ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 10 ਜਨਵਰੀ ਤੋਂ ਨੌਰਥ ਅਮੈਰੀਕਨ ਆਗੂਆਂ ਦੀ ਹੋਣ ਜਾ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਮੈਕਸੀਕੋ ਸਿਟੀ ਦਾ ਦੌਰਾ ਕਰਨਗੇ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਵੱਲੋਂ ਕੀਤਾ ਗਿਆ। ਇਸ ਸਾਲਾਨਾ ਥਰੀ ਐਮਿਗੋਜ ਮੀਟਿੰਗ ਵਿੱਚ ਟਰੂਡੋ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੂਅਲ ਲੋਪੇਜ ਓਬਰਾਡਰ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਆਖਿਆ ਕਿ ਇਹ ਮੀਟਿੰਗ ਤਿੰਨਾਂ ਦੇਸ਼ਾਂ ਦੇ ਅਰਥਚਾਰਿਆਂ ਦੇ ਨਿਰਮਾਣ ਉੱਤੇ ਕੇਂਦਰਿਤ ਹੋਵੇਗੀ। ਇਸ ਦੌਰਾਨ ਇਲੈਕਟ੍ਰਿਕ ਵਹੀਕਲ ਸਪਲਾਈ ਚੇਨ ਦੇ ਸਹਿਯੋਗ ਉੱਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਇਹ ਤਿੱਪਖੀ ਮੀਟਿੰਗ ਨਵੰਬਰ 2021 ਵਿੱਚ ਵਾਸ਼ਿੰਗਟਨ, ਡੀਸੀ ਵਿੱਚ ਹੋਈ ਸੀ। ਇਸ ਦੌਰਾਨ ਅਮਰੀਕਾ ਦੀ ਟਰੇਡ ਰਿਪ੍ਰਜੈਂਟੇਟਿਵ ਕੈਥਰੀਨ ਤਾਇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਕੈਨੇਡਾ ਨੇ ਨਵੀਆਂ ਡੇਅਰੀ ਪਾਲਿਸੀਜ ਲਾਗੂ ਕੀਤੀਆਂ ਹਨ ਜਿਹੜੀਆਂ ਕੈਨੇਡਾ-ਅਮਰੀਕਾ-ਮੈਕਸੀਕੋ ਦੇ ਮੁਕਤ ਵਪਾਰ ਸਮਝੌਤੇ ਦੇ ਮੁਤਾਬਕ ਢੁਕਵੀਆਂ ਨਹੀਂ ਹਨ। ਕੈਨੇਡੀਅਨ ਟਰੇਡ ਮੰਤਰੀ ਮੈਰੀ ਐਨਜੀ ਨੇ ਆਖਿਆ ਕਿ ਵਿਵਾਦਾਂ ਨੂੰ ਹੱਲ ਕਰਨ ਵਾਲੇ ਪੈਨਲ ਵੱਲੋਂ ਵਾਰੀ ਵਾਰੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਦਾ ਸਪਲਾਈ ਮੈਨੇਜਮੈਂਟ ਸਿਸਟਮ ਬਿਲਕੁਲ ਲੀਹ ਉੱਤੇ ਹੈ ਤੇ ਕੈਨੇਡਾ ਵੱਲੋਂ ਟਰੇਡ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਕਿ ਡੀਲ ਵਿੱਚ ਜਿਨ੍ਹਾਂ ਸ਼ਰਤਾਂ ਉੱਤੇ ਗੱਲ ਹੋਈ ਸੀ ਉਹ ਵੀ ਬਰਕਰਾਰ ਹਨ।