Breaking News
Home / ਸੰਪਾਦਕੀ / ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਕਰੋਨਾ ਵਾਇਰਸ ਨੇ

ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਕਰੋਨਾ ਵਾਇਰਸ ਨੇ

ਇਸ ਵੇਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੌਣੇ 2 ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ, 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਅਤੇ ਸਪੇਨ ਵਰਗੇ ਮੁਲਕ ਪੂਰੀ ਤਰ੍ਹਾਂ ਬੰਦ ਹੋਏ ਦਿਖਾਈ ਦਿੰਦੇ ਹਨ। ਹਰ ਦੇਸ਼ ਆਪੋ-ਆਪਣੇ ਢੰਗ-ਤਰੀਕੇ ਨਾਲ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰ ਰਿਹਾ ਹੈ। ਕਿਉਂਕਿ ਅਜੇ ਤੱਕ ਇਸ ਮਹਾਂਮਾਰੀ ਦੇ ਇਲਾਜ ਲਈ ਪ੍ਰਭਾਵਸ਼ਾਲੀ ਟੀਕੇ ਜਾਂ ਦਵਾਈਆਂ ਈਜਾਦ ਨਹੀਂ ਹੋਈਆਂ। ਪਰ ਇਸ ਦਿਸ਼ਾ ਵਿਚ ਕੌਮਾਂਤਰੀ ਪੱਧਰ ‘ਤੇ ਖੋਜ ਜਾਰੀ ਹੈ। ਇਸ ਲਈ ਇਸ ਬਿਮਾਰੀ ਦੇ ਇਲਾਜ ਨਾਲੋਂ ਵੀ ਪਹਿਲਾਂ ਇਸ ਨੂੰ ਵਧਣ ਤੋਂ ਰੋਕਣ ਲਈ ਯਤਨ ਕੀਤੇ ਜਾਣੇ ਜ਼ਰੂਰੀ ਹਨ।
ਭਾਰਤ ਸਮੇਤ ਹੁਣ ਤੱਕ ਲਗਪਗ ਸਾਰੇ ਹੀ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਕਿਉਂਕਿ ਇਹ ਮਹਾਂਮਾਰੀ ਅਜਿਹੀ ਲਾਗ ਦੀ ਬਿਮਾਰੀ ਹੈ, ਜੋ ਇਕ ਦੂਸਰੇ ਰਾਹੀਂ ਫੈਲਦੀ ਹੈ। ਚਾਹੇ ਇਸ ਨੂੰ ਚੀਨ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਪਰ ਹੁਣ ਤੱਕ ਇਸ ਨੇ ਸਾਰੇ ਯੂਰਪ ਅਤੇ ਅਮਰੀਕਾ ਸਮੇਤ ਦੁਨੀਆ ਦੇ ਬਹੁਤੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਹੁਣ ਤੱਕ ਚਾਹੇ ਇਸ ਨਾਲ ਵਿਸ਼ਵ ਭਰ ਵਿਚ 5 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਪਰ ਇਸ ਨੇ ਹੋਰ ਕਿੰਨਾ ਫੈਲਣਾ ਹੈ ਅਤੇ ਕਿਸ ਹੱਦ ਤੱਕ ਤਬਾਹੀ ਮਚਾਉਣੀ ਹੈ, ਇਸ ਦਾ ਅੰਦਾਜ਼ਾ ਲਾਇਆ ਜਾਣਾ ਮੁਸ਼ਕਿਲ ਹੈ। ਇਸੇ ਲਈ ਹੀ ਇਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤਦਿਆਂ ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ‘ਤੇ ਵਧੇਰੇ ਵਿਚਰਨ ‘ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਹੁਤੀਆਂ ਭੀੜਾਂ ਇਕੱਠੀਆਂ ਨਾ ਹੋਣ ਇਸ ਲਈ ਸਾਵਧਾਨੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤਰ੍ਹਾਂ ਵੱਧ ਤੋਂ ਵੱਧ ਮਨੁੱਖੀ ਹਿਲਜੁਲ ਨੂੰ ਰੋਕਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਭਾਰਤ ਨੂੰ ਵੀ ਇਸ ਬਿਮਾਰੀ ਨੇ ਪ੍ਰਭਾਵਿਤ ਕੀਤਾ ਹੈ ਪਰ ਹਾਲੇ ਤੱਕ ਇਸ ਗੱਲ ਦੀ ਸੰਤੁਸ਼ਟੀ ਜ਼ਰੂਰ ਹੈ ਕਿ ਇਥੇ ਬਿਮਾਰਾਂ ਦੀ ਗਿਣਤੀ ਕੁਝ ਸੈਂਕੜੇ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਦੇਸ਼ ਭਰ ਵਿਚ ਸਿਰਫ ਦੋ ਹੈ ਪਰ ਇਸ ਦੇ ਵਧੇਰੇ ਫੈਲਣ ਦਾ ਖ਼ਤਰਾ ਇਸ ਲਈ ਮੰਡਰਾ ਰਿਹਾ ਹੈ ਕਿਉਂਕਿ ਬਾਹਰਲੇ ਦੇਸ਼ਾਂ ‘ਚੋਂ ਹੁਣ ਤੱਕ ਜਿੰਨੇ ਵੀ ਯਾਤਰੀ ਆਏ ਹਨ, ਉਨ੍ਹਾਂ ਸਬੰਧੀ ਅਨਿਸਚਿਤਤਾ ਬਣੀ ਹੋਈ ਹੈ। ਇਸੇ ਤਰ੍ਹਾਂ ਈਰਾਨ, ਇਟਲੀ, ਮਲੇਸ਼ੀਆ ਆਦਿ ਦੇਸ਼ਾਂ ਵਿਚ ਵੀ ਇਸ ਮਹਾਂਮਾਰੀ ਨੇ ਵਧੇਰੇ ਅਸਰ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿਚੋਂ ਆਉਣ ਵਾਲੇ ਭਾਰਤੀ ਨਾਗਰਿਕਾਂ ਸਬੰਧੀ ਵੀ ਸਾਵਧਾਨੀ ਵਰਤੇ ਜਾਣ ਦੀ ਕਵਾਇਦ ਚੱਲ ਰਹੀ ਹੈ। ਹਵਾਈ ਅੱਡਿਆਂ ‘ਤੇ ਆਉਣ ਵਾਲੇ ਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਬਿਮਾਰੀ ਦੇ ਸ਼ੱਕੀ ਵਿਅਕਤੀਆਂ ਨੂੰ ਸਥਾਪਿਤ ਕੀਤੇ ਗਏ ਵੱਖਰੇ ਕੈਂਪਾਂ ਵਿਚ ਰੱਖਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਹਰ ਪੱਧਰ ‘ਤੇ ਸਾਵਧਾਨੀ ਵਰਤਣ ਲਈ ਅਨੇਕਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮਹਾਂਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਪਹਿਲ ਪ੍ਰਸੰਸਾਯੋਗ ਹੈ, ਜਿਸ ਲਈ ਉਨ੍ਹਾਂ ਨੇ ਪਿਛਲੇ ਦਿਨੀਂ ਸਾਰਕ ਦੇਸ਼ਾਂ ਦੇ ਮੁਖੀਆਂ ਨਾਲ ਵੀਡੀਓ ਕਾਨਫ਼ੰਰਸ ਰਾਹੀਂ ਵਿਸਥਾਰਤ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਹਨ। ਸਾਰਕ ਦੇਸ਼ਾਂ ਵਿਚ ਭਾਰਤ ਸਮੇਤ ਭੂਟਾਨ, ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਨਿਪਾਲ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਆਦਿ ਦੇਸ਼ ਆਉਂਦੇ ਹਨ। ਇਥੇ ਦੁਨੀਆ ਦੀ 20 ਫ਼ੀਸਦੀ ਦੇ ਲਗਪਗ ਆਬਾਦੀ ਰਹਿੰਦੀ ਹੈ। ਸ੍ਰੀ ਨਰਿੰਦਰ ਮੋਦੀ ਨੇ ਇਹ ਕਿਹਾ ਹੈ ਕਿ ਇਹ ਮਹਾਂਮਾਰੀ ਦੀ ਚੁਣੌਤੀ ਵੱਡੀ ਹੈ। ਇਸ ‘ਤੇ ਵੱਡੇ ਯਤਨਾਂ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਇਸ ਲਈ ਸਾਰਿਆਂ ਨੂੰ ਮਿਲ ਕੇ ਹੀ ਯਤਨ ਕਰਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੱਖਣੀ ਏਸ਼ੀਆ ਦੇ ਇਹ ਦੇਸ਼ ਆਪਸੀ ਸਹਿਯੋਗ ਨਾਲ ਹੀ ਇਸ ਦਾ ਸਹੀ ਢੰਗ ਨਾਲ ਮੁਕਾਬਲਾ ਕਰ ਸਕਦੇ ਹਨ। ਉਨ੍ਹਾਂ ਨੇ ਇਸ ਲਈ ਸਾਂਝਾ ਐਮਰਜੈਂਸੀ ਫੰਡ ਬਣਾਉਣ ਦਾ ਵੀ ਸੁਝਾਅ ਦਿੱਤਾ ਅਤੇ ਭਾਰਤ ਵਲੋਂ ਇਸ ਲਈ ਇਕ ਕਰੋੜ ਡਾਲਰ ਦੀ ਮਦਦ ਦਾ ਐਲਾਨ ਵੀ ਕੀਤਾ ਅਤੇ ਇਹ ਵੀ ਕਿਹਾ ਕਿ ਸਾਰੇ ਸਾਰਕ ਦੇਸ਼ ਆਪੋ-ਆਪਣੀ ਇੱਛਾ ਅਨੁਸਾਰ ਇਸ ਫੰਡ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।
ਕਰੋਨਾ ਵਾਇਰਸ ਜਿਉਂ-ਜਿਉਂ ਆਪਣੇ ਪੈਰ ਪਸਾਰ ਰਿਹਾ ਹੈ ਤਿਉਂ-ਤਿਉਂ ਵਿਸ਼ਵ ਆਰਥਿਕਤਾ ਵੀ ਡਾਵਾਂਡੋਲ ਹੁੰਦੀ ਜਾ ਰਹੀ ਹੈ। ਸ਼ੇਅਰ ਬਾਜ਼ਾਰ ਵੀ ਮੂਧੇ ਮੂੰਹ ਡਿਗ ਪਿਆ ਹੈ। ਭਾਰਤੀ ਰੁਪਿਆ ਹੋਰ ਵੀ ਕਮਜ਼ੋਰ ਹੋ ਗਿਆ ਹੈ। ਯੂਰਪ ਦੇ ਬਾਜ਼ਾਰਾਂ ਵਿਚ 8 ਫ਼ੀਸਦੀ ਗਿਰਾਵਟ ਅਤੇ ਏਸ਼ੀਆ ਦੇ ਬਾਜ਼ਾਰਾਂ ਵਿਚ 3 ਫ਼ੀਸਦੀ ਗਿਰਾਵਟ ਆ ਚੁੱਕੀ ਹੈ। ਭਾਰਤੀ ਰਿਜ਼ਰਵ ਬੈਂਕ ਸਮੇਤ ਹੋਰ ਵੱਡੇ ਕੌਮੀ ਬੈਂਕ ਇਸ ਆਰਥਿਕ ਸੰਕਟ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਜੂਝ ਰਹੇ ਹਨ। ਵੱਡੇ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਜਿਸ ਤਰ੍ਹਾਂ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ, ਉਸ ਨਾਲ ਵਿਸ਼ਵ ਮੰਦੀ ਦੇ ਬੱਦਲ ਹੋਰ ਵਧੇਰੇ ਗਹਿਰੇ ਹੋ ਸਕਦੇ ਹਨ।
ਜੇਕਰ ਇਹ ਮਹਾਂਮਾਰੀ ਲੰਮੇ ਸਮੇਂ ਤੱਕ ਚਲਦੀ ਹੈ ਤਾਂ ਇਸ ਨਾਲ ਦੁਨੀਆ ਭਰ ਦੇ ਪ੍ਰਬੰਧਾਂ ਦੇ ਤਹਿਸ-ਨਹਿਸ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵਿਸ਼ਵ ਭਰ ਦੀਆਂ ਹਵਾਈ ਕੰਪਨੀਆਂ ਦਾ ਤਾਂ ਇਕ ਤਰ੍ਹਾਂ ਨਾਲ ਭੱਠਾ ਹੀ ਬੈਠਣ ਦੀ ਸੰਭਾਵਨਾ ਬਣ ਗਈ ਹੈ। ਇਕ ਅੰਦਾਜ਼ੇ ਅਨੁਸਾਰ ਜੇਕਰ ਮਈ ਮਹੀਨੇ ਦੇ ਅਖੀਰ ਤੱਕ ਇਹੀ ਅਵਸਥਾ ਬਣੀ ਰਹੀ ਤਾਂ ਹਵਾਈ ਕੰਪਨੀਆਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ। ਇਨ੍ਹਾਂ ਨੂੰ ਪੈਣ ਵਾਲੇ ਭਾੜੇ ਦੇ ਘਾਟੇ ਕਾਰਨ ਹੀ ਅਰਬਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਚੀਨ ਜਿਹੜਾ ਕਿ ਦੁਨੀਆ ਦੀ ਦੂਸਰੀ ਵੱਡੀ ਆਰਥਿਕ ਸ਼ਕਤੀ ਬਣ ਗਿਆ ਸੀ, ਵਿਚ ਸਨਅਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿਛਲੇ 30 ਸਾਲਾਂ ਵਿਚ ਇਸ ਦੇਸ਼ ਦੀ ਏਨੀ ਮਾੜੀ ਹਾਲਤ ਪਹਿਲੀ ਵਾਰ ਦੇਖੀ ਗਈ ਹੈ। ਇਸ ਨਾਲ ਬੈਂਕ ਤਾਂ ਪ੍ਰਭਾਵਿਤ ਹੋਣਗੇ ਹੀ, ਬੇਰੁਜ਼ਗਾਰੀ ਵੀ ਵਧ ਜਾਏਗੀ। ਭਾਰਤ ਵਿਚ ਇਸੇ ਸਾਲ 31 ਜਨਵਰੀ ਨੂੰ ਸੰਸਦ ਵਿਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ ਸੀ, ਜਿਸ ਵਿਚ ਸਾਲ 2021 ਲਈ ਕੁੱਲ ਘਰੇਲੂ ਉਤਪਾਦ ਦੇ 6 ਫ਼ੀਸਦੀ ਤੋਂ 6.5 ਫ਼ੀਸਦੀ ਤੱਕ ਵਧਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਪਰ ਹੁਣ ਲਗਾਏ ਜਾ ਰਹੇ ਅੰਦਾਜ਼ੇ ਅਨੁਸਾਰ ਘਰੇਲੂ ਉਤਪਾਦ ਦੇ 4 ਫ਼ੀਸਦੀ ਤੱਕ ਹੀ ਰਹਿ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦਾ ਉਦਯੋਗ ਅਤੇ ਖੇਤੀਬਾੜੀ ‘ਤੇ ਬੇਹੱਦ ਮੰਦਾ ਅਸਰ ਪਵੇਗਾ। ਵਪਾਰ, ਹਵਾਈ ਸੇਵਾ, ਸੈਰ-ਸਪਾਟਾ ਅਤੇ ਇਨ੍ਹਾਂ ਨਾਲ ਸਬੰਧਿਤ ਹੋਰ ਸੇਵਾਵਾਂ ‘ਤੇ ਵੀ ਵੱਡਾ ਅਸਰ ਪਵੇਗਾ। ਇਸ ਦੇ ਨਾਲ ਹੀ ਇਕ ਹੋਰ ਵੱਡੀ ਚਿੰਤਾ ਦਾ ਕਾਰਨ ਦੁਨੀਆ ਭਰ ਵਿਚ ਬੇਰੁਜ਼ਗਾਰੀ ਦਾ ਵਧ ਜਾਣਾ ਹੈ। ਅਜਿਹੀ ਹਾਲਤ ਪੈਦਾ ਹੋਣਾ ਵੀ ਕਿਸੇ ਮਹਾਂਮਾਰੀ ਤੋਂ ਘੱਟ ਨਹੀਂ ਹੋਵੇਗਾ। ਇਸ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਇਕੱਠੇ ਹੋ ਕੇ ਇਸ ਭਿਆਨਕ ਸੰਕਟ ਵਿਚੋਂ ਨਿਕਲਣ ਲਈ ਦ੍ਰਿੜ੍ਹਤਾ ਤੇ ਹੌਸਲੇ ਨਾਲ ਯੋਜਨਾਬੰਦੀ ਕਰਨੀ ਪਵੇਗੀ। ਹਰ ਹੀਲੇ ਇਸ ‘ਤੇ ਕਾਬੂ ਪਾਉਣਾ ਪਵੇਗਾ ਤਾਂ ਜੋ ਮਨੁੱਖਤਾ ‘ਤੇ ਮੰਡਰਾ ਰਹੇ ਇਸ ਭਿਆਨਕ ‘ਕਾਲ’ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾ ਸਕੇ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …