ਬਰੈਂਪਟਨ ਦਾ ਅਗਲਾ ਮੇਅਰ ਪੰਜਾਬੀ?
ਮਜ਼ਬੂਤ ਦਿਖ ਰਹੀ ਲਿੰਡਾ ਜੈਫਰੀ ਦੇ ਖਿਲਾਫ਼ ਮੇਅਰ ਦੀ ਚੋਣ ਲੜਨ ਮੈਦਾਨ ‘ਚ ਨਿੱਤਰੇ ਪੰਜਾਬੀ ਉਮੀਦਵਾਰ ਬੱਲ ਗੋਸਲ
ਬਰੈਂਪਟਨ : ਬਰੈਂਪਟਨ ਦਾ ਨਵਾਂ ਮੇਅਰ ਕੀ ਪੰਜਾਬੀ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਕਿਆਸਰਾਈਆਂ ਜਾਰੀ ਹਨ। ਧਿਆਨ ਰਹੇ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਕ ਪੰਜਾਬੀ ਉਮੀਦਵਾਰ ਮੇਅਰ ਦੀ ਚੋਣ ਲੜ ਰਿਹਾ ਹੈ। ਬੇਸ਼ੱਕ ਲਿਬਰਲ ਪਾਰਟੀ ਨਾਲ ਸਬੰਧਤ ਅਤੇ ਮੌਜੂਦਾ ਮੇਅਰ ਲਿੰਡਾ ਜੈਫਰੀ ਮਜ਼ਬੂਤ ਦਿਖ ਰਹੇ ਹਨ ਫਿਰ ਉਨ੍ਹਾਂ ਨੂੰ ਮੇਅਰ ਦੇ ਮੁਕਾਬਲੇ ਲਈ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਬੱਲ ਗੋਸਲ ਤਕੜੀ ਟੱਕਰ ਦੇ ਰਹੇ ਹਨ। ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸ਼ਹਿਰ ਬਰੈਂਪਟਨ ਦੀਆਂ ਅਲੱਗ-ਅਲੱਗ ਪੰਜ ਸੀਟਾਂ ਤੋਂ ਆਉਣ ਵਾਲੇ ਸਾਰੇ ਮੈਂਬਰ ਆਫ਼ ਪਾਰਲੀਮੈਂਟ ਪੰਜਾਬੀ ਹਨ। ਹੁਣ ਪੰਜਾਬੀਆਂ ਦੀ ਨਜ਼ਰ ਸਿਟੀ ਕੌਂਸਲ ਚੋਣਾਂ ‘ਤੇ ਹੈ। ਬਰੈਂਪਟਨ ਅਤੇ ਨੇੜਲੇ ਛੋਟੇ-ਛੋਟੇ ਸ਼ਹਿਰਾਂ ‘ਚ ਵੱਖ-ਵੱਖ ਸਿਟੀ ਕੌਂਸਲਰਾਂ, ਰੀਜਨਲ ਕੌਂਸਲਰਾਂ ਅਤੇ ਸਕੂਲ ਬੋਰਡ ਟਰੱਸਟੀ ਦੇ ਅਹੁਦਿਆਂ ਦੇ ਲਈ ਪੰਜਾਬੀ ਮੂਲ ਦੇ 36 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਬਰੈਂਪਟਨ ਅਤੇ ਹੋਰ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਸ਼ਹਿਰਾਂ ‘ਚ 22 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹੀਂ ਦਿਨੀਂ ਚੋਣ ਪਿੜ ਪੂਰੀ ਤਰ੍ਹਾਂ ਗਰਮ ਹੈ। ਜਿਨ੍ਹਾਂ ਸ਼ਹਿਰਾਂ ‘ਚ ਚੋਣ ਹੋਣੀ ਹੈ ਉਨ੍ਹਾਂ ‘ਚ ਬਰੈਂਪਟਨ, ਟੋਰਾਂਟੋ, ਸਕਾਰਬਰੋ, ਮਿਸੀਸਾਗਾ, ਮਰਖਮ, ਨਾਰਥ ਯਾਰਕ ਅਤੇ ਵਾਘਨ ਸ਼ਾਮਿਲ ਹਨ। ਚੋਣ ਪ੍ਰਚਾਰ ‘ਚ ਵੀ ਪੰਜਾਬੀ ਰੰਗ ਦਿਖਾਈ ਦੇ ਰਿਹਾ ਹੈ। ਰਿਸ਼ਤੇਦਾਰਾਂ ਤੋਂ ਲੈ ਕੇ ਵਲੰਟੀਅਰਾਂ ਤੱਕ ਇਕ-ਇਕ ਵੋਟ ਲਈ ਵੋਟਰ ਨਾਲ ਸੰਪਰਕ ਬਣਾ ਰਹੇ ਹਨ ਅਤੇ ਉਨ੍ਹਾਂ ਤੱਕ ਆਪਣਾ ਏਜੰਡਾ ਪਹੁੰਚਾ ਰਹੇ ਹਨ। ਲੰਘੀਆਂ ਚੋਣਾਂ ‘ਚ ਇਥੇ 35 ਤੋਂ 36 ਫੀਸਦੀ ਤੱਕ ਵੋਟਿੰਗ ਹੁੰਦੀ ਰਹੀ ਹੈ ਪ੍ਰੰਤੂ ਇਸ ਵਾਰ ਇਹ ਅੰਕੜਾ 50 ਫੀਸਦੀ ਤੋਂ ਟੱਪਣ ਦੀ ਉਮੀਦ ਕੀਤੀ ਜਾ ਰਹੀ ਹੈ। ਉਮੀਦਵਾਰ ਜਾਂ ਬਾਰਬੀਕਿਊ ਪਾਰਟੀਆਂ ਅਤੇ ਜਾਂ ਵੀਕਐਂਡ ‘ਤੇ ਮੀਟਿੰਗਾਂ ਕਰਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ।
ਲੰਬੀ ਲਿਸਟ ਹੈ ਪੰਜਾਬੀ ਉਮੀਦਵਾਰਾਂ ਦੀ
ਵੱਖ-ਵੱਖ ਸਿਟੀ ਕੌਂਸਲਾਂ ਤੋਂ ਪੰਜਾਬੀ ਮੂਲ ਦੇ ਪ੍ਰਮੁੱਖ ਉਮੀਦਵਾਰਾਂ ‘ਚ ਸੰਜੀਵ ਬਾਂਸਲ, ਹਰਮਨਪ੍ਰੀਤ ਮਨਕੂ, ਕਰਨਜੀਤ ਸਿੰਘ ਪੰਧੇਰ, ਪਾਲ ਮਾਨ, ਹਰਪ੍ਰੀਤ ਸਿੰਘ, ਨਿਸ਼ੀ ਸਿੱਧੂ, ਤਨਵੀਰ ਸਿੰਘ, ਹਰਵੀਨ ਧਾਲੀਵਾਲ, ਗੁਰਵਿੰਦਰ ਸਿੰਘ, ਮਾਰਟਿਨ ਸਿੰਘ, ਮੋਕਸ਼ੀ ਵਿਰਕ, ਮੰਗਲਜੀਤ ਡੱਬ, ਧਰਮਵੀਰ ਗੋਹਿਲ, ਮਹਿੰਦਰ ਗੁਪਤਾ, ਰੋਹਿਤ ਸਿੱਧੂ, ਹਰਕੀਰਤ ਸਿੰਘ (ਸਿਟੀ ਕੌਂਸਲ) ਅਤੇ ਰਾਜਵੀਰ ਕੌਰ, ਹਰਨੇਕ ਰਾਏ, ਗੁਰਪ੍ਰੀਤ ਕੌਰ ਬੈਂਸ, ਨਿਸ਼ਾ ਲੂਥਰਾ, ਪ੍ਰਭਜੋਤ ਗਰੇਵਾਲ, ਅਜੈ ਟੰਡਨ, ਗੁਰਪ੍ਰੀਤ ਢਿੱਲੋਂ ਅਤੇ ਵਿੱਕੀ ਢਿੱਲੋਂ (ਰੀਜਨਲ ਕੌਂਸਲ ਦੇ ਲਈ ਉਮੀਦਵਾਰ), ਰਾਜਵਿੰਦਰ ਘੁੰਮਣ, ਹਰਜੋਤ ਐਸ ਗਿੱਲ, ਪ੍ਰਭਜੋਤ ਕੈਂਥ, ਹਰਬੰਦਾਨਾ ਕੌਰ, ਜਸ਼ਨ ਸਿੰਘ, ਸਤਪਾਲ ਸਿੰਘ ਜੌਹਲ, ਸਿਆ ਲਖਨਵਾਲ, ਖੁਸ਼ਪਾਲ ਪਵਾਰ ਅਤੇ ਬਲਬੀਰ ਸੋਹੀ (ਪੀਲ ਡਿਸਟ੍ਰਿਕ ਸਕੂਲ ਬੋਰਡ ਦੇ ਲਈ ਉਮੀਦਵਾਰ) ਸ਼ਾਮਲ ਹਨ।
ਮੇਅਰ ਦੇ ਅਹੁਦੇ ਲਈ ਵੀ ਪਹਿਲੀ ਵਾਰ ਪੰਜਾਬੀ ਉਮੀਦਵਾਰ
ਲਿੰਡਾ ਜੈਫਰੀ ਨਾਲ ਹੈ ਬੱਲ ਗੋਸਲ ਦਾ ਮੁਕਾਬਲਾ
ਫੈਡਰਲ ਸਰਕਾਰ ‘ਚ ਮੰਤਰੀ ਰਹੇ ਬੱਲ ਗੋਸਲ ਅਜਿਹੇ ਪਹਿਲੇ ਉਮੀਦਵਾਰ ਹਨ ਜੋ ਕਿ ਬਰੈਂਪਟਨ ਮੇਅਰ ਅਹੁਦੇ ਦੇ ਲਈ ਵਰਤਮਾਨ ਮੇਅਰ ਲਿੰਡਾ ਜੈਫਰੀ ਦਾ ਮੁਕਾਬਲਾ ਕਰ ਰਹੇ ਹਨ। ਉਹ ਪਹਿਲਾਂ ਕੰਸਰਵੇਟਿਵ ਪਾਰਟੀ ਤੋਂ ਐਮ ਪੀ ਵੀ ਰਹਿ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨਾਲ ਜੁੜੀ ਲਿੰਡਾ ਜੈਫਰੀ ਇਸ ਵਾਰ ਵੀ ਮਜ਼ਬੂਤ ਦਾਅਵੇਦਾਰ ਹਨ।
ਪੈਟਰਿਕ ਬਰਾਊਨ ਦੇ ਹੱਕ ‘ਚ ਨਿੱਤਰੇ ਬਿਲ ਡੇਵਿਸ
ਬਰੈਂਪਟਨ : ਮੇਅਰ ਦੀ ਚੋਣ ਲੜ ਰਹੇ ਪੈਟਰਿਕ ਬਰਾਊਨ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਬਰੈਂਪਟਨ ਦੇ ਵਸਨੀਕ ਤੇ ਓਨਟਾਰੀਉ ਦੇ ਸਾਬਕਾ ਪ੍ਰੀਮੀਅਰ ਬਿਲ ਡੇਵਿਸ ਨੇ ਉਨ੍ਹਾਂ ਦੇ ਸਮਰਥਨ ਦਾ ਐਲਾਨ ਕੀਤਾ। ਮੇਅਰ ਦੀ ਦੌੜ ਵਿਚ ਮੋਹਰੀਆਂ ‘ਚ ਦਿਖ ਰਹੇ ਬਰਾਊਨ ਲਈ ਇਹ ਐਲਾਨ ਮਹੱਤਵਪੂਰਨ ਹੈ।
ਇਕ ਸੀਟ ‘ਤੇ 10 ‘ਚੋਂ 7 ਪੰਜਾਬੀ
ਵਾਰਡ ਨੰਬਰ 9 ਤੇ 10 ਦੀ ਸੀਟ ‘ਤੇ ਚੋਣ ਲੜ ਰਹੇ 10 ਉਮੀਦਵਾਰਾਂ ‘ਚੋਂ 7 ਪੰਜਾਬੀ ਹਨ। ਮੁੱਖ ਮੁਕਾਬਲਾ ਗੁਰਪ੍ਰੀਤ ਢਿੱਲੋਂ ਤੇ ਵਿੱਕੀ ਢਿੱਲੋਂ ‘ਚ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …