ਨੈਵਿਸ ਤੇ ਸੇਂਟਕਿਟਸ ਦੇ 10 ਦਿਨਾ ਦੌਰੇ ‘ਤੇ ਟਰੂਡੋ ਨਾਲ ਗਏ ਆਰਸੀਐਮਪੀ ਅਧਿਕਾਰੀਆਂ ‘ਤੇ ਹੀ ਖਰਚ ਹੋਏ ਹਨ 64,000 ਡਾਲਰ
ਓਟਵਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਨਵੇਂ ਸਾਲ ਦੇ ਜਸ਼ਨ ਵਿਦੇਸ਼ ਵਿੱਚ ਮਨਾਉਣ ਦੀ ਤਿਆਰੀ ਕਰ ਰਹੇ ਹਨ ਉੱਥੇ ਹੀ ਪਿੱਛੇ ਜਿਹੇ ਕੈਰੇਬੀਆ ਵਿੱਚ ਮਨਾਈਆਂ ਗਈਆਂ ਉਨ੍ਹਾਂ ਦੀਆਂ ਛੁੱਟੀਆਂ ਕਾਰਨ ਟੈਕਸ ਦੇਣ ਵਾਲਿਆਂ ਦੀ ਜੇਬ੍ਹ ਉੱਤੇ ਕਿੰਨਾ ਬੋਝ ਪਿਆ ਇਸ ਦੀ ਚਰਚਾ ਸ਼ੁਰੂ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਦਸੰਬਰ ਵਿੱਚ ਨੈਵਿਸ ਤੇ ਸੇਂਟਕਿਟਸ ਦੇ ਦਸ ਦਿਨਾ ਦੌਰੇ ਉੱਤੇ ਗਏ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਆਰਸੀਐਮਪੀ ਅਧਿਕਾਰੀਆਂ ਉੱਤੇ 64,000 ਡਾਲਰ ਖਰਚ ਹੋਇਆ। ਪ੍ਰਧਾਨ ਮੰਤਰੀ ਆਫਿਸ (ਪੀਐਮਓ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਵਾਰੀ ਵੀ ਕ੍ਰਿਸਮਸ ਆਪਣੇ ਪੱਛਮੀ ਕਿਊਬਿਕ ਸਥਿਤ ਹੈਰਿੰਗਟਨ ਲੇਕ ਰੈਜ਼ੀਡੈਂਸ ਵਿੱਚ ਮਨਾਉਣ ਤੋਂ ਬਾਅਦ ਟਰੂਡੋ ਇਸ ਸਾਲ ਦੀਆਂ ਛੁੱਟੀਆਂ ਵਿਦੇਸ਼ ਵਿੱਚ ਮਨਾਉਣਗੇ। ਪੀਐਮਓ ਨੇ ਇਹ ਨਹੀਂ ਦੱਸਿਆ ਕਿ ਇਸ ਵਾਰੀ ਪ੍ਰਧਾਨ ਮੰਤਰੀ ਕਿਹੜੀ ਥਾਂ ਛੁੱਟੀਆਂ ਮਨਾਉਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਵੱਡੀ ਗਿਣਤੀ ਵਿੱਚ ਆਰਸੀਐਮਪੀ ਅਧਿਕਾਰੀ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨਾਲ ਪੈਰਾਡਾਈਸ ਬੀਚ ਰਿਜ਼ਾਰਟ ਵਿੱਚ ਰਹੇ ਸਨ। ਨੈਵਿਸ ਵਿੱਚ ਇਸ ਥਾਂ ਦਾ ਇੱਕ ਰਾਤ ਦਾ ਕਿਰਾਇਆ ਪ੍ਰਤੀ ਵਿਅਕਤੀ 1500 ਡਾਲਰ ਸੀ, ਜੋ ਕਿ ਕੁੱਲ ਮਿਲਾ ਕੇ 20,411 ਡਾਲਰ ਬਣਿਆ।
ਆਰਸੀਐਮਪੀ ਅਧਿਕਾਰੀਆਂ ਦਾ ਇੱਕ ਹੋਰ ਗਰੁੱਪ 30 ਦਸੰਬਰ ਤੋਂ 10 ਜਨਵਰੀ ਦਰਮਿਆਨ ਹੋਰਨਾਂ ਵਿਲਾਜ਼ ਵਿੱਚ ਰਿਹਾ, ਜਿਸ ਉੱਤੇ 44,786 ਡਾਲਰ ਦਾ ਖਰਚਾ ਹੋਇਆ। ਇਹ ਵਿਲਾਜ਼ ਸਥਾਨਕ ਰਿਐਲਟਰ, ਸ਼ੂਗਰ ਮਿੱਲ ਰੀਅਲ ਅਸਟੇਟ ਵੱਲੋਂ ਕਿਰਾਏ ਉੱਤੇ ਦਿਵਾਏ ਗਏ ਸਨ। ਆਰਸੀਐਮਪੀ ਨੇ ਅਸਲ ਖਰਚੇ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਅਜਿਹਾ ਕਰਨ ਨਾਲ ਇਹ ਪਤਾ ਲੱਗ ਜਾਂਦਾ ਕਿ ਪ੍ਰਧਾਨ ਮੰਤਰੀ ਨਾਲ ਕਿੰਨੇ ਅਧਿਕਾਰੀ ਸਨ ਜਿਸ ਨਾਲ ਸਕਿਊਰਿਟੀ ਨੂੰ ਖਤਰਾ ਹੋ ਸਕਦਾ ਹੈ। ਇੱਥੇ ਹੀ ਬੱਸ ਨਹੀਂ ਟਰੂਡੋ ਨੇ 218 ਘੰਟੇ ਮਨਾਈਆਂ ਗਈਆਂ ਛੁੱਟੀਆਂ ਦੌਰਾਨ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਇੱਕ ਚੈਲੈਂਜਰ ਜੈੱਟ ਤੇ ਅਮਲੇ ਨੂੰ ਵੀ ਨਾਲ ਰੱਖਿਆ ਜਿਸ ਉੱਤੇ 48,000 ਡਾਲਰ ਦਾ ਖਰਚ ਆਇਆ।
ਵੈਸਟ ਇੰਡੀਜ਼ ‘ਚ ਰੁਕਣ ਸਮੇਂ ਟਰੂਡੋ ਨੇ ਆਪਣੀ ਜੇਬ ‘ਚੋਂ ਕੀਤਾ ਖਰਚਾ
ਵੈਸਟ ਇੰਡੀਜ਼ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੀ ਜੇਬ ‘ਚੋਂ ਵੀ ਖਰਚਾ ਕੀਤਾ ਸੀ। ਇਹ ਦਾਅਵਾ ਪੀਐਮਓ ਵੱਲੋਂ ਕੀਤਾ ਗਿਆ ਹੈ। ਪੀਐਮਓ ਦਾ ਇਹ ਕਹਿਣਾ ਹੈ ਕਿ ਟਰੂਡੋ ਨੇ ਮਹਿੰਗੇ ਵੈਸਟ ਇੰਡੀਜ਼ ਰਿਜ਼ਾਰਟ ਵਿੱਚ ਰੁਕਣ ਸਮੇਂ ਆਪਣੇ ਤੇ ਆਪਣੇ ਪਰਿਵਾਰ ਦਾ ਪੂਰਾ ਖਰਚਾ ਖੁਦ ਦਿੱਤਾ। ਪਰ ਕਿਉਂਕਿ ਟਰੂਡੋ ਕਮਰਸ਼ੀਅਲ ਜਹਾਜ਼ਾਂ ਵਿੱਚ ਨਹੀਂ ਜਾ ਸਕਦੇ ਤੇ ਉਨ੍ਹਾਂ ਨੂੰ ਆਪਣੀ ਹਿਫਾਜ਼ਤ ਲਈ ਆਪਣਾ ਪ੍ਰਬੰਧ ਕਰਕੇ ਜਾਣਾ ਪੈਂਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …