Breaking News
Home / ਦੁਨੀਆ / ਚੀਨ ਤੋਂ ਬਾਅਦ ਇਟਲੀ ‘ਚ ਕਰੋਨਾ ਨਾਲ ਸਭ ਤੋਂ ਵੱਧ ਮੌਤਾਂ

ਚੀਨ ਤੋਂ ਬਾਅਦ ਇਟਲੀ ‘ਚ ਕਰੋਨਾ ਨਾਲ ਸਭ ਤੋਂ ਵੱਧ ਮੌਤਾਂ

ਮਰਨ ਵਾਲਿਆਂ ਦੀ ਗਿਣਤੀ 2200 ਦੇ ਨੇੜੇ ਤੇ 30 ਹਜ਼ਾਰ ਤੋਂ ਵੱਧ ਪੀੜਤ
ਮਿਲਾਨ : ਚੀਨ ਤੋਂ ਬਾਅਦ ਕਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਇਟਲੀ ਵਿਚ ਹੋਇਆ ਹੈ। ਇਟਲੀ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2200 ਦੇ ਕਰੀਬ ਹੈ ਅਤੇ 30 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਕਰੋਨਾ ਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ। ਇਟਲੀ ਵਿਚ ਪ੍ਰਸ਼ਾਸਨ ਨੇ ਲੋਕਾਂ ਦੇ ਯਾਤਰਾ ਕਰਨ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਪ੍ਰਸ਼ਾਸਨ ਨੇ ਲੋਕਾਂ ਦੇ ਪਾਰਕ ਵਿਚ ਘੁੰਮਣ ‘ਤੇ ਵੀ ਰੋਕ ਲਾ ਦਿੱਤੀ ਹੈ । ਇਸ ਤੋਂ ਪਹਿਲਾਂ ਸਰਕਾਰ ਨੇ ਲੋਕਾਂ ਨੂੰ ਪਾਰਕ ਵਿਚ ਇਕ ਮੀਟਰ ਦੀ ਦੂਰੀ ਬਣਾ ਕੇ ਟਹਿਲਣ ਅਤੇ ਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਪਾਇਆ ਕਿ ਕਈ ਲੋਕ ਨਿਯਮ ਦਾ ਪਾਲਣ ਨਹੀਂ ਕਰ ਰਹੇ, ਜਿਨ੍ਹਾਂ ਨੂੰ ਭਾਰੀ ਜ਼ੁਰਮਾਨੇ ਵੀ ਕੀਤੇ ਗਏ। ਚੀਨ ਤੋਂ ਬਾਅਦ ਇਟਲੀ ਕੋਰੋਨਾ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ।
ਇੰਗਲੈਂਡ ਨੂੰ ਵੀ ਕਰੋਨਾ ਨੇ ਘੇਰਿਆ
ਲੰਡਨ : ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਯੂ.ਕੇ. ‘ਚ 53 ਤੱਕ ਪਹੁੰਚ ਗਈ ਹੈ ਜਦ ਕਿ 1543 ਲੋਕ ਇਸ ਤੋਂ ਪੀੜਤ ਪਾਏ ਗਏ ਹਨ । ਯੂ.ਕੇ. ‘ਚ 42562 ਲੋਕਾਂ ਦਾ ਮੁਆਇਨਾ ਕੀਤਾ ਗਿਆ ਹੈ। ਸਭ ਤੋਂ ਵਧ ਪੀੜਤ 407 ਲੰਡਨ ‘ਚ ਪਾਏ ਗਏ ਹਨ ਤੇ 6 ਮੌਤਾਂ ਹੋ ਚੁੱਕੀਆਂ ਹਨ । ਮਿਡਲੈਂਡ ਵਿਚ 94 ਮਾਮਲੇ ਸਾਹਮਣੇ ਆਏ ਹਨ ਅਤੇ 6 ਮੌਤਾਂ ਹੋ ਚੁੱਕੀਆਂ ਹਨ । ਸਕਾਟਲੈਂਡ ਵਿਚ 121 ਮਾਮਲੇ ਸਾਹਮਣੇ ਆਏ ਹਨ ਅਤੇ ਇਕ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ‘ਚੋਂ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਰਿਸਟਲ ਦਾ ਰਹਿਣ ਵਾਲਾ 59 ਸਾਲਾ ਨਿੱਕ ਮੈਥਿਊ ਹੈ, ਜਿਸ ਦੀ ਰੋਇਲ ਇਨਫਰਮੈਰੀ ਹਸਪਤਾਲ ਵਿਚ ਮੌਤ ਹੋ ਗਈ । ਯੂ.ਕੇ. ਸਰਕਾਰ ਵਲੋਂ ਰੋਜ਼ਾਨਾ ਲੋਕਾਂ ਨਾਲ ਟੀ.ਵੀ. ਰਾਹੀਂ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਐਲਾਨ ਕੀਤਾ ਗਿਆ ਹੈ । ਸਰਕਾਰ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ 2 ਕਰੋੜ ਬਰਤਾਨਵੀ ਨਾਗਰਿਕ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੇ ਹਨ ਅਤੇ 80 ਲੱਖ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਕੇ ਇਲਾਜ ਦੀ ਲੋੜ ਹੋਵੇਗੀ ।
ਕਰੋਨਾ ਵਾਇਰਸ ‘ਤੇ ਚੀਨ ਅਤੇ ਅਮਰੀਕਾ ‘ਚ ਤਲਖੀ ਵਧੀ
ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਫੈਲਣ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚ ਤਲਖੀ ਹੋਰ ਵੱਧ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਵਾਇਰਸ ਨੂੰ ‘ਚੀਨੀ ਵਾਇਰਸ’ ਕਹੇ ਜਾਣ ਪਿੱਛੋਂ ਦੋਵਾਂ ਦੇਸ਼ਾਂ ਨੇ ਇਕ-ਦੂਜੇ ਤੋਂ ਆਧਾਰਹੀਣ ਦੋਸ਼ ਨਾ ਲਗਾਉਣ ਦੀ ਮੰਗ ਕੀਤੀ। ਕੁਝ ਦਿਨ ਪਹਿਲੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਹੋ ਸਕਦਾ ਹੈ ਕਿ ਅਮਰੀਕੀ ਫ਼ੌਜ ਵੁਹਾਨ ਵਿਚ ਇਹ ਵਾਇਰਸ ਲਿਆਈ ਸੀ। ਇਸ ਦੇ ਜਵਾਬ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਚੀਨ ਦੇ ਰਾਜਦੂਤ ਨੂੰ ਤਲਬ ਕਰ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਇਸ ਵਿਵਾਦ ਦੀ ਹਵਾ ਤਦ ਮਿਲੀ ਜਦੋਂ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਇਹ ਜਾਣਕਾਰੀ ਦਿੱਤੀ ਕਿ ਮਹਾਮਾਰੀ ਨਾਲ ਵਿਸ਼ਵ ਭਰ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਚੀਨ ਤੋਂ ਜ਼ਿਆਦਾ ਹੋ ਗਈ ਹੈ।

Check Also

ਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਭਾਰਤ ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਕੰਪਨੀ ਦਾ ਦਾਅਵਾ ਵਾਸ਼ਿੰਗਟਨ : ਭਾਰਤ ਅਤੇ ਚੀਨ …