Breaking News
Home / Special Story / ਮਾਂ ਬੋਲੀ ਨੂੰ ਸਮਰਪਿਤ ਰਹੀ ਡਾ. ਦਲਬੀਰ ਸਿੰਘ ਕਥੂਰੀਆ ਦੀ ਪੰਜਾਬ ਫੇਰੀ

ਮਾਂ ਬੋਲੀ ਨੂੰ ਸਮਰਪਿਤ ਰਹੀ ਡਾ. ਦਲਬੀਰ ਸਿੰਘ ਕਥੂਰੀਆ ਦੀ ਪੰਜਾਬ ਫੇਰੀ

ਕੈਨੇਡਾ ਵਿੱਚ ਰਹਿ ਕੇ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਸ਼ਵ ਪੱਧਰ ‘ਤੇ ਪ੍ਰਚਾਰ ਅਤੇ ਪਸਾਰ ਲਈ ਆਪਣਾ ਯੋਗਦਾਨ ਪਾਉਣ ਵਾਲੇ ਡਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਪਿਛਲੇ ਦਿਨੀਂ ਪੰਜਾਬ ਵਿੱਚ ਹੋ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ‘ਤੇ ਪੰਜਾਬ ਆਏ।
ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ 16 ਦਸੰਬਰ ਨੂੰ ‘ਪਹਿਲਾ ਪ੍ਰੋਫੈਸਰ ਦੀਪਕ ਪੰਜਾਬੀ ਸੱਭਿਆਚਾਰਕ ਮੇਲਾ ਮੁਹਾਲੀ’ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਗਾਇਕਾਂ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਇਆ।
ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਡਾ ਮਨਮੋਹਨ ਦੀਪਕ ਨੂੰ ਉਮਰ ਭਰ ਦੀਆਂ ਸੇਵਾਵਾਂ ਬਦਲੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਅਤੇ ਮੇਲੇ ਵਿੱਚ ਸ਼ਾਮਿਲ ਗਾਇਕ ਕਲਾਕਾਰਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਭਾਰਤੀ ਚੈਪਟਰ ਦੀ ਕੌਮੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਜਨਰਲ ਸਕੱਤਰ ਕੰਵਲਜੀਤ ਸਿੰਘ ਲੱਕੀ ਲੁਧਿਆਣਾ, ਸੰਧੂ ਵਰਿਆਣਵੀਂ ਸਲਾਹਕਾਰ, ਡਾ ਰਮਨਦੀਪ ਸਿੰਘ ਦੀਪ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਾਹਿਬਾ ਜੀਟਨ ਕੌਰ ਫਗਵਾੜਾ, ਸਤਵਿੰਦਰ ਸਿੰਘ ਧੜਾਕ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ, ਸੰਦੀਪ ਸ਼ਰਮਾ, ਰਵਿੰਦਰ ਸਿੰਘ ਸੈਂਪਲਾ ਚੰਡੀਗੜ੍ਹ, ਸਤਵਿੰਦਰ ਸਿੰਘ ਪਟਿਆਲਾ, ਅਮਰਜੀਤ ਸਿੰਘ ਬਠਿੰਡਾ, ਰਵੀ ਦੇਵਗਨ ਰਾਏਕੋਟ, ਮਨਜੀਤ ਇੰਦਰਾ, ਡਾ ਹਰਜੀਤ ਸਿੰਘ ਸੱਧਰ, ਹਰਜਿੰਦਰ ਸੱਧਰ, ਸੋਨੀਆ ਭਾਰਤੀ, ਸੰਦੀਪ ਕੌਰ ਚੀਮਾ ਪਰਮਜੀਤ ਕੌਰ ਲੌਂਗੋਵਾਲ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਹੋਰ ਮੈਂਬਰ ਸਾਹਿਬਾਨ ਮੇਲੇ ਵਿੱਚ ਸ਼ਾਮਿਲ ਹੋਏ। ਮੁਹੰਮਦ ਰਫ਼ੀ ਸਾਬ੍ਹ ਦੇ ਜਨਮ ਦਿਨ ‘ਤੇ ਵਿਸ਼ੇਸ਼ ਪ੍ਰੋਗਰਾਮ ਜੋ ਕਿ ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ (ਰਜਿ:) ਵੱਲੋਂ ‘ਰਫ਼ੀ ਨਾਈਟ’ 16 ਦਸੰਬਰ ਦੀ ਸ਼ਾਮ ਨੂੰ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਗੈਸਟ ਆਫ਼ ਆਨਰ ਵਜੋਂ ਕੀਤੀ ਗਈ। ਜਿਸ ਵਿੱਚ ਬੰਬਈ ਤੋਂ ਆਏ ਗਾਇਕ ਰਾਜੇਸ਼ ਪਨਵਾਰ ਅਤੇ ਟੀਮ ਨੇ ਰਫ਼ੀ ਸਾਬ੍ਹ ਦੇ ਗੀਤ ਗਾਏ ਅਤੇ ਉਨ੍ਹਾਂ ਦੇ ਜੀਵਨ ਨੂੰ ਸਮਰਪਿਤ ਸਮਾਗਮ ਇੱਕ ਯਾਦਗਾਰ ਹੋ ਨਿੱਬੜਿਆ। ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਰਫ਼ੀ ਸਾਬ੍ਹ ਨੇ ਪੰਜਾਬੀ ਵਿੱਚ ਸਦਾਬਹਾਰ ਗੀਤ ਗਾ ਕੇ ਸਦਾ ਲਈ ਅਮਰ ਕੀਤਾ ਹੈ। ਅੱਜ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਪੰਜਾਬੀ ਬੋਲੀ ਨੂੰ ਹੋਰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਪਾਇਆ ਹੈ। ਜਿਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਆਪਣੀ ਸੰਸਥਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਸੰਸਥਾ ਦੇ ਪ੍ਰਧਾਨ ਜੀ ਐੱਸ ਗਰੇਵਾਲ ਆਈ ਏ ਐੱਸ (ਰਿਟਾ.), ਜਨਰਲ ਸਕੱਤਰ ਬਾਲ ਮੁਕੰਦ ਸ਼ਰਮਾ ਸਹਾਇਕ ਐਮ ਡੀ ਮਾਰਕਫੈੱਡ ਅਤੇ ਸਮੁੱਚੀ ਟੀਮ ਵੱਲੋਂ ਡਾ ਦਲਬੀਰ ਸਿੰਘ ਕਥੂਰੀਆ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ।
ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕੈਨੇਡਾ, ਯੂ ਕੇ ਤੇ ਇਟਲੀ ਤੋਂ ਆਏ ਪਰਵਾਸੀ ਲੇਖਕਾਂ ਨਾਲ ਮਿਲਣੀ ਤੇ ਬਿੰਦੂ ਦਲਵੀਰ ਕੌਰ ਕੈਨੇਡਾ ਦੇ ਗਜ਼ਲ ਸੰਗ੍ਰਹਿ ”ਹਰਫ ਇਲਾਹੀ” ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਤੇ ਬਾਨੀ ਵਿਸ਼ਵ ਪੰਜਾਬੀ ਭਵਨ ਟੋਰਾਂਟੋ ਵੱਲੋਂ ਕੀਤੀ ਗਈ।
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਲੇਖਕ ਪੰਜਾਬੀਅਤ ਦੇ ਅਸਲ ਰਾਜਦੂਤ ਹਨ। ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਅਜਿਹੇ ਸਾਹਿਤਕ ਪ੍ਰੋਗਰਾਮ ਪਰਵਾਸੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਜ਼ਰੂਰੀ ਹਨ। ਇਸ ਸਮਾਗਮ ਦਾ ਹਿੱਸਾ ਬਣ ਕੇ ਉਹ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦੇ ਹਨ। ਸਮਾਗਮ ਵਿੱਚ ਡਾ. ਦਲਬੀਰ ਸਿੰਘ ਕਥੂਰੀਆ, ਡਾ. ਤਾਰਾ ਸਿੰਘ ਆਲਮ ਯੂ ਕੇ, ਦਲਜਿੰਦਰ ਰਹਿਲ ਇਟਲੀ, ਬਿੰਦੂ ਦਲਵੀਰ ਕੌਰ ਸਰੀ ਕਨੇਡਾ, ਕੁਲਵਿੰਦਰ ਪਾਲ ਯੂ ਕੇ, ਡਾ. ਗੁਰਇਕਬਾਲ ਸਿੰਘ ਤੇ ਚਮਕੌਰ ਸਿੰਘ ਸੇਖੋਂ ਸਰੀ ਕੈਨੇਡਾ ਨੂੰ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ, ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਵਿਸ਼ਵ ਪੰਜਾਬੀ ਸਭਾ ਦੀ ਭਾਰਤੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਕੰਵਲਜੀਤ ਸਿੰਘ ਲੱਕੀ ਲੁਧਿਆਣਾ ਜਨਰਲ ਸਕੱਤਰ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਦੀਪ ਜਗਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਨਦੀਪ ਕੌਰ ਰੰਧਾਵਾ ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਹਾਜ਼ਰ ਰਹੇ।
ਅੱਜ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਫਗਵਾੜਾ ਦੇ ਨਜ਼ਦੀਕ ਪਿੰਡ ਵਿੱਚ ਨਵ ਭਾਰਤ ਸਕੂਲ ਪਾਂਸ਼ਟਾ ਵਿਖੇ ਸਮੂਹ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਕਵਿਤਾ ਉਚਾਰਣ ਮੁਕਾਬਲੇ, ਚਿੱਤਰਕਾਰੀ ਮੁਕਾਬਲੇ, ਸੱਭਿਆਚਾਰਕ ਗੀਤ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਡਾਕਟਰ ਦਲਬੀਰ ਸਿੰਘ ਕਥੂਰੀਆ, ਸੰਧੂ ਵਰਿਆਣਵੀ, ਬਲਬੀਰ ਕੌਰ ਰਾਏਕੋਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੈਡਮ ਜੀਟਨ ਕੌਰ ਬਾਂਸਲ ਦੀ ਅਗਵਾਈ ਹੇਠ ਇਹ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਬਾਲ ਪੁਸਤਕ ਭੇਂਟ ਕੀਤੀ ਗਈ।
ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਟੋਰਾਂਟੋ) ਕੈਨੇਡਾ ਦੇ ਸੰਸਥਾਪਕ ਡਾ. ਦਲਬੀਰ ਸਿੰਘ ਕਥੂਰੀਆ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਨਵੇਂ ਸਰਪ੍ਰਸਤ ਬਣੇ ਹਨ। ਉਨ੍ਹਾਂ ਸਰਪ੍ਰਸਤ ਵਜੋਂ ਆਪਣੀ ਮੈਂਬਰਸ਼ਿਪ ਦਾ ਇੱਕ ਲੱਖ ਰੁਪਿਆ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੂੰ ਭੇਂਟ ਕੀਤਾ।
ਡਾ. ਕਥੂਰੀਆ ਨੇ ਕਿਹਾ ਕਿ ਅੱਜ ਮੈਨੂੰ 70 ਸਾਲ ਪੁਰਾਣੀ ਸੰਸਥਾ ਨਾਲ ਜੁੜ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਪੰਜਾਬੀ ਭਾਸ਼ਾ ਸਾਹਿੱਤ ਤੇ ਸੱਭਿਆਚਾਰ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਵਿਸ਼ਵ ਵਿੱਚ ਕੰਮ ਕਰੇਗੀ।
ਉਨ੍ਹਾਂ ਇਸ ਗੱਲ ‘ਤੇ ਵੀ ਮਾਣ ਮਹਿਸੂਸ ਕੀਤਾ ਕਿ ਡਾ. ਸ ਪ ਸਿੰਘ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਹੋਣ ਕਾਰਨ ਹੀ ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਇਸ ਦਾ ਹੈੱਡ ਕੁਆਰਟਰ ਪੰਜਾਬੀ ਭਵਨ ਨਾਲ ਜੁੜ ਸਕਿਆ ਹਾਂ ਜੋ ਸਾਡੇ ਸਭ ਪੰਜਾਬੀਆਂ ਲਈ ਤੀਰਥ ਵਾਂਗ ਹੈ ਕਿਉਂਕਿ ਇਹ ਲੇਖਕਾਂ ਵਿਦਵਾਨਾਂ ਤੇ ਸੱਭਿਆਚਾਰਕ ਕਾਮਿਆਂ ਦਾ ਆਪਣਾ ਘਰ ਹੈ।
ਵਿਸ਼ਵ ਭਰ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲੋੜ : ਡਾ: ਕਥੂਰੀਆ
ਫਗਵਾੜਾ : ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਨਾਲ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੰਜਾਬੀ ਸਭਾ, ਕਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਾਂ ਦੀ ਲੋੜ ਹੈ। ਇਸੇ ਲੋੜ ਨੂੰ ਧਿਆਨ ‘ਚ ਰੱਖਦਿਆਂ ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਭਾ ਦਾ ਗਠਨ ਕੀਤਾ ਗਿਆ ਹੈ ਜੋ ਕਿ ਵਿਸ਼ਵ ਭਰ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰ ਰਹੇ ਲੋਕਾਂ, ਸੰਸਥਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਉੱਤੇ ਲਿਆਏਗੀ। ਇਸੇ ਮੰਤਵ ਨਾਲ ਪੰਜਾਬ ਭਵਨ ਬਰੈਂਪਟਨ ਵਿਖੇ ਪੰਜਾਬ ਭਵਨ ਉਸਾਰਿਆ ਗਿਆ ਹੈ ਅਤੇ ਵੱਖੋ-ਵੱਖਰੇ ਦੇਸ਼ਾਂ ਖਾਸ ਕਰਕੇ ਪੰਜਾਬ ਵਿਚ ਇਸ ਸੰਸਥਾ ਦੀਆਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਫਗਵਾੜਾ ਵਿਖੇ ਡਾ: ਦਲਬੀਰ ਸਿੰਘ ਕਥੂਰੀਆ ਅਤੇ ਪ੍ਰੋ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਭਾਰਤ ਚੈਪਟਰ ਦਾ ਸਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ, ਸਾਬਕਾ ਪ੍ਰਧਾਨ ਬਲਦੇਵ ਰਾਜ ਕੋਮਲ, ਸਾਬਕਾ ਪ੍ਰਧਾਨ ਰਵਿੰਦਰ, ਸਾਬਕਾ ਪ੍ਰਧਾਨ ਕਰਮਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਵਿਜੈ ਕੁਮਾਰ ਜਨਰਲ ਸਕੱਤਰ, ਮੀਤ ਪ੍ਰਧਾਨ ਰਵਿੰਦਰ ਰਾਏ ਅਤੇ ਉੱਘੇ ਵਕੀਲ ਐਸ.ਐਲ. ਵਿਰਦੀ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਵਾਗਤ ਕੀਤਾ। ਇਸ ਸਮੇਂ ਬੋਲਦਿਆਂ ਐਡਵੋਕੇਟ ਐਸ .ਐਲ. ਵਿਰਦੀ ਨੇ ਕਿਹਾ ਕਿ ਫਗਵਾੜਾ ਵਿਦਿਅਕ, ਸਾਹਿੱਤਕ, ਸਭਿਆਚਾਰਕ ਸਰਗਰਮੀਆਂ ਦਾ ਧੁਰਾ ਹੈ ਅਤੇ ਇਥੋਂ ਦੇ ਲੇਖਕ, ਚਿੰਤਕ, ਲਗਾਤਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹਨ।

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …