ਬਠਿੰਡਾ : ਚਾਲ ਘੋੜੇ ਦੀ, ਨਾਮ ਪਿੰਡ ਦਾ ‘ਕੀੜੀ’। ਲੋਕ ਸ਼ੇਰਾਂ ਵਰਗੇ, ਪਿੰਡ ਦਾ ਨਾਮ ‘ਗਿੱਦੜ’। ਇਕ ਵੀ ਮੁਰਗ਼ੀ ਨਹੀਂ, ਨਾਮ ‘ਆਂਡਿਆਂ ਵਾਲੀ’। ਰੱਜੀ ਰੂਹ ਦੇ ਲੋਕ ਨੇ, ਪਿੰਡ ਦਾ ਨਾਮ ‘ਭੁੱਖਿਆਂ ਵਾਲੀ’। ਇਵੇਂ ਹੀ ‘ਕੱਟਿਆਂਵਾਲੀ’, ‘ਬੋਤਿਆਂ ਵਾਲੀ’, ‘ਝੋਟਿਆਂ ਵਾਲੀ’ ਵਗ਼ੈਰਾ ਵਗ਼ੈਰਾ..। ਇਨ੍ਹਾਂ ਪਿੰਡਾਂ ਵਾਲੇ ਆਖਦੇ ਹਨ, ”ਨਰਿੰਦਰ ਮੋਦੀ ਜੀ, ਕਦੇ ਸਾਡਾ ਢਿੱਡ ਵੀ ਫਰੋਲ ਕੇ ਦੇਖ ਲਓ।” ਨਾਂ ਵਿਚ ਕੀ ਰੱਖਿਐ, ਮੋਦੀ ਸਾਹਿਬ ਨੂੰ ਪਤੈ ਜਾਂ ਫਿਰ ਇਨ੍ਹਾਂ ਪਿੰਡਾਂ ਦੀ ਨਵੀਂ ਪੀੜ੍ਹੀ ਨੂੰ, ਜੋ ਬਜ਼ੁਰਗਾਂ ਨੂੰ ਟਕੋਰਾਂ ਮਾਰਦੀ ਹੈ, ”ਤੁਸੀਂ ਤਾਂ ਕੱਟ ਲਈ, ਸਾਨੂੰ ਤਾਂ ਸ਼ਰਮ ਆਉਂਦੀ ਹੈ।” ਲੰਬੀ ਦਾ ਪਿੰਡ ‘ਕੁੱਤਿਆਂ ਵਾਲੀ’ ਹੁਣ ‘ਸ਼ੇਰਾਂਵਾਲੀ’ ਬਣ ਗਿਆ, ਤਾਹੀਓਂ ਲੋਕ ਵੱਡੇ ਬਾਦਲ ਦੀ ਸਿਫ਼ਤ ਕਰਦੇ ਨਹੀਂ ਥੱਕਦੇ। ਨਰਿੰਦਰ ਮੋਦੀ ਬਾਰੇ ਮਸ਼ਹੂਰ ਹੈ ਕਿ ਸ਼ਹਿਰ ਦਾ ਨਾਮ ਹੋਵੇ ਜਾਂ ਕਿਸੇ ਜੰਕਸ਼ਨ ਦਾ, ਐਵਾਰਡ ਦਾ ਨਾਮ ਹੋਵੇ ਜਾਂ ਫਿਰ ਕਿਸੇ ਸਕੀਮ ਦਾ, ਹੋਰ ਤਾਂ ਹੋਰ ਭਾਵੇਂ ਹਵਾਈ ਅੱਡੇ ਦਾ ਕਿਉਂ ਨਾ ਹੋਵੇ, ਅੱਖ ਦੇ ਫੋਰੇ ਨਾਲ ਨਾਮ ਬਦਲਦੇ ਹਨ।
ਤਾਹੀਓਂ ਮੁਗਲਸਰਾਏ ਜੰਕਸ਼ਨ ਹੁਣ ‘ਦੀਨ ਦਿਆਲ ਉਪਾਧਿਆ ਜੰਕਸ਼ਨ’ ਬਣ ਗਿਆ, ਅਲਾਹਾਬਾਦ ਸ਼ਹਿਰ ਹੁਣ ‘ਪ੍ਰਯਾਗਰਾਜ’ ਬਣ ਗਿਆ, ਗੁੜਗਾਓ ਤੋਂ ‘ਗੁਰੂਗ੍ਰਾਮ’ ਬਣ ਗਿਆ। ਮੋਦੀ ਦਾ ਕਮਾਲ ਹੈ ਕਿ ਅਗਰਤਲਾ ਹਵਾਈ ਅੱਡਾ ਹੁਣ ‘ਮਹਾਰਾਜਾ ਬੀਰ ਬਿਕਰਮ ਸਿੰਘ ਏਅਰਪੋਰਟ’ ਅਤੇ ਛਤਰਪਤੀ ਸ਼ਿਵਾਜੀ ਏਅਰਪੋਰਟ ਹੁਣ ‘ਛਤਰਪਤੀ ਸ਼ਿਵਾ ਜੀ ਮਹਾਰਾਜ ਕੌਮਾਂਤਰੀ ਏਅਰਪੋਰਟ’ ਬਣ ਗਿਆ ਹੈ। ਕਾਂਡਲਾ ਬੰਦਰਗਾਹ ਵੀ ਹੁਣ ‘ਦੀਨ ਦਿਆਲ ਪੋਰਟ, ਕਾਂਡਲਾ’ ਵਿਚ ਬਦਲ ਗਈ ਹੈ। ਪੰਜਾਬ ਪੁੱਛਦਾ ਹੈ ਕਿ ਮੁਹਾਲੀ ਹਵਾਈ ਅੱਡੇ ਦਾ ਨਾਮ ‘ਸ਼ਹੀਦੇ ਆਜ਼ਮ ਭਗਤ ਸਿੰਘ ਕੌਮਾਂਤਰੀ ਏਅਰਪੋਰਟ’ ਕਦੋਂ ਹੋਊ, ਜਿਸ ‘ਤੇ ਪੰਜਾਬ ਵੀ ਸਹਿਮਤ ਹੈ ਤੇ ਹਰਿਆਣਾ ਵੀ। ਫਿਰ ਦੇਰੀ ਕਾਹਦੀ ਹੈ। ਮਮਤਾ ਦੀਦੀ ਨੇ ਪੱਛਮੀ ਬੰਗਾਲ ਦਾ ਨਾਮ ‘ਬੰਗਾਲ’ ਰਖਾਉਣ ਲਈ ਅਸੈਂਬਲੀ ਵਿਚ ਮਤਾ ਪਾਸ ਕਰਤਾ। ਕੇਰਲਾ ਨੂੰ ‘ਕੇਰਲਾਮ’ ਤੇ ਭੋਪਾਲ ਨੂੰ ‘ਭੋਜਪਾਲ’ ਵਿਚ ਤਬਦੀਲ ਕਰਾਉਣ ਦਾ ਵੀ ਮਾਮਲਾ ਵਿਚਾਲੇ ਹੈ। ਵਿਰੋਧੀ ਧਿਰ ਦੇ ਸ਼ਸ਼ੀ ਥਰੂਰ ਆਖਦੇ ਹਨ ਕਿ ਮੋਦੀ ਸਰਕਾਰ ਨੇ 23 ਕੇਂਦਰੀ ਸਕੀਮਾਂ ਵਿਚੋਂ 19 ਸਕੀਮਾਂ ਦੇ ਨਾਮ ਬਦਲ ਦਿੱਤੇ ਹਨ। ਕਹਾਵਤ ਹੈ ‘ਕੱਟੇ ਨੂੰ ਮਣ ਦੁੱਧ ਦਾ ਭਾਅ’। ਰੋਪੜ ਜ਼ਿਲ੍ਹੇ ਦੇ ਪਿੰਡ ਕੱਟਾ ਦੇ ਲੋਕ ਸ਼ਾਇਦ ਏਦਾਂ ਹੀ ਸੋਚਦੇ ਹੋਣਗੇ। ਪੰਜਾਬ ਵਿਚ ਕਰੀਬ 85 ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਨਾਮ ਪੰਛੀਆਂ ਤੇ ਜਾਨਵਰਾਂ ਵਾਲੇ ਹਨ। ਬਹੁਤੇ ਪਿੰਡਾਂ ਵਾਲੇ ਆਖਦੇ ਹਨ ਕਿ ‘ਮੋਦੀ ਜੀ, ਕਰੋ ਸਾਡੇ ‘ਤੇ ਵੀ ਕ੍ਰਿਪਾ। ਵੱਡੇ ਬਾਦਲ ਨੇ ਕਈ ਵਾਰੀ ਆਖਿਆ, ”ਪੰਜਾਬ ਸਰਕਾਰ ਕੋਲ ਤਾਂ ਪਿੰਡ ਦੇ ਨਾਮ ਬਦਲਣ ਦਾ ਵੀ ਅਧਿਕਾਰ ਨਹੀਂ, ਉਹ ਵੀ ਦਿੱਲੀ ਕੋਲ ਹੈ।” ਬਠਿੰਡਾ ਦੇ ਪਿੰਡ ਕੋਟਲੀ ਕਲਾਂ ਵਿਚ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਦੀ ਹੈ। ਬਾਦਲ ਸਰਕਾਰ ਸਮੇਂ ਰਾਤੋ-ਰਾਤ ਪਿੰਡ ਦਾ ਨਾਮ ‘ਪ੍ਰੇਮ ਕੋਟਲੀ’ ਹੋਇਆ ਸੀ। ਪ੍ਰੇਮੀ ਤਾਂ ਖੁਸ਼ ਹੋ ਗਏ ਤੇ ਹੁਣ ਬਾਕੀ ਰੌਲਾ ਪਾ ਰਹੇ ਹਨ। ਫ਼ਾਜ਼ਿਲਕਾ ਦੇ ਪਿੰਡ ਝੋਟਿਆਂ ਵਾਲੀ ਦੇ ਮੁੰਡੇ ਪੁੱਛਦੇ ਨੇ, ਹੁਣ ਸਾਨੂੰ ਖ਼ੁਸ਼ ਕੌਣ ਕਰੂ। ਫ਼ਿਰੋਜ਼ਪੁਰ ਦੇ ਪਿੰਡ ਬੋਤਿਆਂ ਵਾਲੀ ਦਾ ਨਵਾਂ ਪੋਚ ਵੀ ਚਾਹੁੰਦਾ ਹੈ ਕਿ ਪਿੰਡ ਦਾ ਨਾਮ ਬਦਲ ਜਾਏ। ਇਵੇਂ ਹੀ ‘ਬੰਬ’, ‘ਰਾਣੋ’, ‘ਔਤਾਂਵਾਲੀ’, ‘ਭੇਡਪੁਰਾ’, ‘ਤੋਤਾ ਸਿੰਘ ਵਾਲਾ’, ‘ਡੱਡ’, ‘ਬਘਿਆੜੀ’, ‘ਚੂਹੇਵਾਲ’, ‘ਗੰਜਾ’, ‘ਗੰਜੀ’, ‘ਗਿੱਦੜੀ’, ‘ਸਾਂਡਪੁਰਾ’, ‘ਲੁਟੇਰਾ ਕਲਾਂ’, ‘ਕੁੱਕੜ’, ‘ਮੱਖੀ’, ‘ਕਾਲਾ ਬੱਕਰਾ’ ਦੇ ਨੌਜਵਾਨ ਕੀਹਦੇ ਕੋਲ ਫ਼ਰਿਆਦ ਕਰਨ। ਸਭ ਤਾਕਤ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੈ, ਉੱਥੇ ਹੀ ਜਾਣਾ ਪਊ।
ਘਰ ਵਾਪਸੀ ਲਈ ਕਾਹਲੇ ਪਏ ‘ਸਾਥੀ’
ਮੋਗਾ : ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ‘ਕਾਂਗਰਸ ਛੱਡ ਚੁੱਕੇ ਲੀਡਰਾਂ ਨੂੰ ਘਰ ਵਾਪਸੀ’ ਦਾ ਸੱਦਾ ਦੇਣ ਦੀ ਦੇਰ ਸੀ ਕਿ ਜਗਮੀਤ ਬਰਾੜ ਦੇ ‘ਸਾਥੀ’ ਪੱਬਾਂ ਭਾਰ ਹੋ ਗਏ। ਦਿਲ ਦੀ ਗੱਲ ਜਗਮੀਤ ਖੁੱਲ੍ਹ ਕੇ ਨਹੀਂ ਦੱਸ ਰਹੇ, ਪਰ ਘਰ ਵਾਪਸੀ ਲਈ ਅੰਦਰੋਂ ਉਹ ਵੀ ਕਾਹਲੇ ਪਏ ਹੋਏ ਹਨ। ਜਗਮੀਤ ਦੇ ਨੇੜਲੇ ਨੇਤਾ ਵਿਜੈ ਸਾਥੀ ਨੇ ਗਹਿਲੋਤ ਦੇ ਬਿਆਨ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਆਖਿਆ ਕਿ ਏਦਾਂ ਦੀ ਸੋਚ ਹੀ ਕਾਂਗਰਸ ਨੂੰ ਮਜ਼ਬੂਤ ਕਰੇਗੀ। ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ, ਸਾਥੀ ਜੀ ਆਪਣੇ ਦਿਲ ਦੀ ਕਹਿ ਗਏ। ਹੁਣ ਜਗਮੀਤ ਬਰਾੜ ਦੇ ਅੰਦਰ ਦੀ ਕਦੋਂ ਬਾਹਰ ਆਵੇਗੀ, ਆਉਂਦੇ ਦਿਨਾਂ ਵਿਚ ਭੇਤ ਖੁੱਲ੍ਹ ਜਾਣਗੇ। ਦੱਸਦੇ ਹਨ ਕਿ ਜਗਮੀਤ ਬਰਾੜ ਦੇ ਸਾਥੀ ਹੁਣ ਲੀਹਾਂ ਬਦਲ ਬਦਲ ਕੇ ਥੱਕ ਚੁੱਕੇ ਹਨ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …