ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਦੀ ਵੱਕਾਰੀ ਸੰਸਥਾ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਪਿਛਲੇ ਸ਼ਨੀਵਾਰ 17 ਅਕਤੂਬਰ ਨੂੰ ਆਪਣੇ ਮੈਂਬਰਾਂ ਲਈ ਨਿਆਗਰਾ ਫ਼ਾਲਜ਼ ਦਾ ਟੂਰ ਆਯੋਜਿਤ ਕੀਤਾ ਗਿਆ। ਕਲੱਬ ਦੇ ਲੱਗਭੱਗ 100 ਮੈਂਬਰ ਆਪਣੇ ਪਰਿਵਾਰਾਂ ਨਾਲ ਇਸ ਟੂਰ ਵਿੱਚ ਸ਼ਾਮਲ ਹੋਏ। ਉਸ ਦਿਨ ਕਾਫ਼ੀ ਠੰਢ ਹੋਣ ਦੇ ਬਾਵਜੂਦ ਸਾਰੇ ਮੈਂਬਰ ਨਿਸ਼ਚਿਤ ਸਮੇਂ ‘ਤੇ ਬੱਸਾਂ ਦੇ ਚੱਲਣ ਵਾਲੀ ਥਾਂ ਓਨਟਾਰੀਓ ਖਾਲਸਾ ਦਰਬਾਰ ਦੀ ਪਾਰਕਿੰਗ ਵਿੱਚ ਪਹੁੰਚ ਗਏ ਅਤੇ ਸਵੇਰੇ 9.00 ਵਜੇ ਦੋ ਚਾਰਟਰਡ ਬੱਸਾਂ ਤੇ ਕੁਝ ਕਾਰਾਂ ਦਾ ਕਾਫ਼ਲਾ ਨਿਆਗਰਾ ਫ਼ਾਲਜ਼ ਵੱਲ ਰਵਾਨਾ ਹੋਇਆ।
10.30 ਵਜੇ ਦੇ ਕਰੀਬ ਬੱਸਾਂ ਤੇ ਕਾਰਾਂ ਵੈਲੰਡ ਕੈਨਾਲ ਸੇਂਟ ਕੈਥਰੀਨ ਪਹੁੰਚ ਗਈਆਂ। ਪ੍ਰਬੰਧਕੀ ਕਮੇਟੀ ਦੀ ਟੀਮ ਵੱਲੋਂ ਇੱਥੇ ਸਾਰੇ ਮੈਂਬਰਾਂ ਲਈ ਪੈਟੀਜ਼, ਸਮੋਸਿਆਂ, ਬਾਲੂਸ਼ਹੀਆਂ ਤੇ ਗਰਮ ਮਸਾਲਾ ਚਾਹ ਦੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਨਾਸ਼ਤਾ ਲੈ ਕੇ ਸਾਰੇ ਮੈਂਬਰ ਤਰੋ-ਤਾਜ਼ਾ ਹੋ ਗਏ। ਕਈਆਂ ਨੇ ਉੱਥੇ ਘੁੰਮ ਕੇ ਫ਼ੋਟੋਗਰਾਫ਼ੀ ਕੀਤੀ ਅਤੇ 11.30 ਵਜੇ ਬੱਸਾਂ ਵਿੱਚ ਸਵਾਰ ਹੋ ਗਏ। ਇੱਥੋਂ ਨਿਆਗਰਾ ਫ਼ਾਲਜ਼ ਵੱਲ ਜਾਂਦਿਆਂ ਮੈਂਬਰਾਂ ਨੂੰ ਚਿੱਪਸ ਤੇ ਕੈਂਡੀਆਂ ਦੇ ਪੈਕਟ ਦਿੱਤੇ ਗਏ ਤਾਂ ਜੋ ਰਸਤੇ ਵਿੱਚ ਮੂੰਹ ਹਿਲਾਉਂਦਿਆਂ ਹੋਇਆਂ ਸਫ਼ਰ ਸੁਖਾਲ਼ਾ ਹੋ ਜਾਏ।
ਅੱਧੇ ਕੁ ਘੰਟੇ ਬਾਅਦ ਬੱਸਾਂ ਨਿਆਗਰਾ ਫ਼ਾਲਜ਼ ਫਲਾਵਰ ਕਲਾਕ ਸਾਹਮਣੇ ਪਹੁੰਚ ਗਈਆਂ। ਇੱਥੇ ਭਾਂਤ-ਭਾਂਤ ਦੇ ਫੁੱਲਾਂ ਨਾਲ ਸਜੇ ਕਲਾਕ ਦੇ ਅੱਗੇ ਖਲੋ ਕੇ ਮੈਂਬਰਾਂ ਨੇ ਤਸਵੀਰਾਂ ਖਿੱਚੀਆਂ ਤੇ ਖਿਚਵਾਈਆਂ। ਏਨੇ ਨੂੰ ਮਰਵਾਹਾ ਜੋੜੀ ਵੱਲੋਂ ਆਪਣੇ ਨਾਲ ਲਿਆਂਦੇ ਗਏ ਡੈੱਕ ‘ਤੇ ਪੰਜਾਬੀ ਗਾਣਿਆਂ ਦੀ ਮਿੱਠੀ-ਮਿੱਠੀ ਆਵਾਜ਼ ਨੇ ਸੱਭਨਾਂ ਦਾ ਧਿਆਨ ਖਿੱਚਿਆ। ਫਲਾਵਰ ਕਲਾਕ ਦੇ ਨਾਲ ਲੱਗਦੇ ਘਾਹ ਦੇ ਮੈਦਾਨ ਵਿਚ ਸਾਰੇ ਮੈਂਬਰ ਹੌਲ਼ੀ-ਹੌਲ਼ੀ ਇਕੱਠੇ ਹੋਣੇ ਲੱਗੇ ਅਤੇ ਨਾਲ ਹੀ ”ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ” ਕਹਾਵਤ ਅਨੁਸਾਰ ਕਈਆਂ ਦੇ ਪੈਰ ਥਿਰਕਣੇ ਸ਼ੁਰੂ ਹੋ ਗਏ। ਸੱਭਿਆਰਕ ਗਤੀਵਿਧੀਆਂ ਦਾ ਇਹ ਸਿਲਸਿਲਾ ਅੱਧਾ ਕੁ ਘੰਟਾ ਚੱਲਦਾ ਰਿਹਾ ਅਤੇ ਸਵਾ ਇੱਕ ਵਜੇ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਖੱਖ ਨੇ ਮਾਈਕ ਸੰਭਾਲਦਿਆਂ ਹੋਇਆਂ ਸਾਰੇ ਮੈਂਬਰਾਂ ਨੂੰ ਬੱਸਾਂ ਵਿੱਚ ਬੈਠਣ ਲਈ ਬੇਨਤੀ ਕੀਤੀ ਅਤੇ ਨਿਸਚਿਤ ਪ੍ਰੋਗਰਾਮ ਅਨੁਸਾਰ 20-25 ਮਿੰਟਾਂ ਵਿੱਚ ਸਾਰੇ ‘ਸੰਕਲਪ ਰੈੱਸਟੋਰੈਂਟ’ ਪਹੁੰਚ ਗਏ। ਇੱਥੇ ਕਲੱਬ ਦੀ ਪ੍ਰਬੰਧਕੀ ਵੱਲੋਂ ਲਜ਼ੀਜ਼ ਖਾਣੇ ਦਾ ਅਗਾਊਂ ਪ੍ਰਬੰਧ ਕੀਤਾ ਗਿਆ ਸੀ, ਜਿਸ ਦੀ ਸਾਰੇ ਮੈਂਬਰਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਇਸ ਦਿਨ ਤਾਪਮਾਨ ਭਾਵੇਂ 10-11 ਡਿਗਰੀ ਸੈਂਟੀਗਰੇਡ ਹੀ ਰਿਹਾ, ਪਰ ਇਸ ਦੇ ਨਾਲ ਹੀ ਸੂਰਜ ਦੇਵਤਾ ਕਾਫ਼ੀ ਮਿਹਰਬਾਨ ਰਿਹਾ ਅਤੇ ਸਾਰਿਆਂ ਨੇ ਸਰਦੀਆਂ ਵਾਲੀ ਕੋਸੀ-ਕੋਸੀ ਧੁੱਪ ਦਾ ਵੀ ਕਾਫ਼ੀ ਅਨੰਦ ਲਿਆ।
ਉਪਰੰਤ, ਯਾਤਰਾ ਦੇ ਅੰਤਮ ਪੜਾਅ ਵਿੱਚ ਸਮੂਹ ਮੈਂਬਰ ਸਾਹਿਬਾਨ ਬੱਸਾਂ ਵਿਚ ਸਜ ਕੇ ਨਿਆਗਰਾ ਫ਼ਾਲਜ਼ ਦੇ ਨੇੜੇ ਪਹੁੰਚੇ। ਨਿਆਗਰਾ ਫ਼ਾਲਜ਼ ਦੇ ਨੀਲੇ ਪਾਣੀ ਦੀਆਂ ਲਹਿਰਾਂ, ਹਵਾ ਨਾਲ ਫ਼ਾਲਜ਼ ਵੱਲੋਂ ਆਉਂਦੀ ਹੋਈ ਨਿੱਕੀ-ਨਿੱਕੀ ਭੂਰ ਅਤੇ ਕੁਦਰਤ ਦੇ ਅਸਚਰਜ ਤੇ ਮਨਮੋਹਕ ਨਜ਼ਾਰਿਆਂ ਨੂੰ ਸੱਭਨਾਂ ਨੇ ਰੱਜ ਕੇ ਮਾਣਿਆਂ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਇਹ ਖ਼ੂਬਸੂਰਤ ਦ੍ਰਿਸ਼ ਆਪਣੇ ਕੈਮਰਿਆਂ ਵਿੱਚ ਵੀ ਕੈਦ ਕੀਤੇ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਹਰੇਕ ਮੈਂਬਰ ਨੂੰ ਪਰਿਵਾਰ ਸਮੇਤ ਫ਼ੋਟੋਗ੍ਰਾਫ਼ੀ ਲਈ ਪ੍ਰੇਰਿਤ ਕਰਦੇ ਹੋਏ ਨਜ਼ਰ ਆਏ। ਕਈਆਂ ਮੈਂਬਰਾਂ ਨੇ ਫ਼ਾਲਜ਼ ਦੇ ਸਾਹਮਣੇ ਵਾਲੇ ਪਲਾਜ਼ੇ ਵਿੱਚ ਖ਼੍ਰੀਦੋ-ਫ਼ਰੋਖ਼ਤ ਕੀਤੀ ਅਤੇ ਕੁਝ ਉੱਥੇ ਬੈਠ ਕੇ ਚਾਹ-ਕਾਫ਼ੀ ਦੀਆਂ ਚੁਸਕੀਆਂ ਲੈ ਰਹੇ ਸਨ। ਕਰੀਬ ਦੋ ਘੰਟੇ ਸਾਰਿਆਂ ਨੇ ਚਾਈਂ-ਚਾਈਂ ਇਨ੍ਹਾਂ ਯਾਦਗਾਰੀ ਪਲਾਂ ਨੂੰ ਹੰਢਾਇਆ।
ਪੰਜ ਕੁ ਵਜੇ ਸੇ ਮੈਂਬਰ ਮੁੜ ਬੱਸਾਂ ਵਿੱਚ ਸਵਾਰ ਹੋ ਗਏ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਕਲੱਬ ਦੀ ਪ੍ਰਬੰਧਕੀ ਕਮੇਟੀ ਟੀਮ ਦੇ ਮੈਂਬਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਮਨਜੀਤ ਸਿੰਘ ਗਿੱਲ, ਰਾਮ ਸਿੰਘ, ਬਜਿੰਦਰਪਾਲ ਸਿੰਘ ਮਰਵਾਹਾ, ਜੋਗਿੰਦਰ ਕੌਰ ਮਰਵਾਹਾ, ਹਰਿੰਦਰਪਾਲ ਸਿੰਘ ਅਤੇ ਸੁਖਦੇਵ ਸਿੰਘ ਬੇਦੀ ਦਾ ਇਹ ਸ਼ਾਨਦਾਰ ਟੂਰ ਆਯੋਜਿਤ ਕਰਨ ਲਈ ਧੰਨਵਾਦ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ 29 ਨਵੰਬਰ ਨੂੰ ਕਲੱਬ ਵੱਲੋਂ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਜਾ ਰਹੇ ਮਲਟੀਕਲਚਰਲ ਫ਼ੈਸਟੀਵਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਹੋਇਆਂ ਬੱਸਾਂ ਦੇ ਡਰਾਈਵਰਾਂ ਨੂੰ ਓਨਟਾਰੀਓ ਖਾਲਸਾ ਦਰਬਾਰ ਵੱਲ ਵਾਪਸੀ ਲਈ ਚਾਲੇ ਪਾਉਣ ਲਈ ਕਿਹਾ ਗਿਆ ਤਾਂ ਜੋ ਸਮੇਂ-ਸਿਰ ਵਾਪਸ ਪਹੁੰਚਿਆ ਜਾ ਸਕੇ।
ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਨਿਆਗਰਾ ਫ਼ਾਲਜ਼ ਦਾ ਮਨਮੋਹਕ ਟੂਰ ਲਗਾਇਆ
RELATED ARTICLES




