ਮਿਸੀਸਾਗਾ : ਲੰਘੇ ਹਫਤੇ ਸੀਜੇਐਮਆਰ ਗੁਰੂ ਨਾਨਕ ਰੇਡੀਓਥਾਨ ਅਤੇ ਫੂਡ ਡ੍ਰਾਈਵ ਦੌਰਾਨ ਲੋਕਾਂ ਨੇ ਸੇਵਾ ਫੂਡ ਬੈਂਕ ਲਈ 1.5 ਲੱਖ ਡਾਲਰ ਅਤੇ 70 ਹਜ਼ਾਰ ਪੌਂਡ ਫੂਡ ਦਾਨ ਕਰਨ ਦੀ ਸਹੁੰ ਖਾਧੀ ਹੈ। ਇਸ ਅਭਿਆਨ ਨਾਲ ਸੇਵਾ ਫੂਡ ਬੈਂਕ ਕਾਫੀ ਲੋਕਾਂ ਨੂੰ ਫੂਡ ਪ੍ਰਦਾਨ ਕਰਨ ਵਿਚ ਸਫਲ ਹੋਵੇਗਾ। ਸੀਜੇਐਮਆਰ 1320 ਏਐਮ ਰੇਡੀਓ ਸਟੇਸ਼ਨ ਦੇ ਪੰਜਾਬੀ ਰੇਡੀਓ ਪ੍ਰੋਡਿਊਸਰਜ ਨੇ ਇਕ ਵਾਰ ਫਿਰ ਮਿਲ ਕੇ ਇਕ ਹੋਰ ਰੇਡੀਓਥਾਨ ਅਤੇ ਫੂਡ ਡ੍ਰਾਈਵ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਯੋਜਿਤ ਕੀਤਾ। ਇਸ ਪ੍ਰੋਗਰਾਮ ਦੇ ਹੋਸਟ ਕੁਲਦੀਪ ਦੀਪਕ ਨੇ ਦੱਸਿਆ ਕਿ ਇਸਦਾ ਉਦੇਸ਼ ਕਮਿਊਨਿਟੀ ਦੀ ਮੱਦਦ ਤੋਂ ਮਿਸੀਸਾਗਾ ਸੇਵਾ ਫੂਡ ਬੈਂਕ ਦੀ ਮੱਦਦ ਕਰਦੇ ਹੋਏ ਜ਼ਰੂਰਤਮੰਦਾਂ ਦੀ ਮੱਦਦ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਲ-ਨਾਲ ਮਾਨਵਤਾ, ਸਮਾਨਤਾ, ਸਮਾਜਿਕ ਨਿਆਂ ਅਤੇ ਸੇਵਾ ਭਾਵਨਾ ਦਾ ਸੰਦੇਸ਼ ਵੀ ਸਾਰੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਛੇ ਰੇਡੀਓਥਾਨ ਅਤੇ ਫੂਡ ਡਰਾਈਵ ਦੁਆਰਾ ਕੁੱਲ 5 ਲੱਖ ਡਾਲਰ ਅਤੇ 250,000 ਪੌਂਡ ਫੂਡ ਸੇਵਾ ਫੂਡ ਬੈਂਕ ਲਈ ਇਕੱਤਰ ਕੀਤਾ ਜਾ ਚੁੱਕਾ ਹੈ। ਅਸੀਂ ਇਸ ਆਯੋਜਨ ਨੂੰ ਸਰਬਤ ਦੇ ਭਲੇ ਲਈ ਆਯੋਜਿਤ ਕਰਦੇ ਹਾਂ। ਰੇਡੀਓਥਾਨ ਸ਼ੁੱਕਰਵਾਰ 3 ਨਵੰਬਰ ਨੂੰ ਪੂਰਾ ਦਿਨ ਆਯੋਜਿਤ ਕੀਤਾ ਗਿਆ। ਕਰੀਬ 13 ਘੰਟੇ ਤੱਕ ਕਮਰਸ਼ੀਅਲ ਫਰੀ ਰੇਡੀਓਥਾਨ ਵਿਚ 1000 ਤੋਂ ਜ਼ਿਆਦਾ ਕਾਲਰਜ਼ ਨੇ ਦਾਨ ਕਰਨ ਦੀ ਸਹੁੰ ਖਾਧੀ। ਰੇਡੀਓਥਾਨ ਦੀ ਬਜਾਏ ਸ਼ਨੀਵਾਰ 4 ਨਵੰਬਰ ਨੂੰ ਇਕ ਫੂਡ ਡਰਾਈਵ ਵੀ ਆਯੋਜਿਤ ਕੀਤਾ ਗਿਆ ਅਤੇ 200 ਤੋਂ ਜ਼ਿਆਦਾ ਸੇਵਾ ਵਲੰਟੀਅਰਜ਼ ਨੇ 25 ਸਾਊਥ ਏਸ਼ੀਅਨ ਗਰੌਸਰੀ ਸਟੋਰ ਅਤੇ ਗੁਰੂਘਰਾਂ ਵਿਚ ਜਾ ਕੇ ਦਾਨ ਇਕੱਤਰ ਕੀਤਾ।
ਸੇਵਾ ਫੂਡ ਬੈਂਕ ਦੀ ਆਯੋਜਕ ਸਰਬਜੋਤ ਕੌਰ ਬੇਦੀ ਨੇ ਕਿਹਾ ਕਿ ਫੂਡ ਅਤੇ ਫੰਡਜ਼ ਇਕੱਤਰ ਕਰਕੇ ਉਨ੍ਹਾਂ ਲੋਕਾਂ ਦੀ ਮੱਦਦ ਕੀਤੀ ਜਾਵੇਗੀ, ਜੋ ਕਿ ਆਪਣੇ ਲਈ ਭੋਜਨ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ।
ਸੇਵਾ ਫੂਡ ਬੈਂਕ ਨੇ ਆਪਣਾ ਪਹਿਲਾ ਸੈਂਟਰ ਸਤੰਬਰ 2010 ਵਿਚ ਖੋਲ੍ਹਿਆ ਸੀ ਅਤੇ ਹੁਣ ਹਰ ਮਹੀਨੇ 900 ਤੋਂ ਜ਼ਿਆਦਾ ਪਰਿਵਾਰਾਂ ਨੂੰ ਫੂਡ ਪ੍ਰਦਾਨ ਕੀਤਾ ਜਾ ਰਿਹਾ ਹੈ। ਮਿਸੀਸਾਗਾ ਫੂਡ ਬੈਂਕ ਦਾ ਸ਼ਹਿਰ ਸਥਿਤ ਨੈਟਵਰਕ ਹੁਣ ਵੁਲਫਡੇਲ ਅਤੇ ਮਾਲਟਨ ਵਿਚ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਫੂਡ ਪ੍ਰਦਾਨ ਕਰ ਰਿਹਾ ਹੈ।