ਓਟਵਾ/ਬਿਊਰੋ ਨਿਊਜ਼ : ਲਿਬਰਲ ਐਮ ਪੀ, ਜਿਸ ਨੂੰ ਚੋਣਾਂ ਦੌਰਾਨ ਕਥਿਤ ਤੌਰ ‘ਤੇ ਚੀਨ ਦੀ ਦਖਲਅੰਦਾਜ਼ੀ ਕਾਰਨ ਫਾਇਦਾ ਹੋਇਆ ਸੀ, ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਦੀ ਨਾਮਜ਼ਦਗੀ ਕੈਂਪੇਨ ਦੌਰਾਨ ਵਿਦੇਸ਼ੀ ਸਰਕਾਰ ਨੇ ਉਸ ਦੀ ਮਦਦ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਨ ਡੌਂਗ ਨੇ ਆਖਿਆ ਕਿ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਕੋਈ ਪੇਸ਼ਕਸ਼ ਵਿਦੇਸ਼ੀ ਸਰਕਾਰ ਵੱਲੋਂ ਕੀਤੀ ਗਈ ਤੇ ਨਾ ਹੀ ਉਨ੍ਹਾਂ ਕਦੇ ਇਸ ਤਰ੍ਹਾਂ ਦੀ ਮਦਦ ਸਵੀਕਾਰੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੈਨੇਡੀਅਨ ਹਨ ਤੇ ਲਿਬਰਲਾਂ ਵੱਲੋਂ ਉਨ੍ਹਾਂ ਨੂੰ ਡੌਨ ਵੈਲੀ ਨੌਰਥ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਉਹ ਸਿਰਫ ਆਪਣੇ ਕੰਮ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।
ਪਿਛਲੇ ਮਹੀਨੇ ਗਲੋਬਲ ਨਿਊਜ਼ ਵਿੱਚ ਛਪੀ ਰਿਪੋਰਟ ਵਿੱਚ ਆਖਿਆ ਗਿਆ ਸੀ ਕਿ ਸੀਐਸਆਈਐਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2019 ਦੀਆਂ ਚੋਣਾਂ ਤੋਂ ਪਹਿਲਾਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਇੱਕ ਲਿਬਰਲ ਉਮੀਦਵਾਰ ਚੀਨ ਦੇ ਵਿਦੇਸ਼ੀ ਦਖਲ ਵਾਲੇ ਨੈੱਟਵਰਕ ਦਾ ਹਿੱਸਾ ਹੈ। ਪਰ ਮੀਡੀਆ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਗਈ। ਓਨਟਾਰੀਓ ਦੇ ਸਾਬਕਾ ਐਮਪੀਪੀ ਤੇ ਮੌਜੂਦਾ ਐਮਪੀ ਡੌਂਗ, ਡੌਨ ਵੈਲੀ ਨੌਰਥ ਹਲਕੇ ਤੋਂ 2019 ਤੇ 2021 ਦੌਰਾਨ ਚੁਣੇ ਗਏ ਸਨ। ਪ੍ਰਾਪਤ ਰਿਪੋਰਟਾਂ ਅਨੁਸਾਰ ਡੌਂਗ ਨੂੰ ਕਿਸੇ ਵੀ ਹੋਰ ਚੀਨੀ ਕੈਨੇਡੀਅਨ ਲਿਬਰਲ ਉੱਤੋਂ ਚੀਨ ਵੱਲੋਂ ਤਰਜੀਹ ਦਿੱਤੀ ਗਈ ਸੀ ਤੇ ਉਹ ਚੀਨ ਦੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੈੱਟਵਰਕ ਦਾ ਵੀ ਹਿੱਸਾ ਸਨ। ਟਰੂਡੋ ਵੱਲੋਂ ਡੌਂਗ ਦਾ ਪੱਖ ਪੂਰਦਿਆਂ ਇਸ ਦਾਅਵੇ ਤੋਂ ਇਨਕਾਰ ਕੀਤਾ ਗਿਆ ਕਿ ਸੀਐਸਆਈਐਸ ਨੇ ਉਨ੍ਹਾਂ ਨੂੰ ਇਸ ਉਮੀਦਵਾਰ ਨੂੰ ਨਾ ਚੁਣਨ ਲਈ ਚੇਤਾਵਨੀ ਦਿੱਤੀ ਸੀ। ਟਰੂਡੋ ਨੇ ਪਿਛਲੇ ਮਹੀਨੇ ਮਿਸੀਸਾਗਾ ਵਿੱਚ ਕੀਤੀ ਇੱਕ ਕਾਨਫਰੰਸ ਵਿੱਚ ਵੀ ਇਹ ਆਖਿਆ ਸੀ ਕਿ ਡੌਂਗ ਸਾਡੀ ਟੀਮ ਦਾ ਕਮਾਲ ਦਾ ਮੈਂਬਰ ਹੈ ਤੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਕੈਨੇਡਾ ਲਈ ਵਫਾਦਾਰ ਨਹੀਂ। ਇਸ ਦੌਰਾਨ ਉਨ੍ਹਾਂ ਪਹਿਲੀ ਵਾਰੀ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਡੌਂਗ ਨੇ ਆਖਿਆ ਕਿ ਉਨ੍ਹਾਂ ਉੱਤੇ ਅਪੁਸ਼ਟ ਦੋਸ਼ ਗੁੰਮਨਾਮ ਸਰੋਤਾਂ ਵੱਲੋਂ ਲਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਨਾਮਜ਼ਦਗੀ ਵਿੱਚ ਚੀਨੀ ਸਰਕਾਰ ਦਾ ਕੋਈ ਹੱਥ ਨਹੀਂ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …