ਭਾਰਤ ਨੂੰ ਹਰ ਸੰਭਵ ਮੱਦਦ ਦੇਣ ਦਾ ਦਿੱਤਾ ਭਰੋਸਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦਾ ਕਹਿਣਾ ਹੈ ਕਿ ਉਹ ਕੋਵਿਡ ਸੰਕਟ ਨਾਲ ਨਜਿੱਠਣ ਲਈ ਭਾਰਤ ਨਾਲ ਨੇੜਿਓਂ ਤਾਲਮੇਲ ਕਰ ਰਿਹਾ ਹੈ। ਵਾਈਟ ਹਾਊਸ ਵਿਚ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਮੀਡੀਆ ਨੂੰ ਦੱਸਿਆ ਕਿ ਅਮਰੀਕੀ ਸਰਕਾਰ ਵੱਲੋਂ 10 ਕਰੋੜ ਡਾਲਰ ਦੀ ਸਹਾਇਤਾ ਦਿੱਤੀ ਜਾਣੀ ਹੈ। ਜਦਕਿ ਪ੍ਰਾਈਵੇਟ ਸੈਕਟਰ ਇਸ ਤੋਂ ਇਲਾਵਾ 40 ਕਰੋੜ ਡਾਲਰ ਦੀ ਸਹਾਇਤਾ ਕਰੇਗਾ। ਇਸ ਤਰ੍ਹਾਂ ਕਰੀਬ 50 ਕਰੋੜ ਡਾਲਰ ਦੀ ਮਦਦ ਭਾਰਤ ਨੂੰ ਦਿੱਤੀ ਜਾਵੇਗੀ। ਪ੍ਰਾਈਸ ਨੇ ਕਿਹਾ ਕਿ ਅਮਰੀਕੀ ਸਰਕਾਰ ਭਾਰਤੀ ਅਧਿਕਾਰੀਆਂ ਤੇ ਸਿਹਤ ਮਾਹਿਰਾਂ ਨਾਲ ਮਿਲ ਕੇ ਜ਼ਰੂਰਤਾਂ ਦੀ ਸ਼ਨਾਖ਼ਤ ਕਰ ਰਹੀ ਹੈ ਤੇ ਚੱਲ ਰਹੇ ਸੰਕਟ ਨਾਲ ਭਵਿੱਖ ਵਿਚ ਪੈਣ ਵਾਲੀਆਂ ਜ਼ਰੂਰਤਾਂ ਨੂੰ ਵੀ ਪਛਾਣਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਚੋਟੀ ਦੇ ਸੈਨੇਟਰ ਮਾਰਕ ਵਾਰਨਰ ਨੇ ਭਾਰਤੀ ਰਾਜਦੂਤ ਤਰਜਨੀਤ ਸਿੰਘ ਸੰਧੂ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਭਾਰਤ ਨੂੰ ਆਪਣੇ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਵਾਰਨਰ ਨੇ ਕਿਹਾ ਕਿ ਭਾਰਤ ਇਸ ਵੇਲੇ ਕਰੋਨਾਵਾਇਰਸ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ ਤੇ ਉਹ ਜੋਅ ਬਿਡੇਨ ਪ੍ਰਸ਼ਾਸਨ ਨਾਲ ਮਿਲ ਕੇ ਭਾਰਤ ਦੀ ਮਦਦ ਲਈ ਕੰਮ ਕਰਨਗੇ। ਵਾਰਨਰ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਮੁਖੀ ਹਨ। ਇਸੇ ਦੌਰਾਨ ਅਮਰੀਕਾ ਤੋਂ ਰੈਮਡੇਸਿਵਰ ਦੀ 78 ਹਜ਼ਾਰ ਡੋਜ਼ ਭਾਰਤ ਪਹੁੰਚ ਗਈ ਹੈ ਤੇ ਹੋਰ ਮਦਦ ਵੀ ਭੇਜੀ ਜਾ ਰਹੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …