Breaking News
Home / ਜੀ.ਟੀ.ਏ. ਨਿਊਜ਼ / ਕਮਿਊਨਿਟੀ ਸੁਰੱਖਿਆ ਲਈ ਖਰਚੇ ਜਾਣਗੇ 20 ਮਿਲੀਅਨ ਡਾਲਰ

ਕਮਿਊਨਿਟੀ ਸੁਰੱਖਿਆ ਲਈ ਖਰਚੇ ਜਾਣਗੇ 20 ਮਿਲੀਅਨ ਡਾਲਰ

ਪੀਲ ਪੁਲਿਸ ਉਕਤ ਨਿਵੇਸ਼ ਨਾਲ ਬੰਦੂਕਾਂ, ਗਿਰੋਹਾਂ ਆਦਿ ਨਾਲ ਨਜਿੱਠਣ ਲਈ ਤੇ ਗਲੀਆਂ ਮੁਹੱਲਿਆਂ ਨੂੰ ਸੁਰੱਖਿਅਤ ਬਣਾਉਣ ਲਈ ਨਿਭਾਏਗੀ ਭੂਮਿਕਾ
ਮਿਸੀਸਾਗਾ : ਉਨਟਾਰੀਓ ਸਰਕਾਰ ਪੁਲਿਸ ਅਫਸਰਾਂ ਨੂੰ ਕਮਿਊਨਿਟੀ ਪੁਲਿਸਿੰਗ ਵਧਾਉਣ, ਬੰਦੂਕਾਂ ਅਤੇ ਗਰੋਹਾਂ ਸਬੰਧੀ ਹਿੰਸਾ ਦਾ ਸਾਹਮਣਾ ਕਰਨ ਅਤੇ ਗਲੀਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਉਪਕਰਣ ਅਤੇ ਸਾਧਨ ਪ੍ਰਦਾਨ ਕਰਨ ਲਈ ਪੀਲ ਰੀਜ਼ਨਲ ਪੁਲਿਸ ਨੂੰ 20.5 ਮਿਲੀਅਨ ਡਾਲਰ ਪ੍ਰਦਾਨ ਕਰ ਰਹੀ ਹੈ। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸਾਡੀ ਸਰਕਾਰ ਬੰਦੂਕਾਂ ਅਤੇ ਗਰੋਹਾਂ ਸਬੰਧੀ ਹਿੰਸਾ ਵਿਰੁੱਧ ਲੜਨ ਅਤੇ ਸੁਰੱਖਿਅਤ ਭਾਈਚਾਰਿਆਂ ਦੀ ਉਸਾਰੀ ਲਈ ਸਾਡੀ ਤਾਕਤ ਵਿਚ ਸਭ ਕੁਝ ਕਰ ਰਹੀ ਹੈ। ਅੱਜ ਅਸੀਂ ਵਰਦੀ ਵਿਚ ਆਪਣੇ ਮਰਦਾਂ ਅਤੇ ਔਰਤਾਂ ਨੂੰ ਹੋਰ ਵਧੇਰੇ ਸਾਧਨ ਦੇ ਰਹੇ ਹਾਂ ਤਾਂ ਕਿ ਉਹ ਹਿੰਸਕ ਅਪਰਾਧੀਆਂ ਨੂੰ ਨਿਸ਼ਾਨਾ ਬਣਾ ਸਕਣ ਅਤੇ ਉਨਾਂ ਨੂੰ ਸ਼ਲਾਖਾਂ ਪਿੱਛੇ ਪਾ ਸਕਣ, ਜਿੱਥੇ ਉਨਾਂ ਨੂੰ ਹੋਣਾ ਚਾਹੀਦਾ ਹੈ।
ਫੰਡਿੰਗ ਦਾ ਕੁਝ ਹਿੱਸਾ ਪੀਲ ਰੀਜ਼ਨਲ ਪੁਲਿਸ ਦੇ ਕਮਿਊਨਿਟੀ ਮੋਬਿਲਾਈਜੇਸ਼ਨ ਪ੍ਰੋਗਰਾਮ ਵੱਲ ਜਾਵੇਗਾ। ਇਹ ਪਹਿਲ ਪੁਲਿਸ ਅਫਸਰਾਂ ਨੂੰ ਉਨਾਂ ਛੋਟੀਆਂ ਟੀਮਾਂ ਨਾਲ ਨਿਯੁਕਤ ਕਰਦੀ ਹੈ ਜੋ ਗੁਆਂਢ ਦੀਆਂ ਨਿਗਰਾਨੀਆਂ, ਟਾਊਨ ਹਾਲ ਮੀਟਿੰਗਾਂ ਅਤੇ ਸਭਿਆਚਾਰਕ ਕਮਿਊਨਿਟੀ ਪਹੁੰਚ ਸਮੇਤ ਸੁਰੱਖਿਆ ਵਿਚ ਸੁਧਾਰ ਲਿਆਉਣ ਲਈ ਪ੍ਰੋਜੈਕਟਾਂ ‘ਤੇ ਕਮਿਊਨਿਟੀ ਦੇ ਮੈਂਬਰਾਂ ਦੇ ਨਾਲ ਸਿੱਧੇ ਤੌਰ ‘ਤੇ ਕੰਮ ਕਰਦੀ ਹੈ। ਇਹ ਪਹਿਲ ਸੂਬੇ ਦੇ 195 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਦਾ ਇਕ ਹਿੱਸਾ ਹੈ, ਜੋ ਸੂਬਾ ਅਗਲੇ ਤਿੰਨ ਸਾਲਾਂ ਵਿਚ ਸੂਬੇ ਦੇ ਨਵੇਂ ਕਮਿਊਨਿਟੀ ਸੇਫਟੀ ਐਂਡ ਪੋਲੀਸਿੰਗ (ਸੀਐਸਪੀ) ਗ੍ਰਾਂਟ ਪ੍ਰੋਗਰਾਮ ਰਾਹੀਂ ਕਰ ਰਿਹਾ ਹੈ, ਜੋ ਪਿਛਲੇ ਮਹੀਨੇ ਐਲਾਨ ਕੀਤੀ ਗਈ ਸੀ।
ਸਾਲਿਸਿਟਰ ਜਨਰਲ, ਸਿਲਵੀਆ ਜੋਨਜ਼ ਨੇ ਕਿਹਾ ਕਿ ਸਾਡੀਆਂ ਪੁਲਿਸ ਸੇਵਾਵਾਂ ਅਤੇ ਉਨਾਂ ਦੇ ਸਾਥੀ ਸਭ ਤੋਂ ਬਿਹਤਰ ਜਾਣਦੇ ਹਨ ਕਿ ਉਨਾਂ ਨੂੰ ਆਪਣੇ ਭਾਈਚਾਰਿਆਂ ਵਿਚ ਅਪਰਾਧ ਦਾ ਸਾਹਮਣਾ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। ਅੱਜ ਅਸੀਂ ਪੀਲ ਰੀਜ਼ਨ ਵਿਚ ਜੋ ਨਿਵੇਸ਼ ਕਰ ਰਹੇ ਹਾਂ, ਉਹ ਫਰੰਟ ਲਾਈਨ ਤੇ ਵਾਧੂ ਅਫਸਰਾਂ ਨੂੰ ਤਾਇਨਾਤ ਕਰਨ ਅਤੇ ਜਿੱਥੇ ਤੇ ਜਦੋਂ ਇਸਦੀ ਸਭ ਤੋਂ ਵੱਧ ਲੋੜ ਹੈ, ਕਾਰਵਾਈ ਕਰਨ ਵਿਚ ਮੱਦਦ ਕਰੇਗਾ। ਇਸ ਤੋਂ ਇਲਾਵਾ ਸਥਿਰ ਅਤੇ ਇਕਸਾਰ ਫੰਡਿੰਗ ਉਨਟਾਰੀਓ ਦੀ ਗੰਨਜ਼, ਗੈਂਗਜ਼ ਐਂਡ ਵਾਇਓਲੈਂਸ ਰਿਡਕਸ਼ਨ ਸਟ੍ਰੇਟਜੀ ਦੇ ਹਿੱਸੇ ਵਜੋਂ ਬੰਦੂਕਾਂ ਅਤੇ ਗਰੋਹਾਂ ਸਬੰਧੀ ਹਿੰਸਾ ਵਿਰੁੱਧ ਪੀਲ ਰੀਜ਼ਨਲ ਪੁਲਿਸ ਦੀ ਲੜਾਈ ਦਾ ਸਮਰਥਨ ਕਰਨ ਵਿਚ ਮੱਦਦ ਕਰੇਗੀ। ਦੋਵੇਂ ਪਹਿਲਾਂ ਉਸ ਨਿਵੇਸ਼ ਤੇ ਅੱਗੇ ਕੰਮ ਕਰਦੀਆਂ ਹਨ, ਜਿਸ ਲਈ ਉਨਟਾਰੀਓ ਇਸ ਸਾਲ ਤੋਂ ਸ਼ੁਰੂ ਕੀਤੇ ਜਾ ਰਹੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਹਥਿਆਰਾਂ ਸਬੰਧੀ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਚਲਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਪੀਲ ਖੇਤਰ ਵਿਚ ਇਕ ਇੰਟੈਨਸਿਵ ਫਾਇਰ ਆਰਮ ਬੇਲ ਟੀਮ ਬਣਾਉਣ ਲਈ ਪਹਿਲਾਂ ਹੀ ਵਚਨਬੱਧ ਹੈ।
ਪੀਲ ਪੁਲਿਸ ਦਾ ਪਹਿਲਾ ਕੰਮ ਜਨਤਾ ਦੀ ਸੁਰੱਖਿਆ ਕਰਨਾ : ਨਿਸ਼ਾਨ ਦੁਰਯੱਪਾਹ
ਜਨਤਾ ਦੀ ਸੁਰੱਖਿਆ ਕਰਨਾ ਪੀਲ ਰੀਜ਼ਨਲ ਪੁਲਿਸ ਲਈ ਸਭ ਤੋਂ ਪਹਿਲਾਂ ਹੈ। ਇਹ ਕਹਿਣਾ ਹੈ ਕਿ ਪੀਲ ਰੀਜ਼ਨਲ ਪੁਲਿਸ ਮੁਖੀ ਨਿਸ਼ਾਨ ਦੁਰਯੱਪਾਹ ਦਾ। ਉਨਾਂ ਕਿਹਾ ਕਿ ਇਹ ਸੂਬਾਈ ਫੰਡਿੰਗ ਬੰਦੂਕਾਂ ਅਤੇ ਗਰੋਹਾਂ ਸਬੰਧੀ ਹਿੰਸਾ ਨੂੰ ਘਟਾਉਣ ਅਤੇ ਖਤਮ ਕਰਨ ਲਈ ਸਾਡੀ ਵਿਆਪਕ ਪਹੁੰਚ ਵੱਲ ਮੱਦਦ ਕਰੇਗੀ। ਪੀਲ ਪੁਲਿਸ ਮੁਖੀ ਨੇ ਕਿਹਾ ਕਿ ਅਸੀਂ ਆਪਣੀ ਕਮਿਊਨਿਟੀ ਵਿਚ ਇਸ ਗੰਭੀਰ ਜੋਖਮ ਪ੍ਰਤੀ ਆਪਣੀ ਪ੍ਰਤੀਕਿਰਿਆ ਨੂੰ ਵਧਾਉਣ ਦੀ ਉਮੀਦ ਕਰਦੇ ਹਾਂ।
ਸਿਟੀ ਆਫ ਬਰੈਂਪਟਨ ਵੱਲੋਂ ਸਵਾਗਤ
ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਉਨਟਾਰੀਓ ਸਰਕਾਰ ਵੱਲੋਂ ਕਮਿਊਨਿਟੀ ਦੀ ਸੇਫਟੀ ਤੇ ਜੁਰਮ ਦੀ ਰੋਕਥਾਮ ਲਈ ਪੀਲ ਰੀਜਨਲ ਪੁਲਿਸ ਵਾਸਤੇ ਐਲਾਨੇ ਗਏ 20.5 ਮਿਲੀਅਨ ਡਾਲਰ ਦਾ ਸਵਾਗਤ ਕੀਤਾ ਗਿਆ ਹੈ। ਇਹ ਰਕਮ ਕਮਿਊਨਿਟੀ ਸੇਫਟੀ ਸਬੰਧੀ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਐਲਾਨੀ ਗਈ ਹੈ। ਇਸ ਐਲਾਨ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ, ਜਿਹੜੇ ਪੀਲ ਪੁਲਿਸ ਸਰਵਿਸ ਬੋਰਡ ਦੇ ਵੀ ਮੈਂਬਰ ਹਨ, ਨੇ ਇਸ ਨਿਵੇਸ਼ ਦੀ ਅਹਿਮੀਅਤ ਦਾ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਇਸ ਨਾਲ ਪੀਲ ਰੀਜਨਲ ਪੁਲਿਸ ਦੇ ਕਮਿਊਨਿਟੀ ਮੋਬਿਲਾਈਜ਼ੇਸ਼ਨ ਪ੍ਰੋਗਰਾਮ ਤੇ ਓਨਟਾਰੀਓ ਦੇ ਗੰਨਜ਼, ਗੈਂਗਜ਼ ਤੇ ਵਾਇਲੰਸ ਰਿਡਕਸ਼ਨ ਸਟਰੈਟੇਜੀ ਨੂੰ ਮਦਦ ਮਿਲੇਗੀ। ਸਿਟੀ ਆਫ ਬਰੈਂਪਟਨ ਵੱਲੋਂ ਮਜ਼ਬੂਤ ਤੇ ਸੁਰੱਖਿਅਤ ਕਮਿਊਨਿਟੀਜ਼ ਦੇ ਨਿਰਮਾਣ ਵਿੱਚ ਸਰਕਾਰ ਦੇ ਅਹਿਮ ਯੋਗਦਾਨ ਦੀ ਪੈਰਵੀ ਕੀਤੀ ਜਾਂਦੀ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …