10.9 C
Toronto
Friday, October 9, 2026
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਜਸਵਿੰਦਰ ਧਾਲੀਵਾਲ ਨੂੰ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ...

ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਜਸਵਿੰਦਰ ਧਾਲੀਵਾਲ ਨੂੰ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਵੱਲੋਂ ਕੀਤਾ ਗਿਆ ਸਨਮਾਨਿਤ

ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਜਸਵਿੰਦਰ ਧਾਲੀਵਾਲ ਨੂੰ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਵੱਲੋਂ ਕੀਤਾ ਗਿਆ ਸਨਮਾਨਿਤਕਲੱਬ ਦੇ ਕੁਝ ਮੈਂਬਰ ਇਸ ਸ਼ੁਭ ਮੌਕੇ ਹੋਏ ਸੰਖੇਪ ਸਮਾਗਮ ‘ਚ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਵੱਲੋਂ ‘ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਦੇ ਸਰਗਰਮ ਮੈਂਬਰ ਮੈਰਾਥਨ ਦੌੜਾਕ ਜਸਵਿੰਦਰ ਧਾਲੀਵਾਲ ਉਰਫ਼ ਜੱਸੀ ਧਾਲੀਵਾਲ ਨੂੰ ਦੌੜਾਂ ਦੇ ਵੱਖ-ਵੱਖ ਈਵੈਂਟਾਂ ਵਿੱਚ 42 ਕਿਲੋਮੀਟਰ ਲੰਮੀ ਮੈਰਾਥਨ ਦੌੜ ਵਿੱਚ ਉਸਦੀ ਸ਼ਾਨਦਾਰ ਕਾਰਗ਼ੁਜ਼ਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਰਸਮੀ ਸਮਾਗਮ ਵਿੱਚ ਜੱਸੀ ਧਾਲੀਵਾਲ ਦੇ ਨਾਲ ਕਲੱਬ ਦੇ ਸਰਪ੍ਰਸਤ ਇੰਜ. ਈਸ਼ਰ ਸਿੰਘ, ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਸੁਰਿੰਦਰ ਸਿੰਘ ਨਾਗਰਾ, ਸਕੱਤਰ ਜਸਬੀਰਪਾਲ ਸਿੰਘ, ਸੀਨੀਅਰ ਮੈਂਬਰ ਤੇ ਮੀਡੀਆ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਝੰਡ ਅਤੇ ਤੇਜ਼ ਦੌੜਾਕ ਤੇ ਵਾਲੰਟੀਅਰ ਜਸਦੀਪ ਖੋਸਾ ਨੇ ਸ਼ਿਰਕਤ ਕੀਤੀ। ਐੱਮ.ਪੀ. ਅਮਨਦੀਪ ਸੋਢੀ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ਼ ਇੱਕ ਖ਼ੂਬਸੂਰਤ ਫ਼ਾਈਲ ਵਿੱਚ ਸਜਾਇਆ ਹੋਇਆ ਸਰਟੀਫ਼ੀਕੇਟ ਨੌਜੁਆਨ ਦੌੜਾਕ ਜੱਸੀ ਧਾਲੀਵਾਲ ਦੇ ਹਵਾਲੇ ਕਰਦਿਆਂ ਹੋਇਆਂ ਉਸਦੇ ਖੇਡ-ਜੀਵਨ ਦੀ ਸਫ਼ਲਤਾ ਦੀ ਭਾਰੀ ਸਰਾਹਨਾ ਕੀਤੀ ਗਈ।
ਇਸ ਤੋਂ ਪਹਿਲਾਂ ਇੰਜ. ਈਸ਼ਰ ਸਿੰਘ ਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਐੱਮ.ਪੀ. ਅਮਨਦੀਪ ਸੋਢੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਟੀ.ਪੀ.ਏ.ਆਰ. ਕਲੱਬ ਦੀ 2013 ਵਿੱਚ ਹੋਈ ਸਥਾਪਨਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਮੈਂਬਰ ਜੀ.ਟੀ.ਏ. ਦੇ ਸ਼ਹਿਰਾਂ ਵਿੱਚ ਹੋਣ ਵਾਲੇ ਦੌੜਾਂ ਦੇ ਲੱਗਭੱਗ ਸਾਰੇ ਹੀ ਸਮਾਗ਼ਮਾਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਵਿੱਚ ਅੰਤਰਰਾਸ਼ਟਰੀ ਮੈਰਾਥਨ ਦੌੜਾਕ ‘ਸੈਵਨ ਸਟਾਰ’ ਸੂਰਤ ਸਿੰਘ ਚਾਹਲ, ਧਿਆਨ ਸਿੰਘ ਸੋਹਲ, ਕਰਮਜੀਤ ਸਿੰਘ ਕੋਚ ਤੇ ਕਈ ਹੋਰ ਮੈਰਾਥਨ ਦੌੜਾਕ ਸ਼ਾਮਲ ਹਨ, ਜਿਨ੍ਹਾਂ ਨੇ ਅਮਰੀਕਾ, ਇੰਗਲੈਂਡ, ਜਰਮਨੀ, ਜਾਪਾਨ, ਆਸਟ੍ਰੇਲੀਆ, ਆਦਿ ਦੇਸ਼ਾਂ ਦੇ ਕਈ ਸ਼ਹਿਰਾਂ ਵਿੱਚ ਹੋਏ ਅੰਤਰਰਾਸ਼ਟਰੀ ਮੈਰਾਥਨ ਮੁਕਾਬਲਿਆਂ ਵਿੱਚ ਸਫ਼ਲਤਾ ਪੂਰਵਕ ਭਾਗ ਲਿਆ ਹੈ। ਇਸਦੇ ਨਾਲ ਹੀ ਕਲੱਬ ਦੇ ਦੋ ਮੈਂਬਰ ਹਰਜੀਤ ਸਿੰਘ ਤੇ ਕੁਲਦੀਪ ਸਿੰਘ ਗਰੇਵਾਲ ‘ਆਇਰਨਮੈਨ’ ਤੇ ‘ਹਾਫ਼-ਆਇਰਨਮੈਨ’ ਦੇ ਅਤੀ ਮੁਸ਼ਕਲ ਮੁਕਾਬਲਿਆਂ ਵਿੱਚ ਜੇਤੂ ਰਹਿ ਕੇ ਇਹ ਟਾਈਟਲ ਹਾਸਲ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਲੱਬ ਦੇ ਮੈਂਬਰ ਸਾਲ ਵਿੱਚ ਦੋ ਵਾਰ ਅਪ੍ਰੈਲ ਤੇ ਅਕਤੂਬਰ ਮਹੀਨੇ ਆਯੋਜਿਤ ਕੀਤੇ ਜਾਣ ਵਾਲੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਮੁਕਾਬਲੇ ਵਿੱਚ ਵੀ ਵੱਡੀ ਗਿਣਤੀ ਵਿੱਚ ਭਾਗ ਲੈਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਦੇ ਪਿੰਡ ਨੰਗਲ ਵਿੱਚ 13 ਫ਼ਰਵਰੀ 1981 ਨੂੰ ਪੈਦਾ ਹੋਇਆ ਜਸਵਿੰਦਰ ਧਾਲੀਵਾਲ ਇਸ ਸਮੇਂ ਬਰੈਂਪਟਨ ਦਾ ਨਿਵਾਸੀ ਹੈ। ਉਹ ਹਫ਼ਤੇ ਵਿਚ ਪੰਜ ਦਿਨ ਟਰੱਕ ਚਲਾਉਂਦਾ ਹੈ। ਵੀਕ-ਐਂਡ ‘ਤੇ ਯੋਗਾ ਸਿੱਖਣ ਦੇ ਚਾਹਵਾਨਾਂ ਨੂੰ ਯੋਗਾ ਸਿਖਾਉਂਦਾ ਹੈ ਅਤੇ ਇਸਦੇ ਨਾਲ ਹੀ ਕਈ ਵਾਰੀ ‘ਆਰਟ ਆਫ਼ ਲਿਵਿੰਗ’ ਦੇ ਕੈਂਪਾਂ ਵਿਚ ਵੀ ਹਾਜ਼ਰੀ ਭਰਦਾ ਹੈ। ਉਸ ਦੀ ਆਪਣੀ ‘ਕੁਦਰਤ ਟਰਾਂਸਪੋਰਟ ਕੰਪਨੀ’ ਹੈ ਜਿਸ ਦਾ ਪ੍ਰਬੰਧ ਉਹ ਖ਼ੁਦ ਕਰਦਾ ਹੈ। ਉਹ ਟੀਪੀਏਆਰ ਕਲੱਬ ਦਾ ਪਿਛਲੇ 7-8 ਸਾਲਾਂ ਤੋਂ ਰੈਗੂਲਰ ਮੈਂਬਰ ਹੈ ਅਤੇ ਸ਼ਨੀਵਾਰ/ਐਤਵਾਰ ਵਾਲੇ ਇਸ ਦੇ ਪ੍ਰੈਕਟਿਸ-ਸੈਸ਼ਨਾਂ ਵਿਚ ਸ਼ਾਮਲ ਹੁੰਦਾ ਹੈ। ਉਹ ਟੋਰਾਂਟੋ ਦੇ ਆਸ-ਪਾਸ ਅਤੇ ਦੂਰ-ਨੇੜੇ ਦੇ ਸ਼ਹਿਰਾਂ ਵਿਚ ਹੋਣ ਵਾਲੇ ਵੱਖ-ਵੱਖ ਦੂਰੀ ਦੀਆਂ ਦੌੜਾਂ ਦੇ ਮੁਕਾਬਲਿਆਂ ਵਿਚ ਇਸ ਕਲੱਬ ਦੇ ਮੈਂਬਰਾਂ ਨਾਲ ਇਨ੍ਹਾਂ ਵਿਚ ਬਾਕਾਇਦਾ ਸ਼ਿਰਕਤ ਕਰਦਾ ਹੈ। ਇਸਦੇ ਨਾਲ ਹੀ ਉਹ ਸਾਲ ‘ਚ ਦੋ ਵਾਰ ਹੋਣ ਵਾਲੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿੱਚ ਵੀ ਕਲੱਬ ਦੇ ਮੈਂਬਰਾਂ ਨਾਲ ਨਿਯਮਤ ਤੌਰ ‘ਤੇ ਭਾਗ ਲੈਂਦਾ ਹੈ। ਪਿਛਲੇ ਦਿਨੀਂ ਬਰੈਂਪਟਨ, ਹੈਮਿਲਟਨ, ਜੌਰਜਿਨਾ, ਪੀਟਰਬੋਰੋ, ਆਦਿ ਸ਼ਹਿਰਾਂ ਵਿੱਚ ਹੋਈਆਂ ਦੌੜਾਂ ਵਿਚ ਉਸ ਦੀਆਂ ਅਜਿਹੀਆਂ ਸਰਗਰਮੀਆਂ ਦੇ ਮੱਦੇਨਜ਼ਰ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਵੱਲੋਂ ਇਹ ਮਾਣ-ਮੱਤਾ ਸਨਮਾਨ ਪ੍ਰਾਪਤ ਹੋਇਆ ਹੈ।

RELATED ARTICLES
POPULAR POSTS