Breaking News
Home / ਦੁਨੀਆ / ਡੋਨਾਲਡ ਟਰੰਪ ਵੱਲੋਂ ‘ਗੋਲਡਨ ਡੋਮ’ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਐਲਾਨ

ਡੋਨਾਲਡ ਟਰੰਪ ਵੱਲੋਂ ‘ਗੋਲਡਨ ਡੋਮ’ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਐਲਾਨ

ਪੁਲਾੜ ਤੋਂ ਦਾਗ਼ੀਆਂ ਮਿਜ਼ਾਈਲਾਂ ਤੋਂ ਵੀ ਅਮਰੀਕਾ ਦਾ ਬਚਾਅ ਕਰੇਗੀ ਨਵੀਂ ਪ੍ਰਣਾਲੀ; ਨਵੀਂ ਪ੍ਰਣਾਲੀ ‘ਤੇ ਖ਼ਰਚ ਆਉਣਗੇ 175 ਅਰਬ ਡਾਲਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਵਿੱਖ ਦੀ ‘ਗੋਲਡਨ ਡੋਮ’ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਐਲਾਨ ਕੀਤਾ ਹੈ। ਇਹ ਇਕ ਬਹੁਪੱਧਰੀ ਅਤੇ 175 ਅਰਬ ਡਾਲਰ ਦੀ ਲਾਗਤ ਵਾਲੀ ਪ੍ਰਣਾਲੀ ਹੈ ਜੋ ਪਹਿਲੀ ਵਾਰ ਅਮਰੀਕੀ ਹਥਿਆਰਾਂ ਨੂੰ ਪੁਲਾੜ ‘ਚ ਲਿਜਾਏਗੀ।
ਟਰੰਪ ਨੇ ਓਵਲ ਦਫ਼ਤਰ ‘ਚ ਕਿਹਾ, ”ਮੈਨੂੰ ਉਮੀਦ ਹੈ ਕਿ ਇਹ ਪ੍ਰਣਾਲੀ ਮੇਰੇ ਕਾਰਜਕਾਲ ਦੇ ਅਖੀਰ ਤੱਕ ਪੂਰੀ ਤਰ੍ਹਾਂ ਚਾਲੂ ਹੋ ਜਾਵੇਗੀ।” ਟਰੰਪ ਦਾ ਕਾਰਜਕਾਲ ਸਾਲ 2029 ਤੱਕ ਹੈ।
ਇਸ ਪ੍ਰਣਾਲੀ ‘ਚ ਮਿਜ਼ਾਈਲਾਂ ਨੂੰ ਰੋਕਣ ਦੀ ਸਮਰੱਥਾ ਹੋਵੇਗੀ, ਭਾਵੇਂ ਉਨ੍ਹਾਂ ਨੂੰ ਪੁਲਾੜ ਤੋਂ ਹੀ ਕਿਉਂ ਨਾ ਦਾਗਿਆ ਹੋਵੇ। ਪ੍ਰੋਗਰਾਮ ਬਾਰੇ ਜਾਣਕਾਰੀ ਰੱਖਣ ਵਾਲੇ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਵੱਧ ਹੈ ਕਿ ਜਿਸ ਸਮੇਂ ਦੀ ਟਰੰਪ ਗੱਲ ਕਰ ਰਹੇ ਹਨ, ਉਦੋਂ ਤੱਕ ਇਸ ਗੁੰਝਲਦਾਰ ਪ੍ਰਣਾਲੀ ‘ਚ ਕੁਝ ਸ਼ੁਰੂਆਤੀ ਸਮਰੱਥਾ ਵਿਕਸਤ ਹੋ ਜਾਵੇ।
ਟਰੰਪ ਨੇ ਇਹ ਵੀ ਐਲਾਨ ਕੀਤਾ ਕਿ ਪੁਲਾੜ ਸੰਚਾਲਨ ਦੇ ਉਪ ਮੁਖੀ ਜਨਰਲ ਮਾਈਕਲ ਗੁਏਟਲੀਨ ‘ਤੇ ‘ਗੋਲਡਨ ਡੋਮ’ ਦੀ ਪ੍ਰਗਤੀ ਦੀ ਦੇਖ-ਰੇਖ ਦੀ ਜ ਿਹੋਵੇਗੀ।
ਟਰੰਪ ਨੇ ਇਹ ਵੀ ਦੱਸਿਆ ਕਿ ‘ਗੋਲਡਨ ਡੋਮ’ ਪ੍ਰੋਗਰਾਮ ਬਾਰੇ ਉਨ੍ਹਾਂ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਕੋਈ ਗੱਲ ਨਹੀਂ ਕੀਤੀ ਹੈ ਪਰ ਉਹ ਇਸ ਬਾਰੇ ਸਹੀ ਸਮੇਂ ‘ਤੇ ਚਰਚਾ ਜ਼ਰੂਰ ਕਰਨਗੇ। ‘ਗੋਲਡਨ ਡੋਮ’ ‘ਚ ਜ਼ਮੀਨੀ ਅਤੇ ਪੁਲਾੜ ਆਧਾਰਿਤ ਸਮਰੱਥਾ ਸ਼ਾਮਲ ਕਰਨ ਦੀ ਕਲਪਨਾ ਕੀਤੀ ਗਈ ਹੈ ਜੋ ਸੰਭਾਵਿਤ ਹਮਲੇ ਦੇ ਸਾਰੇ ਚਾਰ ਪ੍ਰਮੁੱਖ ਪੜਾਵਾਂ ‘ਚ ਮਿਜ਼ਾਈਲਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਰੋਕਣ ਦੇ ਸਮਰੱਥ ਹੋਵੇਗੀ। ਪਿਛਲੇ ਕੁਝ ਮਹੀਨਿਆਂ ਤੋਂ ਪੈਂਟਾਗਨ ਵੱਲੋਂ ਵੱਖ ਵੱਖ ਯੋਜਨਾਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।
ਇਜ਼ਰਾਈਲ ਤੋਂ ਪ੍ਰੇਰਿਤ ਹੈ ਟਰੰਪ ਦੀ ਯੋਜਨਾ
ਯੇਰੂਸ਼ਲਮ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐਲਾਨੀ ‘ਗੋਲਡਨ ਡੋਮ’ ਯੋਜਨਾ ਇਜ਼ਰਾਈਲ ਦੀ ਬਹੁ-ਪਰਤੀ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਤੋਂ ਪ੍ਰੇਰਿਤ ਹੈ। ਇਜ਼ਰਾਈਲ ਦੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਫੁੰਡਣ ਵਾਲੀ ਰੱਖਿਆ ਪ੍ਰਣਾਲੀ ਨੂੰ ‘ਆਇਰਨ ਡੋਮ’ ਵਜੋਂ ਜਾਣਿਆ ਜਾਂਦਾ ਹੈ। ਇਹ ਪ੍ਰਣਾਲੀ ਅਮਰੀਕੀ ਹਮਾਇਤ ਨਾਲ ਵਿਕਸਤ ਕੀਤੀ ਗਈ ਹੈ ਅਤੇ ਇਹ ਕਿਸੇ ਵੀ ਨਿਸ਼ਾਨੇ ਵੱਲ ਵੱਧ ਰਹੀ ਮਿਜ਼ਾਈਲ ਨੂੰ ਹਵਾ ‘ਚ ਫੁੰਡਣ ਦੇ ਸਮਰੱਥ ਹੈ। ਇਜ਼ਰਾਇਲੀ ਆਗੂਆਂ ਮੁਤਾਬਕ ਪ੍ਰਣਾਲੀ 100 ਫ਼ੀਸਦ ਸੁਰੱਖਿਆ ਦੀ ਗਾਰੰਟੀ ਨਹੀਂ ਹੈ ਪਰ ਇਹ ਵੱਡਾ ਨੁਕਸਾਨ ਪਹੁੰਚਾਉਣ ਅਤੇ ਬੇਸ਼ੁਮਾਰ ਜਾਨੀ ਨੁਕਸਾਨ ਹੋਣ ਤੋਂ ਰੋਕ ਸਕਦੀ ਹੈ।
ਅਮਰੀਕਾ ਨੇ ਭਾਰਤ ਦੀਆਂ ਗ਼ੈਰਕਾਨੂੰਨੀ ਇਮੀਗ੍ਰੇਸ਼ਨ ਏਜੰਸੀਆਂ ‘ਤੇ ਸ਼ਿਕੰਜਾ ਕੱਸਿਆ
ਆਉਣ ਵਾਲੇ ਸਮੇਂ ਹੋਰ ਸਖਤ ਕਾਰਵਾਈ ਦੀ ਚਿਤਾਵਨੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਸੰਯੁਕਤ ਰਾਜ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦੇਣ ਵਾਲੀਆਂ ਭਾਰਤੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਕਰ ਰਿਹਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਭਾਰਤ ਸਥਿਤ ਟਰੈਵਲ ਏਜੰਸੀਆਂ ਦੇ ਮਾਲਕਾਂ, ਅਧਿਕਾਰੀਆਂ ਅਤੇ ਸੀਨੀਅਰ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਦਮ ਚੁੱਕ ਰਿਹਾ ਹੈ ਜੋ ਜਾਣਬੁੱਝ ਕੇ ਅਮਰੀਕਾ ਵਿਚ ਗੈਰ-ਕਾਨੂੰਨੀ ਪਰਵਾਸ ਦੀ ਸਹੂਲਤ ਦਿੰਦੇ ਹਨ।
ਅਮਰੀਕਾ ਨੇ ਕਿਹਾ ਹੈ ਕਿ ਇਹ ਏਜੰਸੀਆਂ ਗੈਰਕਾਨੂੰਨੀ ਢੰਗ ਨਾਲ ਭਾਰਤ ਤੋਂ ਕਈ ਨੌਜਵਾਨਾਂ ਨੂੰ ਅਮਰੀਕਾ ਭੇਜਦੀਆਂ ਸਨ ਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲਦੀਆਂ ਸਨ ਤੇ ਇਸ ਦੇ ਇਵਜ਼ ਵਿਚ ਨੌਜਵਾਨਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਅਮਰੀਕਾ ਭੇਜਿਆ ਜਾਂਦਾ ਸੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ ਦਾ ਉਦੇਸ਼ ਨਾ ਸਿਰਫ਼ ਵਿਦੇਸ਼ੀ ਨਾਗਰਿਕਾਂ ਨੂੰ ਸੰਯੁਕਤ ਰਾਜ ਵਿੱਚ ਗੈਰਕਾਨੂੰਨੀ ਪਰਵਾਸ ਦੇ ਖ਼ਤਰਿਆਂ ਬਾਰੇ ਸੂਚਿਤ ਕਰਨਾ ਹੈ, ਸਗੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਸਾਧਨਾਂ ਸਮੇਤ ਸਾਡੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਜਵਾਬਦੇਹ ਬਣਾਉਣਾ ਹੈ।

Check Also

ਡੋਨਾਲਡ ਟਰੰਪ ਨੇ ਟੈਰਿਫ ਡੈਡਲਾਈਨ 1 ਅਗਸਤ ਤੱਕ ਵਧਾਈ

  ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਵਾਸ਼ਿੰਗਟਨ/ਬਿਊਰੋ ਨਿਊਜ਼ …