ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਓਮਾਈਕ੍ਰੌਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਤੇ ਹੈਲਥ ਕੇਅਰ ਸਿਸਟਮ ਉੱਤੇ ਇੱਕ ਵਾਰੀ ਫਿਰ ਭਾਰ ਪੈਣ ਦੇ ਮੱਦੇਨਜਰ ਅਜੇ ਤੱਕ ਬਹੁਤੇ ਕੈਨੇਡੀਅਨ ਬੱਚਿਆਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੈ। ਸਰਕਾਰੀ ਡਾਟਾ ਅਨੁਸਾਰ ਪਹਿਲੀ ਜਨਵਰੀ ਨੂੰ 12 ਸਾਲ ਤੋਂ ਵੱਧ ਉਮਰ ਦੇ 87.6 ਫੀ ਸਦੀ ਕੈਨੇਡੀਅਨਜ਼ ਨੂੰ ਦੋ ਸ਼ੌਟਸ ਲੱਗ ਚੁੱਕੇ ਹਨ। ਪਰ 5 ਤੋਂ 12 ਸਾਲ ਉਮਰ ਵਰਗ ਵਾਲੇ ਬੱਚਿਆਂ ਵਿੱਚੋਂ ਸਿਰਫ 2 ਫੀਸਦੀ ਨੇ ਹੀ ਦੋ ਸ਼ੌਟ ਲਵਾਏ ਹਨ ਜਦਕਿ ਇੱਕ ਸ਼ੌਟ ਲਵਾਉਣ ਵਾਲਿਆਂ ਦੀ ਗਿਣਤੀ 45.6 ਫੀ ਸਦੀ ਹੀ ਹੈ। ਨਿਯਮਿਤ ਬ੍ਰੀਫਿੰਗ ਦੌਰਾਨ ਸਿੱਧਾ ਬੱਚਿਆਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਦੇਸ਼ ਦੇ ਲੱਗਭਗ ਅੱਧੇ ਬੱਚਿਆਂ ਵੱਲੋਂ ਟੀਕਾਕਰਣ ਕਰਵਾ ਲਿਆ ਗਿਆ ਹੈ ਪਰ ਅਜੇ ਹੋਰ ਬੱਚਿਆਂ ਦੇ ਟੀਕਾ ਲਵਾਉਣ ਦੀ ਲੋੜ ਹੈ, ਇਸ ਲਈ ਕ੍ਰਿਪਾ ਕਰਕੇ ਆਪਣੇ ਮਾਪਿਆਂ ਨੂੰ ਤੁਹਾਡਾ ਟੀਕਾਕਰਣ ਕਰਵਾਉਣ ਲਈ ਆਖੋ। ਜ਼ਿਕਰਯੋਗ ਹੈ ਕਿ ਓਨਟਾਰੀਓ ਤੇ ਕਿਊਬਿਕ ਦੇ ਸਕੂਲਾਂ, ਜਿੱਥੋਂ ਦੀ ਸਾਂਝੀ ਆਬਾਦੀ, ਕੁੱਲ ਕੈਨੇਡੀਅਨ ਆਬਾਦੀ 38.4 ਮਿਲੀਅਨ, ਦਾ 61 ਫੀਸਦੀ ਹੈ, ਵਿੱਚ ਵਰਚੂਅਲੀ ਪੜ੍ਹਾਇਆ ਜਾ ਰਿਹਾ ਹੈ ਪਰ ਇਸ ਮਹੀਨੇ ਦੇ ਅਖੀਰ ਵਿੱਚ ਬੱਚੇ ਕਲਾਸਾਂ ਵਿੱਚ ਪਰਤਣ ਵਾਲੇ ਹਨ।