Breaking News
Home / ਜੀ.ਟੀ.ਏ. ਨਿਊਜ਼ / ਲੋਕ ਮੰਚ ਪੰਜਾਬ ਵੱਲੋਂ ਗੁਲਜ਼ਾਰ ਸੰਧੂ ਤੇ ਗੁਰਮੀਤ ਕੜਿਆਲਵੀ ਦਾ ‘ਆਪਣੀ ਅਵਾਜ਼ ਪੁਰਸਕਾਰ’ ਨਾਲ ਸਨਮਾਨ

ਲੋਕ ਮੰਚ ਪੰਜਾਬ ਵੱਲੋਂ ਗੁਲਜ਼ਾਰ ਸੰਧੂ ਤੇ ਗੁਰਮੀਤ ਕੜਿਆਲਵੀ ਦਾ ‘ਆਪਣੀ ਅਵਾਜ਼ ਪੁਰਸਕਾਰ’ ਨਾਲ ਸਨਮਾਨ

‘ਕਾਵਿ ਲੋਕ ਪੁਰਸਕਾਰ’ ਸਰਬਜੀਤ ਕੌਰ ਜੱਸ ਨੂੰ ਭੇਂਟ
ਚੰਡੀਗੜ੍ਹ : ਲੋਕ ਮੰਚ ਪੰਜਾਬ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ‘ਆਪਣੀ ਅਵਾਜ਼ ਪੁਰਸਕਾਰ 2022’ ਸਾਂਝੇ ਤੌਰ ’ਤੇ ਲੇਖਕ ਗੁਲਜ਼ਾਰ ਸੰਧੂ ਨੂੰ ਨਾਵਲ ‘ਪਰੀ ਸੁਲਤਾਨਾ’ ਲਈ ਅਤੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ ‘ਹਾਰੀਂ ਨਾ ਬਚਨਿਆ’ ਕਹਾਣੀ ਸੰਗ੍ਰਹਿ ਲਈ ਭੇਂਟ ਕੀਤਾ ਗਿਆ। ਇਸੇ ਤਰ੍ਹਾਂ ‘ਕਾਵਿ ਲੋਕ ਪੁਰਸਕਾਰ 2021’ ਸ਼ਾਇਰਾ ਸਰਬਜੀਤ ਕੌਰ ਜੱਸ ਨੂੰ ‘ਤਾਮ’ ਕਾਵਿ ਸੰਗ੍ਰਹਿ ਲਈ ਭੇਂਟ ਕੀਤਾ ਗਿਆ। ਲੋਕ ਮੰਚ ਪੰਜਾਬ ਵੱਲੋਂ ਆਯੋਜਿਤ ਇਸ ਸਨਮਾਨ ਸਮਾਰੋਹ ਵਿਚ ਸਨਮਾਨ ਭੇਂਟ ਕਰਨ ਦੀ ਰਸਮ ਬਤੌਰ ਮੁੱਖ ਮਹਿਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ, ਪ੍ਰਧਾਨਗੀ ਕਰਦਿਆਂ ਡਾ. ਜਸਵਿੰਦਰ ਸਿੰਘ, ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਅਤੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਵੱਲੋਂ ਨਿਭਾਈ ਗਈ। ਜ਼ਿਕਰਯੋਗ ਹੈ ਕਿ 1 ਲੱਖ ਰੁਪਏ ਦੀ ਰਾਸ਼ੀ ਵਾਲੇ ‘ਆਪਣੀ ਅਵਾਜ਼ ਪੁਰਸਕਾਰ 2022’ ਨੂੰ ਸਾਂਝੇ ਤੌਰ ’ਤੇ ਭੇਂਟ ਕਰਦਿਆਂ ਗੁਲਜ਼ਾਰ ਸੰਧੂ ਤੇ ਗੁਰਮੀਤ ਕੜਿਆਲਵੀ ਹੁਰਾਂ ਨੂੰ ਇਕ-ਇਕ ਫੁਲਕਾਰੀ, ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ 51-51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸੇ ਤਰ੍ਹਾਂ ‘ਕਾਵਿ ਲੋਕ ਪੁਰਸਕਾਰ 2021’ ਦੇ ਵਜੋਂ ਸਰਬਜੀਤ ਕੌਰ ਜੱਸ ਨੂੰ ਵੀ ਇਕ ਫੁਲਕਾਰੀ, ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਨੇ ‘ਆਪਣੀ ਅਵਾਜ਼’ ਸਾਹਿਤਕ ਮੈਗਜ਼ੀਨ ਦਾ ਅੰਕ ਅਤੇ ‘ਕਾਵਿ ਲੋਕ’ ਦਾ ਅੰਕ ਵੀ ਲੋਕ ਅਰਪਣ ਕੀਤਾ।
ਸਨਮਾਨ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਹੁਰਾਂ ਨੇ ਜਿੱਥੇ ਤਿੰਨੋਂ ਸਨਮਾਨ ਹਾਸਲ ਕਰਨ ਵਾਲੀਆਂ ਹਸਤੀਆਂ ਨੂੰ ਮੁਬਾਰਕਬਾਦ ਦਿੱਤੀ, ਉਥੇ ਹੀ ਉਨ੍ਹਾਂ ਨੇ ਲੋਕ ਮੰਚ ਪੰਜਾਬ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਾਹਿਤ ਦੇ ਖੇਤਰ ਵਿਚ, ਸਿਰਜਣਾ ਦੇ ਖੇਤਰ ਵਿਚ ‘ਲੋਕ ਮੰਚ ਪੰਜਾਬ’ ਬੜੀਆਂ ਨਿਵੇਕਲੀਆਂ ਅਤੇ ਚੰਗੀਆਂ ਪੈੜਾਂ ਪਾ ਰਿਹਾ ਹੈ। ਇਸ ਮੰਚ ਤੋਂ ਸਨਮਾਨ ਹਾਸਲ ਕਰਨ ਵਾਲਾ ਲੇਖਕ ਮਾਣ ਮਹਿਸੂਸ ਕਰਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜਸਵਿੰਦਰ ਸਿੰਘ ਨੇ ਆਖਿਆ ਕਿ ਪਾਠਕਾਂ ਨੂੰ ਜੋ ਸਾਹਿਤ, ਜੋ ਰਚਨਾ, ਜੋ ਕਹਾਣੀ, ਜੋ ਕਵਿਤਾ ਨਾਲ ਤੋਰ ਲਵੇ ਅਤੇ ਮਜਬੂਰ ਕਰ ਲਵੇ ਕਿ ਮੈਨੂੰ ਇਕੋ ਸਾਹੇ ਪੜ੍ਹੋ ਉਹ ਲੇਖਕ ਦਾ ਹਾਸਲ ਹੁੰਦਾ ਹੈ। ਡਾ. ਜਸਵਿੰਦਰ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਮੁਬਾਰਕਬਾਦ ਦਿੱਤੀ ਤੇ ‘ਲੋਕ ਮੰਚ ਪੰਜਾਬ’ ਦੇ ਉਦਮ ਨੂੰ ਸਲਾਹਿਆ। ਜ਼ਿਕਰਯੋਗ ਹੈ ਕਿ ਸਮਾਗਮ ਦੇ ਸ਼ੁਰੂ ਵਿਚ ਹੀ ਸਮੁੱਚੇ ਪ੍ਰਧਾਨਗੀ ਮੰਡਲ ਦਾ, ਸਨਮਾਨ ਹਾਸਲ ਕਰਨ ਵਾਲੀਆਂ ਹਸਤੀਆਂ ਦਾ, ਆਏ ਹੋਏ ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਮੰਚ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਕੋਈ ਵੀ ਸੰਸਥਾ ਲੇਖਕ ਤੋਂ ਤੇ ਲੇਖਣ ਤੋਂ ਵੱਡੀ ਨਹੀਂ ਹੁੰਦੀ। ਲਖਵਿੰਦਰ ਜੌਹਲ ਨੇ ਕਿਹਾ ਕਿ ਅਸੀਂ ਸਨਮਾਨ ਭੇਂਟ ਕਰਕੇ ਖੁਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ।
‘ਆਪਣੀ ਅਵਾਜ਼ ਪੁਰਸਕਾਰ’ ਹਾਸਲ ਕਰਨ ਉਪਰੰਤ ਗੁਲਜ਼ਾਰ ਸੰਧੂ ਹੁਰਾਂ ਨੇ ਕਿਹਾ ਕਿ ਗੁਰਮੀਤ ਕੜਿਆਲਵੀ ਦੇ ਨਾਲ ਮੈਨੂੰ ਸਾਂਝੇ ਤੌਰ ’ਤੇ ਸਨਮਾਨ ਭੇਂਟ ਕਰਕੇ ਲੋਕ ਮੰਚ ਪੰਜਾਬ ਨੇ ਮੈਨੂੰ ਫਿਰ ਤੋਂ ਜਵਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੁਲਜ਼ਾਰ ਸੰਧੂ ਨੇ ਸਨਮਾਨ ਰਾਸ਼ੀ ਦੇ ਰੂਪ ਵਿਚ ਮਿਲੇ 51,000 ਰੁਪਏ ਨੂੰ ਇਕ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਟਰੱਸਟ ਨੂੰ ਭੇਂਟ ਕਰਨ ਦਾ ਮੌਕੇ ’ਤੇ ਹੀ ਐਲਾਨ ਕੀਤਾ। ਇਸੇ ਤਰ੍ਹਾਂ ਸਾਂਝੇ ਤੌਰ ’ਤੇ ‘ਆਪਣੀ ਅਵਾਜ਼ ਪੁਰਸਕਾਰ’ ਹਾਸਲ ਕਰਨ ਵਾਲੇ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਮੇਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਮੈਨੂੰ ਉਸ ਸਖਸ਼ੀਅਤ ਗੁਲਜ਼ਾਰ ਸਿੰਘ ਸੰਧੂ ਦੇ ਨਾਲ ਸਨਮਾਨ ਮਿਲ ਰਿਹਾ ਹੈ, ਜਿਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਮੈਂ ਵੱਡਾ ਹੋਇਆ ਹਾਂ। ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ‘ਲੋਕ ਮੰਚ ਪੰਜਾਬ’ ਨੇ ਮੈਨੂੰ ਗੁਲਜ਼ਾਰ ਸੰਧੂ ਦੇ ਵਾਰਸ ਹੋਣ ਦਾ ਸਨਮਾਨ ਦਿੱਤਾ ਹੋਵੇ। ਇਸੇ ਤਰ੍ਹਾਂ ‘ਕਾਵਿ ਲੋਕ ਪੁਰਸਕਾਰ’ ਹਾਸਲ ਕਰਨ ਵਾਲੀ ਸ਼ਾਇਰਾ ਸਰਬਜੀਤ ਕੌਰ ਜੱਸ ਨੇ ਕਿਹਾ ਕਿ ਸਨਮਾਨ ਮਿਲਣਾ, ਉਹੀ ਵੀ ਚੋਟੀ ਦੇ ਸਾਹਿਤਕਾਰਾਂ ਤੇ ਸਨਮਾਨਤ ਸੰਸਥਾਵਾਂ ਤੋਂ, ਮਾਣ ਵੀ ਹੁੰਦਾ ਹੈ ਤੇ ਖੁਸ਼ੀ ਵੀ। ਜੱਸ ਨੇ ਕਿਹਾ ਕਿ ਬੇਸ਼ੱਕ ਲਿਖਤ ਬੇਸ਼ਕੀਮਤੀ ਹੁੰਦੀ ਹੈ ਪਰ ਸਨਮਾਨ ਮਿਲਣ ਨਾਲ ਲੇਖਣੀ ਦਾ ਜਿੱਥੇ ਮੁੱਲ ਪੈਂਦਾ ਹੈ, ਉਥੇ ਲੇਖਕ ਨੂੰ ਵੀ ਵੱਡਾ ਹੌਸਲਾ ਮਿਲਦਾ ਹੈ। ਇਸ ਸਨਮਾਨ ਸਮਾਰੋਹ ਦੌਰਾਨ ਨਾਵਲ ‘ਪਰੀ ਸੁਲਤਾਨਾ’ ਦੇ ਹਵਾਲੇ ਨਾਲ ਗੁਲਜ਼ਾਰ ਸੰਧੂ ਨਾਲ ਡਾ. ਜਸਵਿੰਦਰ ਸਿੰਘ ਨੇ ਜਾਣ ਪਹਿਚਾਣ ਕਰਵਾਈ। ਇਸੇ ਤਰ੍ਹਾਂ ‘ਹਾਰੀਂ ਨਾ ਬਚਨਿਆ’ ਕਹਾਣੀ ਦੇ ਲੇਖਕ ਗੁਰਮੀਤ ਕੜਿਆਲਵੀ ਦੇ ਨਾਲ ਡਾ. ਹਰਜਿੰਦਰ ਸਿੰਘ ਨੇ ਤੇ ‘ਤਾਮ’ ਕਾਵਿ ਸੰਗ੍ਰਹਿ ਦੀ ਲੇਖਿਕਾ ਸਰਬਜੀਤ ਕੌਰ ਜੱਸ ਨਾਲ ਡਾ. ਧਨਵੰਤ ਕੌਰ ਨੇ ਸਾਂਝ ਪਵਾਉਂਦਿਆਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨ ਲਈ ਸਰੋਤਿਆਂ ਦੇ ਮਨ ਵਿਚ ਤਾਂਘ ਪੈਦਾ ਕਰ ਦਿੱਤੀ। ਇਸੇ ਤਰ੍ਹਾਂ ਗੁਲਜ਼ਾਰ ਸੰਧੂ ਹੋਰਾਂ ਦਾ ਸਨਮਾਨ ਪੱਤਰ ਬਲਕਾਰ ਸਿੱਧੂ ਹੋਰਾਂ ਨੇ, ਗੁਰਮੀਤ ਕੜਿਆਲਵੀ ਦਾ ਸਨਮਾਨ ਪੱਤਰ ਨਿੰਦਰ ਘੁਗਿਆਣਵੀ ਨੇ ਤੇ ਸਰਬਜੀਤ ਕੌਰ ਜੱਸ ਦਾ ਸਨਮਾਨ ਪੱਤਰ ਨਰਿੰਦਰ ਕੌਰ ਨਸਰੀਨ ਹੋਰਾਂ ਨੇ ਪੜ੍ਹਿਆ। ਜਦੋਂ ਕਿ ਸਨਮਾਨ ਭੇਂਟ ਕਰਨ ਸਮੇਂ ਪ੍ਰਧਾਨਗੀ ਮੰਡਲ ਦੇ ਨਾਲ-ਨਾਲ ਲੋਕ ਮੰਚ ਪੰਜਾਬ ਦੇ ਉਪ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਯੋਗਰਾਜ ਸਿੰਘ, ਕੇ. ਕੇ. ਸ਼ਾਰਦਾ, ਨਿਰਮਲ ਜੌੜਾ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ, ਹਰਮੀਤ ਵਿਦਿਆਰਥੀ ਵੀ ਮੌਜੂਦ ਸਨ।
ਸਨਮਾਨ ਸਮਾਗਮ ਦੇ ਆਖਰ ਵਿਚ ਸਭਨਾਂ ਦਾ ਧੰਨਵਾਦ ਕਰਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਆਖਿਆ ਕਿ ਪਾਤਰ ਸਾਹਿਬ ਦੀ ਅਗਵਾਈ ਤੇ ਡਾ. ਲਖਵਿੰਦਰ ਜੌਹਲ ਦੀ ਲਗਨ ਸਦਕਾ ਅਸੀਂ ਲਗਾਤਾਰ ਇਹ ਸਫ਼ਰ ਜਾਰੀ ਰੱਖਾਂਗੇ ਅਤੇ ਇਸੇ ਤਰ੍ਹਾਂ ਦੇ ਸਮਾਗਮ ‘ਲੋਕ ਮੰਚ ਪੰਜਾਬ’ ਲਗਾਤਾਰ ਸਿਰਜਦਾ ਰਹੇਗਾ। ਉਨ੍ਹਾਂ ਨੇ ਸਨਮਾਨ ਹਾਸਲ ਕਰਨ ਵਾਲੇ ਲੇਖਕਾਂ ਦੇ ਨਾਲ-ਨਾਲ ਸਮੂਹ ਮਾਣਮੱਤੀਆਂ ਹਸਤੀਆਂ ਦਾ ਧੰਨਵਾਦ ਕੀਤਾ ਜਦੋਂਕਿ ਸਮੁੱਚੇ ਸਮਾਗਮ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਕਾਵਿਕ ਰੂਪ ਵਿਚ ਬਾਖੂਬੀ ਚਲਾਈ। ਇਸ ਵਿਸ਼ੇਸ਼ ਸਮਾਗਮ ਵਿਚ ਬਲਵਿੰਦਰ ਸਿੰਘ ਸੰਧੂ, ਡਾ. ਹਰਜਿੰਦਰ ਸਿੰਘ ਅਟਵਾਲ, ਹਰਪ੍ਰੀਤ ਕੌਰ ਸੰਧੂ, ਕੇ.ਕੇ. ਸ਼ਾਰਦਾ, ਯੋਗਰਾਜ ਸਿੰਘ, ਦਰਸ਼ਨ ਬੁੱਟਰ, ਨਿਰਮਲ ਜੌੜਾ, ਪ੍ਰਗਿੱਆ ਸ਼ਾਰਦਾ, ਸੁਸ਼ੀਲ ਦੁਸਾਂਝ, ਡਾ. ਲਾਭ ਸਿੰਘ ਖੀਵਾ, ਬਲਕਾਰ ਸਿੱਧੂ, ਨਿੰਦਰ ਘੁਗਿਆਣਵੀ, ਨਰਿੰਦਰ ਕੌਰ ਨਸਰੀਨ, ਜਗਦੀਪ ਕੌਰ ਨੂਰਾਨੀ, ਸਿਮਰਜੀਤ ਕੌਰ ਗਰੇਵਾਲ, ਸੇਵੀ ਰਾਇਤ, ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਗੁਰਦਰਸ਼ਨ ਮਾਵੀ, ਸੰਜੀਵਨ ਸਿੰਘ ਆਦਿ ਸਣੇ ਵੱਡੀ ਗਿਣਤੀ ਵਿਚ ਲੇਖਕ, ਸ਼ਾਇਰ ਤੇ ਸਰੋਤੇ ਮੌਜੂਦ ਸਨ।

Check Also

ਦੋ ਸਾਲਾਂ ‘ਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਕੀਤਾ ਗਿਆ ਫੈਸਲਾ

ਓਨਟਾਰੀਓ/ਬਿਊਰੋ ਨਿਊਜ਼ : ਲੰਘੇ ਦਿਨੀਂ ਕੁਈਨਜ਼ ਪਾਰਕ ਵਿਖੇ ਪੜ੍ਹੇ ਗਏ ਰਾਜ ਭਾਸ਼ਣ ਵਿੱਚ ਡੱਗ ਫੋਰਡ …