ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ
ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਨੂੰ ਬਾਰਨ ਖੇਤਰ ‘ਚ ਸਥਿਤ ਓਮੈਕਸ ਸਿਟੀ ਵਿੱਚ ਪੁੱਜਣ ‘ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨੀ ਝੰਡਿਆਂ ਨਾਲ ਲੈਸ ਹੋ ਕੇ ਪੁੱਜੇ ਕਿਸਾਨਾਂ ਵਿੱਚ ਅਨੇਕਾਂ ਮਹਿਲਾਵਾਂ ਵੀ ਸ਼ਾਮਲ ਸਨ। ਪੁਲਿਸ ਫੋਰਸ ਨੇ ਕਿਸਾਨਾਂ ਦੇ ਇੱਕ ਜਥੇ ਨੂੰ ਭਾਵੇਂ ਪਹਿਲਾਂ ਇਸ ਕਲੋਨੀ ਦੇ ਮੁੱਖ ਗੇਟ ‘ਤੇ ਹੀ ਰੋਕ ਲਿਆ ਸੀ, ਪਰ ਮਗਰੋਂ ਇਹ ਕਿਸਾਨ ਕਲੋਨੀ ਵਿੱਚ ਪੁੱਜਣ ਵਿੱਚ ਸਫ਼ਲ ਹੋ ਗਏ। ਇਸ ਦੌਰਾਨ ਆਪਣਾ ਪ੍ਰੋਗਰਾਮ ਸਮਾਪਤ ਕਰਕੇ ਜਦੋਂ ਪ੍ਰਨੀਤ ਕੌਰ ਦਾ ਕਾਫ਼ਲਾ ਵਾਪਸ ਜਾਣ ਲੱਗਿਆ ਤਾਂ ਕਿਸਾਨਾਂ ਨੇ ਅੱਗੇ ਹੋ ਕੇ ਉਨ੍ਹਾਂ ਨੂੰ ਘੇਰਨਾ ਚਾਹਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਰੋਕੀ ਰੱਖਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਕਾਫ਼ੀ ਖਿੱਚ-ਧੂਹ ਵੀ ਹੋਈ। ਇਸ ਮੌਕੇ ਕਿਸਾਨਾਂ ਨੇ ਭਾਜਪਾ ਸਣੇ ਨਿੱਜੀ ਤੌਰ ‘ਤੇ ਪ੍ਰਨੀਤ ਕੌਰ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਪ੍ਰਨੀਤ ਕੌਰ ਦੇ ਕਾਫਲੇ ‘ਚ ਸਾਬਕਾ ਮੇਅਰ ਸੰਜੀਵ ਬਿੱਟੂ, ਅਕਾਲੀ ਦਲ ਛੱਡ ਕੇ ਭਾਜਪਾਈ ਬਣੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਤੇ ਸੁਰਿੰਦਰ ਖੇੜਕੀ ਸਣੇ ਕਈ ਆਗੂ ਮੌਜੂਦ ਸਨ। ਮਗਰੋਂ ਪਟਿਆਲਾ ਪਹੁੰਚ ਕੇ ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਕਿਸਾਨਾਂ ਦਾ ਮੁੱਢ ਤੋਂ ਹੀ ਕਦਰਦਾਨ ਹੈ। ਇਸ ਕਰਕੇ ਕਿਸਾਨਾਂ ਵੱਲੋਂ ਕੀਤੇ ਜਾਂਦੇ ਪ੍ਰਦਰਸ਼ਨਾਂ ‘ਤੇ ਉਨ੍ਹਾਂ ਨੂੰ ਕੋਈ ਵੀ ਸ਼ਿਕਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤ ਕੇ ਮੁੜ ਲੋਕ ਸਭਾ ‘ਚ ਪਹੁੰਚਣ ‘ਤੇ ਉਹ ਕਿਸਾਨਾਂ ਦੀ ਵਕੀਲ ਬਣ ਕੇ ਇਨ੍ਹਾਂ ਦੀਆਂ ਹੱਕੀ ਮੰਗਾਂ ਖਾਤਰ ਲੋਕ ਸਭਾ ‘ਚ ਲੜਾਈ ਲੜਨਗੇ।
ਹੰਸ ਰਾਜ ਹੰਸ ਦਾ ਵੀ ਵਿਰੋਧ
ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਪਿੰਡ ਬੁੱਟਰ ਸ਼ਰੀਂਹ ਅਤੇ ਪਿੰਡ ਕੋਟਲੀ ਅਬਲੂ ‘ਚ ਘਿਰਾਓ ਕੀਤਾ ਗਿਆ. ਘਿਰਾਓ ਦੀ ਅਗਵਾਈ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਫਰੀਦਕੋਟ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੱਤਾ ਹੋਰਾਂ ਨੇ ਹੰਸ ਪਾਸੋਂ ਲੋਕਾਂ ਦੇ ਅਸਲ ਮੁੱਦਿਆਂ ‘ਤੇ ਅਧਾਰਿਤ 30 ਨੁਕਾਤੀ ਮੰਗਾਂ ਦੇ ਜਵਾਬ ਮੰਗੇ। ਇਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀ ਮਨਬੀਰ ਸਿੰਘ, ਡੀਐੱਸਪੀ ਜਸਵੀਰ ਸਿੰਘ ਪੰਨੂ ਗਿੱਦੜਬਾਹਾ ਅਤੇ ਮੁੱਖ ਅਫਸਰ ਥਾਣਾ ਕੋਟਭਾਈ ਵੱਡੀ ਗਿਣਤੀ ‘ਚ ਪੁਲਿਸ ਨਾਲ ਮੌਜੂਦ ਰਹੇ। ਕਿਸਾਨ ਆਗੂਆਂ ਨੇ ਹੰਸ ਰਾਜ ਹੰਸ ਦਾ ਵਿਰੋਧ ਕਰਦਿਆਂ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ‘ਤੇ ਆਰੋਪ ਲਾਉਂਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਕੇਂਦਰ ਤੇ ਸੂਬੇ ‘ਚ ਆਈ ਹਰ ਪਾਰਟੀ ਦੀ ਸਰਕਾਰ ਨੇ ਆਰਥਿਕ ਸੁਧਾਰਾਂ ਦੇ ਨਾਂ ‘ਤੇ ਨਿੱਜੀਕਰਨ, ਸੰਸਾਰੀਕਰਨ, ਵਪਾਰੀਕਰਨ ਪੂਰੇ ਜ਼ੋਰ-ਸੋਰ ਨਾਲ ਲਾਗੂ ਕੀਤਾ ਹੈ। ਇਸ ਮੌਕੇ ਫਰੀਦਕੋਟ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਬਲਾਕ ਜੈਤੋ ਦੇ ਸਹਾਇਕ ਸਕੱਤਰ ਚਰਨਜੀਤ ਸਿੰਘ ਤੇ ਪਵਿੱਤਰ ਸਿੰਘ ਰਣ ਸਿੰਘ ਵਾਲਾ, ਅਮਿਤਪਾਲ ਬਰਗਾੜੀ, ਸਾਧੂ ਸਿੰਘ ਵੀ ਮੌਜੂਦ ਸਨ।
ਕਿਸਾਨਾਂ ਨੇ ਬਠਿੰਡਾ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਕੀਤੇ ਤਿੱਖੇ ਸਵਾਲ
ਮਾਨਸਾ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਜ਼ਿਲ੍ਹਾ ਕਮੇਟੀ ਵੱਲੋਂ ਰਾਜਸੀ ਸਮਾਗਮ ਵਿੱਚ ਸ਼ਾਮਲ ਹੋਣ ਦੌਰਾਨ ਸਵਾਲ ਪੁੱਛੇ ਗਏ। ਇਹ ਸਵਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਤਾਇਨਾਤੀ ਦੌਰਾਨ ਅਤੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਮੌਜੂਦਗੀ ਵਿੱਚ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਵੱਲੋਂ ਪੁੱਛੇ ਗਏ। ਮੰਤਰੀ ਖੁੱਡੀਆਂ ਵੱਲੋਂ ਸਵਾਲਾਂ ਦੇ ਜਵਾਬ ਦੇਣ ਮਗਰੋਂ ਰਾਜਸੀ ਸਮਾਗਮ ਆਮ ਵਾਂਗ ਆਰੰਭ ਹੋਇਆ। ਜਥੇਬੰਦੀ ਦੇ ਸੂਬਾਈ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦਾ ਜ਼ਮੀਨੀ ਮਸਲਾ ਪਿਛਲੇ ਸਾਲ ਤੋਂ ਲਟਕ ਰਿਹਾ ਹੈ।
ਬਰਨਾਲਾ ‘ਚ ਭਾਜਪਾ ਆਗੂ ਅਰਵਿੰਦ ਖੰਨਾ ਦਾ ਵਿਰੋਧ
ਬਰਨਾਲਾ : ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਸਭਾ ਚੋਣ ਮੁਹਿੰਮ ਦੌਰਾਨ ਭਾਜਪਾ ਆਗੂਆਂ ਤੇ ਉਮੀਦਵਾਰਾਂ ਦੇ ਜਨਤਕ ਵਿਰੋਧ ਦੇ ਦਿੱਤੇ ਸੱਦੇ ਤਹਿਤ ਭਾਜਪਾ ਦੇ ਸੂਬਾਈ ਆਗੂ ਤੇ ਹਲਕਾ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਦੇ ਇੱਥੇ ਪੁੱਜਣ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਆਗੂ ਚਮਕੌਰ ਸਿੰਘ ਨੈਣੇਵਾਲ, ਕਮਲਜੀਤ ਕੌਰ ਬਰਨਾਲਾ ਤੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ ਨੇ ਕਿਹਾ ਨਰਿੰਦਰ ਮੋਦੀ ਸਰਕਾਰ ਨੇ ਦਿੱਲੀ ਘੋਲ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਦੇ ਅਜਿਹੇ ਅੜੀਅਲ ਵਤੀਰੇ ਦਾ ਜਵਾਬ ਉਨ੍ਹਾਂ ਦੇ ਨੁਮਾਇੰਦਿਆਂ/ਆਗੂਆਂ ਤੇ ਉਮੀਦਵਾਰਾਂ ਨੂੰ ਲੋਕ ਸੱਥਾਂ, ਪਿੰਡਾਂ/ਸ਼ਹਿਰਾਂ ਵਿੱਚ ਵਿਰੋਧ ਕਰ ਕੇ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਭਾਜਪਾ ਆਗੂ ਅਰਵਿੰਦ ਖੰਨਾ ਸ਼ਹਿਰ ‘ਚ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਪੁੱਜੇ ਸਨ, ਇਨ੍ਹਾਂ ਦੀ ਫੇਰੀ ਦੀ ਭਿਣਕ ਪੈਣ ‘ਤੇ ਬੀਕੇਯੂ ਏਕਤਾ ਉਗਰਾਹਾਂ ਦੇ ਕਾਫ਼ਲੇ ਪੈੜ ਨੱਪਦਿਆਂ ਬਰਨਾਲੇ ਵੱਲ ਆਉਣੇ ਸ਼ੁਰੂ ਹੋ ਗਏ। ਸਥਾਨਕ ਕਚਹਿਰੀ ਚੌਕ ਵਿੱਚ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਿਆ। ਕਿਸਾਨਾਂ ਨੇ ਅਰਵਿੰਦ ਖੰਨਾ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਸਵਾਲਾਂ ਤੋਂ ਭੱਜ ਰਹੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿਆਂਗੇ: ਕਿਸਾਨ ਆਗੂ
ਡੱਬਵਾਲੀ : ਕਿਸਾਨੀ ਮਸਲਿਆਂ ਬਾਰੇ ਸਵਾਲ-ਜਵਾਬੀ ਲਈ ਡਟੇ ਕਿਸਾਨਾਂ ਨੇ ਸਿਰਸਾ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਡਟਵਾਂ ਵਿਰੋਧ ਕੀਤਾ। ਕਿਸਾਨਾਂ ਨੇ ਸਿਲਵਰ ਜੁਬਲੀ ਚੌਕ ‘ਚ ਅਸ਼ੋਕ ਤੰਵਰ ਦੀ ਚੋਣ ਮੀਟਿੰਗ ਦੇ ਸਾਹਮਣੇ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਮਹਿਜ਼ 40 ਮੀਟਰ ਦੀ ਦੂਰੀ ‘ਤੇ ਸਿਲਵਰ ਜੁਬਲੀ ਚੌਕ ਦੀ ਉੱਚੀ ਕੰਧ ‘ਤੇ ਖੜ੍ਹੇ ਕਿਸਾਨਾਂ ਦੇ ਤਿੱਖੇ ਨਾਅਰਿਆਂ ਕਾਰਨ ਅਸ਼ੋਕ ਤੰਵਰ ਨੂੰ ਤਕਰੀਰ ਕਰਨ ‘ਚ ਕਾਫ਼ੀ ਦਿੱਕਤ ਆਈ। ਕਿਸਾਨ, ਭਾਜਪਾ ਉਮੀਦਵਾਰ ਤੋਂ ਕਿਸਾਨੀ ਮਸਲਿਆਂ ਸਬੰਧੀ ਸਵਾਲ ਕਰਨਾ ਚਾਹੁੰਦੇ ਸਨ। ਵੱਡੀ ਗਿਣਤੀ ਪੁਲਿਸ ਫੋਰਸ ਵੀ ਮੌਕੇ ‘ਤੇ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਦੇ ਡੱਬਵਾਲੀ ‘ਚ ਕਰੀਬ ਦੋ ਦਰਜਨ ਦੁਕਾਨਾਂ ਤੇ ਘਰਾਂ ‘ਚ ਚੋਣ ਪ੍ਰੋਗਰਾਮ ਸਨ। ਭਾਜਪਾ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰਗ ਦੀ ਦੁਕਾਨ ‘ਤੇ ਕੀਤੀ ਚੋਣ ਮੀਟਿੰਗ ਦੌਰਾਨ ਕਿਸਾਨਾਂ ਦੀ ਤਿੱਖੀ ਨਾਅਰੇਬਾਜ਼ੀ ਕਾਰਨ ਅਸ਼ੋਕ ਤੰਵਰ ਨੂੰ ਮਾਈਕ ਰਾਹੀਂ ਵੀ ਆਪਣੀ ਗੱਲ ਨੇੜੇ-ਤੇੜੇ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋਈ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਤੰਵਰ ਖਾਸੇ ਖਫ਼ਾ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਘੁੱਕਿਆਂਵਾਲੀ ‘ਚ ਅਸ਼ੋਕ ਤੰਵਰ ‘ਤੇ ਕਿਸਾਨਾਂ ਦੇ ਸਵਾਲ ਭਾਰੀ ਪਏ ਸਨ। ਕਿਸਾਨ ਆਗੂ ਗੁਰਪ੍ਰੇਮ ਦੇਸੂਜੋਧਾ ਨੇ ਕਿਹਾ ਕਿ ਸਵਾਲਾਂ ਤੋਂ ਭੱਜ ਰਹੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ। ਦੱਸਣਯੋਗ ਹੈ ਕਿ ਭਾਜਪਾ ਦੇ ਉਮੀਦਵਾਰ ਪ੍ਰਿੰਟ ਮੀਡੀਆ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਭਾਜਪਾ ਨੇਤਾਵਾਂ ਅਤੇ ਉਮੀਦਵਾਰ ਦੀਆਂ ਪ੍ਰੈੱਸ ਮਿਲਣੀਆਂ ਸਿਰਫ਼ ਸੋਸ਼ਲ ਮੀਡੀਆ ਨੈੱਟਵਰਕ ਨਾਲ ਜੁੜੇ ਲੋਕਾਂ ਤੱਕ ਸੀਮਤ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਵਾਲਾਂ ਵਾਂਗ ਪ੍ਰਿੰਟ ਮੀਡੀਆ ਦੇ ਸਵਾਲ ਵੀ ਭਾਜਪਾ ਉਮੀਦਵਾਰਾਂ ਨੂੰ ਔਖੇ ਲੱਗ ਰਹੇ ਹਨ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …