![](https://parvasinewspaper.com/wp-content/uploads/2020/09/6-300x200.jpg)
ਲੋਕਾਂ ਨੂੰ ਵਿਆਹਾਂ ਮੌਕੇ ਪਾਰਟੀਆਂ ਕਰਨ ਤੋਂ ਵਰਜਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਪਿਛਲੇ ਕਰੀਬ ਦੋ ਹਫਤਿਆਂ ਤੋਂ ਕਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਹਨ ਜਿਸ ਕਾਰਨ ਲੋਕਲ ਅਤੇ ਸੂਬਾਈ ਪੱਧਰ ‘ਤੇ ਸਰਕਾਰਾਂ ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸ਼ ਭਰ ਵਿਚ 6600 ਤੋਂ ਵੱਧ ਕੋਵਿਡ-19 ਦੇ ਪਾਜ਼ੀਟਿਵ ਕੇਸ ਹਨ ਅਤੇ ਕੁੱਲ 9140 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ । ਕਿਊਬਕ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕਾਵਾਨ ਵਿਚ ਮੈਨੀਟੋਬਾ ਵਿਚ ਵੱਧ ਚਿੰਤਾ ਹੈ, ਜਿੱਥੇ ਵੱਡੀਆਂ ਪਾਰਟੀਆਂ ਅਤੇ ਸਮਾਜਿਕ ਇਕੱਠਾਂ ਨੂੰ ਵਾਇਰਸ ਫੈਲਣ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਤਾਂ ਸੂਬਾਈ ਸਰਕਾਰ ਨੇ ਬਾਰਾਂ, ਕਲੱਬਾਂ, ਰੈਸਟੋਰੈਂਟਾਂ ਆਦਿ ਦੇ ਖੁੱਲ੍ਹਣ ਦਾ ਸਮਾਂ ਅਤੇ ਸ਼ਰਾਬ ਵਰਤਾਉਣ ਉਪਰ ਦੁਬਾਰਾ ਕੁਝ ਰੋਕਾਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਟੋਰਾਂਟੋ, ਬਰੈਂਪਟਨ ਅਤੇ ਓਟਾਵਾ ਵਿਚ ਕੇਸਾਂ ਦੀ ਗਿਣਤੀ ਵਧਦੇ ਰਹਿਣ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਲੋਕਾਂ ਨੂੰ ਸਖਤ ਲਫਜਾਂ ਵਿੱਚ ਵਿਆਹਾਂ ਮੌਕੇ ਵੱਡੇ ਇਕੱਠ ਕਰਨ ਤੇ ਪਾਰਟੀਆਂ ਦਾ ਆਯੋਜਨ ਕਰਨ ਤੋਂ ਵਰਜਿਆ ਹੈ।