Breaking News
Home / ਕੈਨੇਡਾ / 41ਵਾਂ ਅਹਿਮਦੀਆ ਮੁਸਲਿਮ ਸਲਾਨਾ ਜਲਸਾ ਮਿਸੀਸਾਗਾ ਦੇ ‘ਇੰਟਰਨੈਸ਼ਨਲ ਸੈਂਟਰ’ ਵਿਚ ਧੂਮ-ਧਾਮ ਨਾਲ ਆਯੋਜਿਤ

41ਵਾਂ ਅਹਿਮਦੀਆ ਮੁਸਲਿਮ ਸਲਾਨਾ ਜਲਸਾ ਮਿਸੀਸਾਗਾ ਦੇ ‘ਇੰਟਰਨੈਸ਼ਨਲ ਸੈਂਟਰ’ ਵਿਚ ਧੂਮ-ਧਾਮ ਨਾਲ ਆਯੋਜਿਤ

ਮਿਸੀਸਾਗਾ/ਡਾ. ਝੰਡ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਹਿਮਦੀਆ ਮੁਸਲਿਮ ਜਮਾਤ ਦਾ 41ਵਾਂ ਤਿੰਨ-ਦਿਨਾਂ ਸਲਾਨਾ ਜਲਸਾ 7, 8 ਅਤੇ 9 ਜੁਲਾਈ ਨੂੰ ਪੂਰੀ ਧੂਮ-ਧਾਮ ਨਾਲ ਹੋਇਆ। ਜਲਸੇ ਦੇ ਦੂਸਰੇ ਦਿਨ ਸ਼ਨੀਵਾਰ ਨੂੰ ਇਸ ਪੱਤਰਕਾਰ ਨੂੰ ਮਿਸੀਸਾਗਾ ਸਥਿਤ ‘ਇੰਟਰਨੈਸ਼ਨਲ ਸੈਂਟਰ’ ਅਹਿਮਦੀਆ ਮੁਸਲਿਮ ਭਰਾਵਾਂ ਦੀ ਖ਼ੂਬ ਰੌਣਕ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਹਾਲ ਨੰ: 5 ਦੇ ਬਾਹਰਵਾਰ ਬਣਾਏ ਗਏ ‘ਰੀਸੈੱਪਸ਼ਨ-ਕਮ-ਰਜਿਸਟ੍ਰੇਸ਼ਨ ਸੈਂਟਰ’ ਵਿਚ ਕਈ ਕੰਪਿਊਟਰਾਂ ‘ਤੇ ਜਲਸੇ ਵਿਚ ਸ਼ਾਮਲ ਹੋਣ ਵਾਲੇ ਚਾਹਵਾਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜ਼ੋਰਾਂ ਵਿਚ ਚੱਲ ਰਿਹਾ ਸੀ। ਹਰੇਕ ਵਿਅੱਕਤੀ ਦੀ ਕੋਈ ਸਰਕਾਰੀ ਫ਼ੋਟੋ ਆਈ.ਡੀ. ਵੇਖ ਕੇ ਅਤੇ ਕੰਪਿਊਟਰ ਵਿਚ ਉਸ ਸਬੰਧੀ ਲੋੜੀਂਦੀ ਜਾਣਕਾਰੀ ਦਰਜ ਕਰਨ ਉਪਰੰਤ ਬਾ-ਕਾਇਦਾ ‘ਐਂਟਰੈਂਸ-ਕਾਰਡ’ ਬਣਾਇਆ ਜਾ ਰਿਹਾ ਸੀ ਅਤੇ ਉਸ ਵਿਚ ਲੱਗੇ ਹੋਏ ਬਕਸੂਏ ਦੀ ਮਦਦ ਨਾਲ ਵਾਲੰਟੀਅਰਾਂ ਵੱਲੋਂ ਉਸ ਦੀ ਜੇਬ ਜਾਂ ਮੋਢੇ ‘ਤੇ ਲਗਾਇਆ ਜਾ ਰਿਹਾ ਸੀ। ਫਿਰ ਸਕਿਉਰਿਟੀ ਪੱਖੋਂ ਮੈਟਲ-ਡੀਟੈੱਕਟਰ ਦਰਵਾਜ਼ੇ ਵਿੱਚੋਂ ਗੁਜ਼ਰ ਕੇ ਜਲਸੇ ਵਾਲੇ ਵਿਸ਼ਾਲ ਹਾਲ ਵਿਚ ਜਾਇਆ ਜਾ ਸਕਦਾ ਸੀ। ਸੱਜੇ ਪਾਸੇ ਇੱਕ ਵੱਡੇ ਹਾਲ ਵਿਚ ਮੀਡੀਆ-ਰੀਸੈੱਪਸ਼ਨ ਅਤੇ ਧਾਰਮਿਕ ਤੇ ਸੱਭਿਆਚਾਰਕ ਪ੍ਰਦਰਸ਼ਨੀ ਦਾ ਪੁਖ਼ਤਾ ਪ੍ਰਬੰਧ ਸੀ। ਆਉਣ ਵਾਲੀਆਂ ਅਹਿਮ-ਸ਼ਖ਼ਸੀਅਤਾਂ ਨੂੰ ਮੀਡੀਆ ਵੱਲੋਂ ਬਾ-ਕਾਇਦਾ ‘ਜੀ ਆਇਆਂ’ ਕਹਿਣ ਉਪਰੰਤ ਉਨ੍ਹਾਂ ਨਾਲ ਸੰਖੇਪ ਗੱਲਬਾਤ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨਾਲ ਤਸਵੀਰਾਂ ਲਈਆਂ ਜਾ ਜਾਂਦੀਆਂ ਸਨ। ਉਨ੍ਹਾਂ ਨੂੰ ਪ੍ਰਦਰਸ਼ਨੀ ਦਾ ਗੇੜਾ ਲੁਆ ਕੇ ਵਾਲੰਟੀਅਰਾਂ ਵੱਲੋਂ ਬੜੇ ਅਦਬ ਨਾਲ ਜਲਸੇ ਵਾਲੇ ਹਾਲ ਵਿਚ ਲਿਜਾਇਆ ਜਾਂਦਾ ਸੀ ਜਿੱਥੇ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਦੇ ਭਾਸ਼ਨ ਚੱਲ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸਰੋਤੇ ਇਨ੍ਹਾਂ ਵਿਖਿਆਨਾਂ ਨੂੰ ਬੜੇ ਗਹੁ ਨਾਲ ਸੁਣ ਰਹੇ ਸਨ।
ਸਲਾਨਾ ਅਹਿਮਦੀਆ ਜਲਸੇ ਦੀ ਅਹਿਮੀਅਤ ਬਾਰੇ ਦੱਸਦਿਆਂ ਵੀ.ਆਈ.ਪੀ. ਵਾਲੰਟੀਅਰ ਡਿਊਟੀ ‘ਤੇ ਤਾਇਨਾਤ ਜਨਾਬ ਮਕਸੂਦ ਚੌਧਰੀ ਨੇ ਕਿਹਾ ਕਿ ਦੂਜੇ ਦਿਨ ਦੀ ਸ਼ਾਮ ਦੇ ਪੰਜ ਵਜੇ ਤੀਕ 20,404 ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਵਾਲੰਟੀਅਰ ਤੇ ਕਈ ਹੋਰ ਰਜਿਸਟ੍ਰੇਸ਼ਨ ਤੋਂ ਬਿਨਾਂ ਵੀ ਇਸ ਵਿਚ ਸ਼ਾਮਲ ਹਨ। ਇਸ ਵਾਰ 28 ਵੱਖ-ਵੱਖ ਮੁਸਲਿਮ ਮੁਲਕਾਂ ਤੋਂ ਲੋਕ ਇਸ ਜਲਸੇ ਵਿਚ ਸ਼ਾਮਲ ਹੋਣ ਲਈ ਆਏ ਹਨ। ਇੱਕ ਹੋਰ ਸਰਗ਼ਰਮ ਵਾਲੰਟੀਅਰ ਅਬਦੁਲ ਬਾਸਤ ਕਮਰ ਦਾ ਇਸ ਮੌਕੇ ਕਹਿਣਾ ਸੀ ਕਿ ਹਿੰਦੋਸਤਾਨ ਦੇ ਗੁਰਦਾਸਪੁਰ ਜ਼ਿਲੇ ਦੇ ਸ਼ਹਿਰ ‘ਕਾਦੀਆਂ’ ਤੋਂ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਦੀ ਅਗਵਾਈ ਵਿਚ 126 ਸਾਲ ਪਹਿਲਾਂ 1891 ਵਿਚ ਲਜਾਇਆ ਗਿਆ ਅਹਿਮਦੀਆ ਮੁਸਲਿਮ ਜਮਾਤ ਦਾ ਇਹ ਜਲਸੇ ਰੂਪੀ ਪੌਦਾ ਹੁਣ ਬਹੁਤ ਵੱਡੇ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਅੱਜ ਸਾਰੇ ਸੰਸਾਰ ਦੇ 210 ਮੁਲਕਾਂ ਵਿਚ ਛਾਵਾਂ ਦੇ ਰਿਹਾ ਹੈ ਅਤੇ ਖ਼ੁਸ਼ੀਆਂ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਟੋਰਾਂਟੋ ਏਰੀਏ ਵਿਚ ਹਰ ਸਾਲ ਇਹ ਜਲਸਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਤਿੰਨ ਦਿਨ ਚੱਲਦੇ ਇਸ ਜਲਸੇ ਵਿਚ ਸ਼ਾਮਲ ਹੋਣ ਲਈ ਬਹੁਤ ਸਾਰੇ ਬਾਹਰਲੇ ਦੇਸ਼ਾਂ ਤੋਂ ਵੀ ਅਹਿਮਦੀਆ ਜਮਾਤ ਦੇ ਬਸ਼ਿੰਦੇ ਆਉਂਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …