5.7 C
Toronto
Friday, April 10, 2026
spot_img
Homeਕੈਨੇਡਾਕੈਨੇਡਾ ਜਾਪਾਨ ਨਾਲ ਰਣਨੀਤਕ ਭਾਈਵਾਲੀ ਮਜ਼ਬੂਤ ਕਰਦਾ ਹੋਇਆ ਨਵੀਂ ਆਰਥਿਕ ਤੇ ਸੁਰੱਖਿਆ...

ਕੈਨੇਡਾ ਜਾਪਾਨ ਨਾਲ ਰਣਨੀਤਕ ਭਾਈਵਾਲੀ ਮਜ਼ਬੂਤ ਕਰਦਾ ਹੋਇਆ ਨਵੀਂ ਆਰਥਿਕ ਤੇ ਸੁਰੱਖਿਆ ਨੀਤੀ ਅਪਨਾਏਗਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਾਰ-ਭਰ ਦੀ ਚੌਥੀ ਵੱਡੀ ਆਰਥਿਕਤਾ ਵਾਲੇ ਦੇਸ਼ ਜਾਪਾਨ ਦੇ ਵਿਆਪਕ ਰਣਨੀਤਕ ਸਹਿਯੋਗ ਨਾਲ ਕੈਨੇਡਾ ਲਈ ਨਵੀਂ ਆਰਥਿਕ ਅਤੇ ਸੁਰੱਖਿਆ ਨੀਤੀ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਕੈਨੇਡਾ ਦੇ ਆਰਥਿਕ, ਊਰਜਾ ਅਤੇ ਸੁਰੱਖਿਆ ਦੇ ਖੇਤਰ ਹੋਰ ਮਜ਼ਬੂਤ ਹੋਣਗੇ। ਦੋਹਾਂ ਦੇਸ਼ਾਂ ਦੇ ਦੁਵੱਲੇ ਸਲਾਨਾ 40 ਬਿਲੀਅਨ ਡਾਲਰ ਦੇ ਆਪਸੀ ਵਿਉਪਾਰ ਨਾਲ ਆਟੋਮੋਬਾਇਲ ਸੈੱਕਟਰ ਵਿੱਚ ਹੋਰ ਵਾਧਾ ਹੋਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਜਾਪਾਨੀ ਕੰਪਨੀਆਂ ਕੈਨੇਡਾ ਲਈ 70% ਕਾਰਾਂ ਤੇ ਹੋਰ ਕਈ ਤਰ੍ਹਾਂ ਦੇ ਵਾਹਨ ਬਣਾਉਂਦੀਆਂ ਹਨ ਅਤੇ ਜਾਪਾਨ ਦੇ ਨਾਲ ਇਸ ਭਾਈਵਾਲੀ ਨਾਲ ਕੈਨੇਡਾ ਵਿੱਚ ਹੋਰ ਪੂੰਜੀ-ਨਿਵੇਸ਼ ਹੋਵੇਗਾ, ਉੱਚ-ਪੱਧਰੀ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਇਸਦੇ ਮੁੱਖ ਉਦਯੋਗਿਕ ਖੇਤਰਾਂ ਦਾ ਆਧੁਨਿਕੀਕਰਨ ਹੋਵੇਗਾ।
ਜਾਪਾਨ ਦੀ ਆਪਣੀ ਯਾਤਰਾ ਸਮੇਂ ਮਾਰਕ ਕਾਰਨੀ ਨੇ ਕਲੀਨ ਐਨਰਜੀ, ਐਡਵਾਂਸ ਮੈਨੂਫੇਕਚਰਿੰਗ ਅਤੇ ਸੁਰੱਖਿਆ ਤਕਨਾਲੌਜੀਆਂ ਲਈ ਨਵੇਂ ਮੌਕੇ ਪੈਦਾ ਕਰਨ ਲਈ ਸਹਿਯੋਗੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਦੌਰਾਨ ਕੈਨੇਡਾ ਅਤੇ ਜਾਪਾਨ ਵੱਲੋਂ ਐੱਲ.ਐੱਨ.ਜੀ., ਲੋ-ਇਮਿਸ਼ਨ ਐਨਰਜੀ, ਐਟਮੀ ਸ਼ਕਤੀ, ਹਾਈਡਰੋਜਨ, ਕਾਰਬਨ ਕੈਪਚਰ ਅਤੇ ਬਿਜਲਈ- ਗਰਿੱਡਾਂ ਦੇ ਆਧੁਨਿਕੀਕਰਨ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ ਗਈ। ਦੋਵੇਂ ਦੇਸ਼ ਸੈਮੀ-ਕੰਡਕਟਰਾਂ, ਏ.ਆਈ., ਕੁਆਂਟਮ ਟੈਕਨਾਲੌਜੀ, ਫਿਊਲ-ਸੈਲਾਂ ਅਤੇ ਨਾਜ਼ੁਕ ਧਾਤਾਂ ਦੇ ਭਵਿੱਖਮਈ ਮੁਕਾਬਲੇ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣਗੇ। ਇਸ ਭਾਈਵਾਲੀ ਵਿੱਚ ਵਾਧਾ ਕਰਨ ਲਈ ਜਾਪਾਨ ਤੋਂ ਇਸ ਸਾਲ ਆਉਣ ਵਾਲੇ ਵਿਉਪਾਰਕ ਵਫ਼ਦ ਦਾ ਕੈਨੇਡਾ ਵੱਲੋਂ ਸੁਆਗ਼ਤ ਕੀਤਾ ਜਾਏਗਾ ਅਤੇ ਅਗਲੇ ਸਾਲ 2026 ਵਿੱਚ ਕੈਨੇਡਾ ਦਾ ਵਿਉਪਾਰਕ ਵਫ਼ਦ ਜਾਪਾਨ ਦਾ ਦੌਰਾ ਕਰੇਗਾ।
ਦੋਹਾਂ ਦੇਸ਼ਾਂ ਦਾ ਇਹ ਸਹਿਯੋਗ ਕੈਨੇਡਾ ਦੀ ਰੱਖਿਆ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਏਗਾ। ਇਸ ਵਿੱਚ ਫ਼ੌਰੀ ਤੌਰ ‘ਤੇ ਹੰਗਾਮੀ ਹਾਲਾਤ ਦਾ ਸਾਹਮਣਾ ਕਰਨਾ, ਸਾਂਝੀਆਂ ਕੋਸਟ-ਗਾਰਡ ਮਸ਼ਕਾਂ, ਗ਼ੈਰ-ਕਾਨੂੰਨੀ ਮੱਛੀਆਂ ਫੜਨ ਤੋਂ ਰੋਕਣਾ ਅਤੇ ਰਾਇਲ ਕੈਨੇਡੀਅਨ ਨੇਵੀ ਤੇ ਜਾਪਾਨ ਦੀ ਸੈੱਲਫ਼ ਡਿਫ਼ੈਂਸ ਫੋਰਸਿਜ਼ ਵਿਚਕਾਰ ਸਮੁੰਦਰੀ ਤਾਲਮੇਲ ਸ਼ਾਮਲ ਹਨ। ਇਸਦੇ ਨਾਲ ਹੀ ਦੋਵਾਂ ਦੇਸ਼ਾਂ ਵੱਲੋਂ ਵਿਗਿਆਨਕ ਖੇਤਰ ਵਿੱਚ ਭਾਈਵਾਲੀ, ਸਾਂਝੀ ਸਮੁੰਦਰੀ ਖੋਜ, ਵਾਤਾਵਰਣ ਤੇ ਈਕੋ-ਸਿਸਟਮ ਅਤੇ ਐਡਵਾਂਸ ਟੈਕਨੋਲੋਜੀ ਖੇਤਰਾਂ ਵਿੱਚ ਕੈਨੇਡਾ-ਜਾਪਾਨ ਸਾਇੰਸ ਅਤੇ ਟੈਕਨੋਲੋਜੀ ਸਮਝੌਤੇ ਦੀ ਚਾਲੀਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣਾ ਵੀ ਸ਼ਾਮਲ ਹੈ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ਜਾਪਾਨ ਨਾਲ ਇਸ ਭਾਈਵਾਲੀ ਦੇ ਕੈਨੇਡਾ ਲਈ ਇਕਨਾਮਿਕ ਅਤੇ ਰਣਨੀਤਕ ਪੱਧਰ ‘ਤੇ ਵਧੀਆ ਨਤੀਜੇ ਸਾਹਮਣੇ ਆਉਣਗੇ। ਕਲੀਨ ਐਨਰਜੀ, ਐਡਵਾਂਸ ਮੈਨੂਫੈਕਚਰਿੰਗ ਅਤੇ ਰੱਖਿਆ ਦੇ ਖੇਤਰਾਂ ਵਿੱਚ ਇਸ ਸਹਿਯੋਗ ਨਾਲ ਸਾਡੀਆਂ ਸਪਲਾਈ-ਚੇਨਾਂ ਮਜ਼ਬੂਤ ਹੋਣਗੀਆਂ, ਨਵਾਂ ਪੂੰਜੀ-ਨਿਵੇਸ਼ ਆਏਗਾ ਅਤੇ ਅਸੀਂ ਆਪਣੇ ਘਰ ਵਿੱਚ ਵਧੀਆ ਮਿਡਲ-ਕਲਾਸ ਨੌਕਰੀਆਂ ਪੈਦਾ ਕਰਾਂਗੇ। ਇਹ ਕੈਨੇਡਾ ਦੇ ਲਈ ਲੰਮੇਂ ਸਮੇਂ ਲਈ ਇਕਨਾਮਿਕ ਸਕਿਉਰਿਟੀ ਅਤੇ ਵਿਸ਼ਵ-ਪੱਧਰੀ ਅਗਵਾਈ ਲਈ ਵੱਡਾ ਕਦਮ ਸਾਬਤ ਹੋਵੇਗਾ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਬੰਧੀ ਕਿਹਾ, ਜਾਪਾਨ ਵਿਸ਼ਵ ਪੱਧਰ ‘ਤੇ ਖੋਜ, ਤਕਨਾਲੌਜੀ ਅਤੇ ਐਡਵਾਂਸ ਮੈਨੂਫੈਕਚਰਿੰਗ ਖੇਤਰਾਂ ਵਿੱਚ ਭਰੋਸੇਯੋਗ ਭਾਈਵਾਲ ਹੈ। ਅਸੀਂ ਮਿਲ਼ ਕੇ ਆਪਣੀ ਇਕਨਾਮਿਕ ਸੁਰੱਖਿਆ, ਨਾਜ਼ੁਕ ਧਾਤਾਂ ਅਤੇ ਕਲੀਨ ਐਨਰਜੀ ਦੀਆਂ ਲਚਕੀਲੀਆਂ ਸਪਲਾਈ ਚੇਨਾਂ ਅਤੇ ਆਜ਼ਾਦ ਤੇ ਖੁੱਲ੍ਹੇ-ਡੁੱਲ੍ਹੇ ਇੰਡੋ-ਪੈਸਿਫਿਕ ਰੱਖਿਆ ਲਈ ਸਾਂਝੇ ਯਤਨ ਕਰਾਂਗੇ। ਆਪਣੀ ਭਾਈਵਾਲੀ ਦਾ ਦਾਇਰਾ ਹੋਰ ਵਧਾਉਣ ਅਤੇ ਇਸਦੇ ਆਧੁਨਿਕੀਕਰਨ ਨਾਲ ਅਸੀਂ ਆਪਣੇ ਵਰਕਰਾਂ ਲਈ ਲੰਮੇਂ ਸਮੇਂ ਲਈ ਵਧੀਆ ਮੌਕੇ ਤਿਆਰ ਕਰਾਂਗੇ ਅਤੇ ਦੋਹਾਂ ਦੇਸ਼ਾਂ ਲਈ ਸੁਰੱਖਿਅਤ ਤੇ ਲਚਕੀਲਾ ਭਵਿੱਖ ਬਨਾਉਣ ਲਈ ਯਤਨਸ਼ੀਲ ਹੋਵਾਂਗੇ।

 

 

RELATED ARTICLES
POPULAR POSTS