Breaking News
Home / ਦੁਨੀਆ / ਬਰਤਾਨਵੀ ‘ਸਕਿਪਿੰਗ ਸਿੱਖ’ ਰਾਜਿੰਦਰ ਸਿੰਘ ਦਾ ਸਨਮਾਨ

ਬਰਤਾਨਵੀ ‘ਸਕਿਪਿੰਗ ਸਿੱਖ’ ਰਾਜਿੰਦਰ ਸਿੰਘ ਦਾ ਸਨਮਾਨ

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ‘ਪੁਆਇੰਟਸ ਆਫ਼ ਲਾਈਟ ਆਨਰ’ ਨਾਲ ਨਿਵਾਜਿਆ
ਲੰਡਨ/ਬਿਊਰੋ ਨਿਊਜ਼
ਕਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਰੱਸੀ ਟੱਪਣ ਵਾਲੇ ਆਪਣੇ ਵੀਡੀਓ ਦੀ ਮਦਦ ਨਾਲ ਬਰਤਾਨੀਆ ਦੀ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਲਈ ਫੰਡ ਜੁਟਾ ਕੇ ਸੋਸ਼ਲ ਮੀਡੀਆ ‘ਤੇ ਛਾ ਜਾਣ ਵਾਲੇ 73 ਸਾਲਾਂ ‘ਸਕਿਪਿੰਗ ਸਿੱਖ’ (ਰੱਸੀ ਟੱਪਣਾ ਸਿੱਖ) ਰਾਜਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ‘ਪੁਆਇੰਟਸ ਆਫ਼ ਲਾਈਟ ਆਨਰ’ ਨਾਲ ਨਿਵਾਜਿਆ ਹੈ। ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਜਿੰਦਰ ਸਿੰਘ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿਚ ਆਪਣੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਪਾਏ ਸਨ, ਜਿਨ੍ਹਾਂ ਵਿੱਚ ਉਹ ਕਸਰਤ ਕਰਦੇ ਵਿਖਾਈ ਦਿੰਦੇ ਹਨ। ਉਨ੍ਹਾਂ ਦੀ ਵੀਡੀਓ ਨੂੰ ਯੂ-ਟਿਊਬ ‘ਤੇ 2,5,000 ਤੋਂ ਵੱਧ ਲੋਕਾਂ ਨੇ ਵੇਖਿਆ ਸੀ, ਜਿਸ ਰਾਹੀਂ ਲੋਕਾਂ ਨੂੰ ਤਾਲਾਬੰਦੀ ਵਿਚ ਚੁਸਤ-ਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਤੇ ਐੱਨਐੱਚਐੱਸ ਨੂੰ ਦਾਨ ਦੇਣ ਲਈ 12,000 ਪਾਊਂਡ ਤੋਂ ਵੱਧ ਪੈਸੇ ਇਕੱਠੇ ਕੀਤੇ। ਪ੍ਰਧਾਨ ਮੰਤਰੀ ਜੌਹਨਸਨ ਨੇ ਰਜਿੰਦਰ ਸਿੰਘ ਨੂੰ ਭੇਜੇ ਇੱਕ ਨਿੱਜੀ ਪੱਤਰ ਵਿਚ ਲਿਖਿਆ, ‘ਤੁਹਾਡੇ ‘ਸਕਿਪਿੰਗ ਸਿੱਖ’ ਫਿਟਨੈੱਸ ਵੀਡੀਓ ਨੇ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ, ਜਿਨ੍ਹਾਂ ਇਹ ਵੀਡੀਓ ਆਨਲਾਈਨ ਵੇਖੇ ਤੇ ਤੁਹਾਡੇ ਨਾਲ ਰੋਜ਼ ਕਸਰਤ ਕੀਤੀ। ਤੁਸੀਂ ਗੁਰਦੁਆਰੇ ਬੰਦ ਹੋਣ ਦੌਰਾਨ ਵੀ ਸਿੱਖ ਸਮਾਜ ਨੂੰ ਇਕੱਠਾ ਕਰਨ ਤੇ ਉਨ੍ਹਾਂ ਵਿੱਚ ਊਰਜਾ ਸੰਚਾਰ ਕਰਨ ਲਈ ਬਿਹਤਰੀਨ ਤਰੀਕਾ ਲੱਭਿਆ। ਉਨ੍ਹਾਂ ਕਿਹਾ, ‘ਸਾਡੇ ਅਸਧਾਰਨ ਐੱਨਐੱਚਐੱਸ ਨੂੰ ਤੁਸੀਂ ਜੋ ਸਹਿਯੋਗ ਦੇ ਰਹੇ ਹੋ ਤੇ ਤਾਲਾਬੰਦੀ ਵਿੱਚ ਰੱਸੀ ਕੁੱਦਣ ਦੀ ਚੁਣੌਤੀ ਰਾਹੀਂ ਤੁਸੀਂ ਦੇਸ਼ ਦੇ ਲੋਕਾਂ ਨੂੰ ਰੱਸੀ ਟੱਪਣ ਤੇ ਆਪਣਾ ਮਨੋਬਲ ਉੱਚਾ ਰੱਖਣ ਲਈ ਜਿਸ ਢੰਗ ਨਾਲ ਉਤਸ਼ਾਹਿਤ ਕਰ ਰਹੇ ਹੋ, ਉਸ ਲਈ ਮੈਂ ਨਿੱਜੀ ਤੌਰ ‘ਤੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ।’ ਪ੍ਰਧਾਨ ਮੰਤਰੀ ‘ਪੁਆਇੰਟ ਆਫ ਲਾਈਟ ਪੁਰਸਕਾਰ’ ਹਰ ਹਫ਼ਤੇ ਦੇ ਅਖੀਰ ਵਿਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੇ ਸਮਾਜ ਵਿਚ ਤਬਦੀਲੀ ਲਿਆ ਰਹੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …