
ਮਟੌਰ ਥਾਣੇ ‘ਚ ਹੋਈ ਪੁੱਛਗਿਛ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਤੇ ਵਿਵਾਦਤ ਡੀਜੀਪੀ ਸੁਮੇਧ ਸੈਣੀ ਅੱਜ ਆਪਣੇ ਵਕੀਲਾਂ ਨਾਲ ਮੁਹਾਲੀ ਵਿਚ ਐਸ.ਆਈ.ਟੀ. ਸਾਹਮਣੇ ਪੇਸ਼ ਹੋਏ। ਇਸਦੇ ਚੱਲਦਿਆਂ ਮੁਹਾਲੀ ਦੇ ਮਟੌਰ ਥਾਣੇ ਵਿਚ ਸੁਮੇਧ ਸੈਣੀ ਕੋਲੋਂ ਪੁੱਛਗਿੱਛ ਕੀਤੀ ਗਈ। ਪਿਛਲੇ ਦਿਨੀਂ ਮਟੌਰ ਥਾਣੇ ਦੇ ਐਸ.ਐਚ.ਓ. ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੈਣੀ ‘ਤੇ ਅੱਜ ਤੋਂ 29 ਸਾਲ ਪਹਿਲਾਂ 1991 ਵਿਚ ਆਈ.ਏ.ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਲਜ਼ਾਮ ਹਨ। ਥਾਣੇ ਵਿੱਚ ਸਿੱਟ ਦੇ ਮੁਖੀ ਤੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਚਾਰ ਵਾਰ ਨੋਟਿਸ ਭੇਜਿਆ ਗਿਆ, ਪਰੰਤੂ ਉਹ ਸਿਰਫ਼ ਦੋ ਵਾਰ ਹੀ ਸਿੱਟ ਅੱਗੇ ਪੇਸ਼ ਹੋਏ ਹਨ।