ਕਰਿਸਟੀਨਾ ਟੌਰਟਿਨਾ ਵੱਲੋਂ ਚਲਾਈ ਜਾ ਰਹੀ ਸਫ਼ਲ ‘ਦੁਕਾਨਦਾਰੀ’ ਦੀ ਉਦਾਹਰਣ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਇਹ ਛੋਟੇ ਬਿਜ਼ਨੈੱਸ ਦੇ ਵਿਕਾਸ ਲਈ ਔਰਤਾਂ ਦੇ ਸ਼ਕਤੀਕਰਣ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਇਸ ਬੱਜਟ ਵਿਚ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ। ਔਰਤਾਂ ਦੀ ਸ਼ਮੂਲੀਅਤ ਅਤੇ ਬਰਾਬਰੀ ਦੇ ਨਾਲ ਨਾਲ ਬੱਜਟ ਵਿਚ ਸਿਹਤ ਖ਼ੇਤਰ ਦੀਆਂ ਲੋੜਾਂ ਵੱਲ ਵੀ ਪੂਰਾ ਧਿਆਨ ਦਿੱਤਾ ਗਿਆ ਹੈ। ਖ਼ਾਸ ਤੌਰ ‘ਤੇ ਇਸ ਵਿਚ 83 ਮਿਲੀਅਨ ਡਾਲਰ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਦੇਣ ਲਈ ਰੱਖੇ ਗਏ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਭੰਗ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦੇਣਾ ਵੀ ਸ਼ਾਮਲ ਹੈ। ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਸੋਨੀਆ ਨੇ ਕਿਹਾ, ”ਭੰਗ ਦੀ ਸੀਮਤ ਵਰਤੋਂ ਦੇ ਕਾਨੂੰਨੀਕਰਨ ਬਾਰੇ ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਕਰਨ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਦੇ ਲਈ ਬੱਜਟ ਵਿਚ ਲੋੜੀਂਦੀ ਵਿਵਸਥਾ ਕੀਤੀ ਗਈ ਹੈ।” ਉਨ੍ਹਾਂ ਕਿਹਾ ਕਿ ਹੈੱਲਥ ਕੇਅਰ ਫ਼ਾਈਲ ਵਿਚ ‘ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ’ ਨੂੰ ਲਾਗੂ ਕਰਨ ਲਈ ‘ਐਡਵਾਈਜ਼ਰੀ ਕੌਂਸਲ’ ਬਨਾਉਣ ਦੀ ਮੱਦ ਸ਼ਾਮਲ ਕੀਤੀ ਗਈ ਹੈ। ਹਾਊਸ ਆਫ਼ ਕਾਮਨਜ਼ ਦੀ ਸਟੈਂਡਿੰਗ ਕਮੇਟੀ ਆਨ ਹੈੱਲਥ ਵੱਲੋਂ ਇਸ ਪ੍ਰੋਗਰਾਮ ਲਈ ਆਪਣੇ ਦੋ ਸਾਲਾਂ ਦੇ ਅਧਿਐੱਨ ਨੂੰ ਆਖ਼ਰੀ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਇਹ ਐਡਵਾਈਜ਼ਰੀ ਕੌਂਸਲ ਅੱਗੋਂ ਦੇਸ਼-ਭਰ ਵਿਚ ਲੋਕਾਂ ਨਾਲ ਅਤੇ ਸਰਕਾਰ ਨਾਲ ਰਾਬਤਾ ਰੱਖੇਗੀ ਅਤੇ ਕੈਨੇਡਾ-ਵਾਸੀਆਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਉਣ ਬਾਰੇ ਵੀ ਲੋੜੀਂਦੀ ਕਾਰਵਾਈ ਕਰੇਗੀ। ਵਿੱਤ ਮੰਤਰੀ ਅਨੁਸਾਰ ਕੈਨੇਡਾ ਦਾ ਅਰਥਚਾਰਾ ਬਾਖ਼ੂਬੀ ਕੰਮ ਕਰ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਮਿਹਨਤੀ ਕੈਨੇਡੀਅਨਾਂ ਨੇ 600,000 ਨੌਕਰੀਆਂ ਪੈਦਾ ਕੀਤੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੌਕਰੀਆਂ ਪੂਰੇ ਸਮੇਂ ਵਾਲੀਆਂ ਹਨ ਅਤੇ ਹੁਣ ਦੇਸ਼ ਵਿਚ ਬੇ-ਰੋਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ਨਾਲੋਂ ਘੱਟ ਹੋਈ ਹੈ। ਨਵੇਂ ਬੱਚਿਆਂ ਦੀ ਕੇਅਰ ਲਈ ‘ਪੇਅਰੈਂਟਲ ਲੀਵ’ ਲਈ ਇਕ ਨਵੀਂ ਪਹੁੰਚ ‘ਇਸ ਦੀ ਵਰਤੋਂ ਕਰੋ ਜਾਂ ਇਸ ਨੂੰ ਛੱਡੋ’ ਸ਼ੁਰੂ ਕੀਤੀ ਗਈ ਹੈ। ਦੇਸ਼ ਵਿਚ ਟੈਕਨਾਲੌਜੀ ਨਾਲ ਸਬੰਧਿਤ ਉਦਯੋਗਾਂ ਲਈ ਸਰਕਾਰ ਆਉਂਦੇ ਪੰਜ ਸਾਲਾਂ ਵਿਚ 155.2 ਮਿਲੀਅਨ ਨਿਵੇਸ਼ ਕਰੇਗੀ ਅਤੇ ਕੈਨੇਡੀਅਨ ਸੈਂਟਰ ਫ਼ਾਰ ਸਾਈਬਰ ਸਕਿਉਰਿਟੀ ਲਈ ਹਰ ਸਾਲ 44.5 ਮਿਲੀਅਨ ਡਾਲਰ ਖ਼ਰਚ ਕੀਤੇ ਜਾਣਗੇ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਨੇ ਕਿਹਾ,”ਅੰਤਰ-ਰਾਸ਼ਟਰੀ ਪੱਧਰ ‘ਤੇ ਇਹ ਅਜੋਕੇ ਸਮੇਂ ਦੀ ਜ਼ਰੂਰਤ ਹੈ ਅਤੇ ਸਰਕਾਰ ਵੱਲੋਂ ਇਹ ਪੂੰਜੀ-ਨਿਵੇਸ਼ ਕਰਨਾ ਬਣਦਾ ਹੀ ਹੈ। ਇਸ ਦੇ ਨਾਲ ਇਸ ਖ਼ੇਤਰ ਵਿਚ ਰੋਜ਼ਗ਼ਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਇਸ ਦਾ ਫ਼ਾਇਦਾ ਹੋਵੇਗਾ ਜਿਹੜੇ ਇਸ ਖ਼ੇਤਰ ਵਿਚ ਕੰਮ ਕਰਨਾ ਚਾਹੁੰਦੇ ਹਨ।”

RELATED ARTICLES
POPULAR POSTS