Breaking News
Home / Special Story / ਤੁਰ ਗਿਆ ਹਾਸਿਆਂ ਦਾ ਵਣਜਾਰਾ

ਤੁਰ ਗਿਆ ਹਾਸਿਆਂ ਦਾ ਵਣਜਾਰਾ

mehar-mittal-2-copy-copyਬਠਿੰਡਾ : ਪੰਜਾਬੀ ਸਿਨੇਮਾ ਦੀ ਕਾਮੇਡੀ ਦੇ ਥੰਮ੍ਹ ਮਿਹਰ ਮਿੱਤਲ ਦੇ ਜੀਵਨ ਦਾ ਲੰਬਾ ਸਮਾਂ ਉਨ੍ਹਾਂ ਦੇ ਜੱਦੀ ਸ਼ਹਿਰ ਬਠਿੰਡਾ ‘ਚ ਹੀ ਬੀਤਿਆ। ਇਹੀ ਸ਼ਹਿਰ ਇਸ ਮਹਾਨ ਕਲਾਕਾਰ ਦੇ ਬਚਪਨ ਤੋਂ ਲੈ ਕੇ ਕਾਮਯਾਬ ਕਲਾਕਾਰ ਬਣਨ ਦੇ ਸਫਰ ਦਾ ਗਵਾਹ ਬਣਿਆ। ਮਿਹਰ ਮਿੱਤਲ ਮਹਿਜ਼ ਇਕ ਕਾਮੇਡੀ ਕਲਾਕਾਰ ਹੀ ਨਹੀਂ ਸਨ, ਉਹ ਐਡਵੋਕੇਟ ਵੀ ਸਨ, ਸਰਕਾਰੀ ਅਧਿਆਪਕ ਵੀ ਅਤੇ ਫਿਲਮਾਂ ਦੇ ਸਫਲ ਨਿਰਦੇਸ਼ਕ ਵੀ। ਮਿਹਰ ਮਿੱਤਲ ਦਾ ਜਨਮ 24 ਅਕਤੂਬਰ 1935 ‘ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਛੋਟੇ ਚੁੱਘੇ ਵਿਖੇ ਹੋਇਆ। ਉਹਨਾਂ ਦੇ ਛੇ ਭਰਾ ਅਤੇ ਦੋ ਭੈਣਾਂ ਸਨ। ਉਹਨਾਂ ਦੇ ਪਿਤਾ ਠਾਕੁਰ ਮੱਲ ਪਿੰਡ ਚੁੱਘੇ ਵਿਖੇ ਹੀ ਖੇਤੀਬਾੜੀ ਕਰਦੇ ਸਨ। ਪਿੰਡ ਵਿਚ ਉਨ੍ਹਾਂ ਦੀ ਇਕ ਦੁਕਾਨ ਵੀ ਸੀ। ਇੱਥੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਗਿੱਦੜਬਾਹਾ ਚਲੇ ਗਏ ਅਤੇ ਫਿਰ ਬਠਿੰਡਾ ਵਿਖੇ ਆ ਕੇ ਰਹਿਣ ਲੱਗੇ। ਮਿਹਰ ਮਿੱਤਲ ਨੇ ਸਕੂਲ ਦੀ ਪੜ੍ਹਾਈ ਬਠਿੰਡਾ ਦੇ ਐਸ ਐਸ ਡੀ ਸਕੂਲ ‘ਚੋਂ ਕੀਤੀ। ਅਗਲੇਰੀ ਪੜ੍ਹਾਈ ਉਨ੍ਹਾਂ ਚੰਡੀਗੜ੍ਹ ਤੋਂ ਕੀਤੀ। ਚੰਡੀਗੜ੍ਹ ਰਹਿੰਦਿਆਂ ਹੀ ਉਨ੍ਹਾਂ ਲਾਅ ਦੀ ਡਿਗਰੀ ਪ੍ਰਾਪਤ ਪ੍ਰਾਪਤ ਕੀਤੀ। ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਅਤੇ ਚਾਰ ਬੇਟੀਆਂ ਸਨ।
ਅਧਿਆਪਨ ਤੋਂ ਕਾਮੇਡੀ ਤੱਕ ਦਾ ਸਫਰ :  ਇਸ ਗੱਲ ਤੋਂ ਕਾਫੀ ਲੋਕ ਅਣਜਾਣ ਹੋਣਗੇ ਕਿ ਜ਼ਿੰਦਗੀ ਦੇ ਸਫਰ ਦੌਰਾਨ ਮਿਹਰ ਮਿੱਤਲ ਸਰਕਾਰੀ ਅਧਿਆਪਕ ਵੀ ਰਹੇ। ਉਨ੍ਹਾਂ ਦੀ ਜੀਵਨ ਸਾਥੀ ਸੁਦੇਸ਼ ਵੀ ਸਰਕਾਰੀ ਅਧਿਆਪਕ ਵਜੋਂ ਤਾਇਨਾਤ ਸਨ। ਪਰ ਨੌਕਰੀ ਨੇ ਉਨ੍ਹਾਂ ਅੰਦਰਲੇ ਕਲਾਕਾਰ ਨੂੰ ਸੰਤੁਸ਼ਟ ਨਾ ਕੀਤਾ ਤੇ ਉਹ ਮੁੜ ਨਾਟਕਾਂ ਨਾਲ ਜੁੜ ਗਏ। ਪਰਿਵਾਰ ਨੇ ਉਨ੍ਹਾਂ ਨੂੰ ਨੌਕਰੀ ਕਰਦੇ ਰਹਿਣ ਲਈ ਵੀ ਕਿਹਾ ਪਰ ਉਹ ਨਹੀਂ ਸਨ ਜਾਣਦੇ ਕਿ ਉਨ੍ਹਾਂ ਅੰਦਰਲਾ ਕਲਾਕਾਰ ਪਰਵਾਜ਼ ਲਈ ਨਵੇਂ ਅੰਬਰਾਂ ਦੀ ਭਾਲ ‘ਚ ਸੀ।
ਸਕੂਲ ਤੋਂ ਹੀ ਬਤੌਰ ਕਾਮੇਡੀਅਨ ਸ਼ੁਰੂ ਕੀਤਾ ਸੀ ਸਫ਼ਰ : ਕਹਿੰਦੇ ਹਨ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਇਸੇ ਨੂੰ ਸੱਚ ਕੀਤਾ ਮਿਹਰ ਮਿੱਤਲ ਨੇ, ਜਦੋਂ ਸਕੂਲ ਪੜ੍ਹਦਿਆਂ ਹੀ ਕਾਮੇਡੀ ਵੱਲ ਮਿਹਰ ਮਿੱਤਲ ਦਾ ਝੁਕਾਅ ਹੋਣ ਲੱਗਾ। ਉਨ੍ਹਾਂ ਦੇ ਬਚਪਨ ਦੀ ਮਾਸੂਸੀਅਤ ਕਿਤੇ ਨਾ ਕਿਤੇ ਸਮਝਣ ਲੱਗ ਪਈ ਸੀ ਕਿ ਕਾਮੇਡੀ ਨਾਲ ਉਨ੍ਹਾਂ ਦਾ ਡੂੰਘਾ ਰਿਸ਼ਤਾ ਹੈ। ਬਸ ਇਸ ਰਿਸ਼ਤੇ ਨੂੰ ਇਕ ਵਹਾਅ ਮਿਲਣ ਦੀ ਦੇਰ ਸੀ। ਇਸੇ ਵਹਾਅ ਦੀ ਭਾਲ ਨੇ ਉਨ੍ਹਾਂ ਨੂੰ ਬਠਿੰਡਾ ਦੇ ਕਾਫੀ ਪੁਰਾਣੇ ਰਾਮ ਨਾਟਕ ਕਲੱਬ ਨਾਲ ਜੋੜ ਦਿੱਤਾ। ਇਸ ਕਲੱਬ ਵਲੋਂ ਸ਼ਹਿਰ ਵਿਚ ਰਾਮਲੀਲਾ ਕੀਤੀ ਜਾਂਦੀ ਸੀ। ਰਾਮਲੀਲਾ ਵਿਚ ਦ੍ਰਿਸ਼ਾਂ ਦੀ ਪੇਸ਼ਕਾਰੀ ਦਰਮਿਆਨ ਖਾਲੀ ਸਮੇਂ ‘ਚ ਕਾਮੇਡੀ ਕਰਕੇ ਲੋਕਾਂ ਦਾ ਮਨੋਰੰਜਨ ਕਾਮੇਡੀ ਆਈਟਮਾਂ ਨਾਲ ਕੀਤਾ ਜਾਂਦਾ ਸੀ। ਇਸ ਕੰਮ ਦਾ ਜ਼ਿੰਮਾ ਕਲੱਬ ਵਲੋਂ ਅਕਸਰ ਮਿਹਰ ਮਿੱਤਲ ਨੂੰ ਦਿੱਤਾ ਜਾਂਦਾ। ਰਾਮ ਲੀਲਾ ਦੀ ਸਟੇਜ ਤੋਂ ਸ਼ੁਰੂ ਹੋਇਆ ਮਿਹਰ ਮਿੱਤਲ ਦਾ ਇਹ ਸਫਰ ਉਨ੍ਹਾਂ ਨੂੰ ਅੱਗੇ ਤੋਂ ਹੋਰ ਅੱਗੇ ਤੋਰਦਾ ਰਿਹਾ। ਮਿੱਤਲ ਨੇ ਨਾਟਕਾਂ ‘ਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਆਖਰੀ ਸਮਾਂ ਗੁਜ਼ਾਰਿਆ ਆਊਂਟ ਆਬੂ ‘ਚ : ਆਪਣੀ ਪੂਰੀ ਜ਼ਿੰਦਗੀ ਹਾਸਿਆਂ ਦੇ ਲੇਖੇ ਲਾਉਣ ਵਾਲੇ ਮਿਹਰ ਮਿੱਤਲ ਆਪਣਾ ਆਖਰੀ ਸਮਾਂ ਕੁਦਰਤ ਦੀ ਸ਼ਾਂਤ ਗੋਦ ਵਿਚ ਬਿਤਾਉਣਾ ਚਾਹੁੰਦੇ ਸਨ। ਉਹ ਪਹਿਲਾਂ ਬ੍ਰਹਮਕੁਮਾਰੀ ਮਿਸ਼ਨ ਨਾਲ ਜੁੜੇ ਅਤੇ ਫਿਰ ਇਸ ਮਿਸ਼ਨ ਦੇ ਹੋਰ ਨਜ਼ਦੀਕ ਹੁੰਦੇ ਹੋਏ ਮਾਊਂਟ ਆਬੂ ਵਿਖੇ ਹੀ ਰਹਿਣ ਲੱਗੇ। ਇੱਥੇ ਹੀ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਮਿਲਣ ਲਈ ਜਾਂਦੇ ਸਨ।
ਬਤੌਰ ਨਿਰਦੇਸ਼ਕ ਵੀ ਕਾਮਯਾਬ ਸਨ ਮਿੱਤਲ
ਮਿਹਰ ਮਿੱਤਲ ਨੇ ਚੰਡੀਗੜ੍ਹ ਵਿਖੇ ਰਹਿੰਦਿਆਂ ਆਪਣੇ ਨਿਰਦੇਸ਼ਨ ਵਿਚ ਜਿਹੜੀ ਪਲੇਠੀ ਪੰਜਾਬੀ ਫਿਲਮ ਬਣਾਈ, ਉਸ ਦਾ ਨਾਂ ਸੀ ‘ਮਾਂ ਦਾ ਲਾਡਲਾ’। ਇਸ ਫਿਲਮ ਵਿਚ ਮੁੱਖ ਕਿਰਦਾਰ ਮਿਹਰ ਮਿੱਤਲ ਨੇ ਨਿਭਾਇਆ। ਇਹ ਇਕ ਕਾਮਡੀ ਰੋਲ ਸੀ। ਇਹ ਫਿਲਮ ਐਨੀ ਜ਼ਿਆਦਾ ਕਾਮਯਾਬ ਹੋਈ ਕਿ ਪੂਰੇ ਫਿਲਮ ਜਗਤ ਨੂੰ ਅਹਿਸਾਸ ਹੋ ਗਿਆ ਇਕ ਸ਼ਾਨਦਾਰ ਕਾਮੇਡੀ ਕਲਾਕਾਰ ਇੰਡਸਟਰੀ ਵਿਚ ਕਦਮ ਰੱਖ ਚੁੱਕਾ ਹੈ।
ਮਿਹਰ ਮਿੱਤਲ ਦਾ ਫਿਲਮੀ ਸਫ਼ਰ
ਕਹਿਰ (1998)
ਜ਼ੋਰ ਜੱਟ ਦਾ (1991)
ਕੁਰਬਾਨੀ ਜੱਟ ਦੀ (1990)
ਸ਼ੇਰਾਂ ਦੇ ਪੁੱਤ ਸ਼ੇਰ (1990)
ਹਮ ਤੋ ਚਲੇ ਪਰਦੇਸ (1988)
ਭੁਲੇਖਾ (1986)
ਪੀਘਾਂ ਪਿਆਰ ਦੀ (1986)
ਜੀਜਾ ਸਾਲੀ (1985)
ਮੌਜਾਂ ਦੁਬਈ ਦੀਆਂ (1985)
ਦੂਜਾ ਵਿਆਹ (1984)
ਮਾਮਲਾ ਗੜਬੜ ਹੈ (1984)
ਨਿੰਮੋ (1984)
ਰਾਂਝਣ ਮੇਰਾ ਯਾਰ (1984)
ਸੋਹਣੀ ਮਹੀਂਵਾਲ (1984)
ਬਾਬੁਲ ਦਾ ਵਿਹੜਾ (1983)
ਲੌਂਗ ਦਾ ਲਸ਼ਕਾਰਾ (1983)
ਦੋ ਮਦਾਰੀ (1983)
ਲਾਜੋ (1983)
ਪਟਵਾਰੀ (1983)
ਅਣਖੀਲੀ ਮੁਟਿਆਰ (1983)
ਗੋਪੀਚੰਦ ਜਾਸੂਸ (1982)
ਮਿਹਰਬਾਨੀ (1982)
ਸਰਪੰਚ (1982)
ਉਚਾ ਦਰ ਬਾਬੇ ਨਾਨਕ ਦਾ (1982)
ਬਲਬੀਰੋ ਭਾਬੀ (1981)
ਪੁੱਤ ਜੱਟਾਂ ਦੇ (1981)
ਵਲਾਇਤੀ ਬਾਬੂ (1981)
ਚੰਨ ਪਰਦੇਸੀ (1980)
ਇਸ਼ਕ ਨਿਮਾਣਾ (1980)
ਫੌਜੀ ਚਾਚਾ (1980)
ਸਰਦਾਰਾ ਕਰਤਾਰਾ (1980)
ਜੱਟ ਪੰਜਾਬੀ (1979)
ਕੁੰਵਾਰਾ ਮਾਮਾ (1979)
ਸੁਖੀ ਪਰਿਵਾਰ (1979)
ਤਿਲ ਤਿਲ ਦਾ ਲੇਖਾ (1979)
ਜ਼ਿੰਦਗੀ ਯਾਰ ਦੀ (1978)
ਸ਼ਹੀਦ ਕਰਤਾਰ ਸਿੰਘ ਸਰਾਭਾ (1977)
ਦਾਜ (1976)
ਗਿੱਧਾ (1976)
ਲੰਬੜਦਾਰਨੀ (1976)
ਮੈਂ ਪਾਪੀ ਤੂੰ ਬਖਸ਼ਣਹਾਰ (1976)
ਸੰਤੋ ਬੰਤੋ (1976)
ਸਵਾ ਲਾਖ ਸੇ ਏਕ ਲੜਾਊਂ (1976)
ਟਾਕਰਾ (1976)
ਯਮਲਾ ਜੱਟ (1976)
ਪ੍ਰਤਿੱਗਿਆ (1975)
ਤੇਰੀ ਮੇਰੀ ਇੱਕ ਜਿੰਦੜੀ (1975)
ਸੱਚਾ ਮੇਰਾ ਰੂਪ ਹੈ (1974)

Check Also

ਕੇਂਦਰੀ ਬਜਟ ਕਾਰਪੋਰੇਟ ਪੱਖੀ ਹੋ ਨਿਬੜਿਆ

ਕਿਸਾਨਾਂ ਦਾ ਜ਼ਿਕਰ ਆਉਂਦਿਆਂ ਹੀ ਵਿਰੋਧੀ ਧਿਰ ਲਗਾਉਣ ਲੱਗੀ ਮੋਦੀ ਸਰਕਾਰ ਖਿਲਾਫ ਨਾਅਰੇ : ਬਜਟ …