12.4 C
Toronto
Friday, November 20, 2026
spot_img
Homeਕੈਨੇਡਾਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਦੀਵਾਲੀ ਦਾ ਤਿਓਹਾਰ ਬੜੇ ਚਾਅ ਤੇ ਉਤਸ਼ਾਹ...

ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਦੀਵਾਲੀ ਦਾ ਤਿਓਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 15 ਨਵੰਬਰ ਨੂੰ ਫਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਦੀਵਾਲੀ ਦਾ ਤਿਓਹਾਰ ਅਤੇ ਗਾਲਾ ਡਿਨਰ ਪੂਰੇ ਉਤਸ਼ਾਹ ਨਾਲ ਆਯੋਜਿਤ ਕੀਤੇ ਗਏ। ਕਲੱਬ ਦੇ ਮੈਂਬਰਾਂ ਅਤੇ ਕਮਿਊਨਿਟੀ ਦੇ ਲੀਡਰਾਂ ਵੱਲੋਂ ਇਸ ਵਿੱਚ ਭਰਪੂਰ ਸ਼ਮੂਲੀਅਤ ਕੀਤੀ ਗਈ। ਪਾਲ ਪਲੈਸ਼ੀ ਕਮਿਊਮਿਟੀ ਸੈਂਟਰ ਵਿੱਚ ਇਸ ਮੌਕੇ ਕਰਵਾਏ ਗਏ ਸਮਾਗ਼ਮ ਵਿੱਚ ਗੀਤ-ਸੰਗੀਤ, ਨਾਚ ਅਤੇ ਬਾਲੀਵੁਡ ਗਾਣਿਆਂ ਉੱਪਰ ਨੱਚਣ ਦੀ ਭਰਮਾਰ ਰਹੀ। ਰੰਗ-ਬਰੰਗੀਆਂ ਪੁਸ਼ਾਕਾਂ ਵਿੱਚ ਸਜੇ ਹੋਏ ਮੈਂਬਰਾਂ ਤੇ ਕਲਾਕਾਰਾਂ ਨੇ ਮਨੋਰੰਜਨ ਦੀਆਂ ਇਨ੍ਹਾਂ ਆਈਟਮਾਂ ਵਿੱਚ ਵੱਡੀ ਗਿਣਤੀ ਵਿੱਚ ਭਾਗ ਲਿਆ।
ਦੀਵਿਆਂ ਦੇ ਤਿਓਹਾਰ ‘ਦੀਵਾਲੀ’ ਦੇ ਇਸ ਸਮਾਗ਼ਮ ਦੀ ਸ਼ੁਰੂਆਤ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਆਏ ਮੈਂਬਰਾਂ ਤੇ ਮਹਿਮਾਨਾਂ ਨੂੰ ਜੀ-ਆਇਆਂ ਕਹਿਣ ਨਾਲ ਹੋਈ। ਇਸ ਮੌਕੇ ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਮੈਂਬਰ ਸਾਡੇ ਅਸਲੀ ‘ਸਟਾਰ’ ਹਨ। ਉਨ੍ਹਾਂ ਵੱਲੋਂ ਵਿਖਾਇਆ ਜਾਂਦਾ ਜੋਸ਼ ਤੇ ਉਤਸ਼ਾਹ ਇਸ ਕਲੱਬ ਲਈ ਵੱਖ-ਵੱਖ ਤਿਓਹਾਰ ਮਨਾਉਣ ਲਈ ਕਲੱਬ ਦੇ ਪ੍ਰਬੰਧਕਾਂ ਨੂੰ ਅਥਾਹ ਊਰਜਾ ਬਖ਼ਸ਼ਦਾ ਹੈ ਅਤੇ ਅਸੀਂ ਸਾਰੇ ਮਿਲ ਕੇ ਇਨ੍ਹਾਂ ਤਿਓਹਾਰਾਂ ਨਾਲ ਜ਼ਿੰਦਗੀ ਦੇ ਜਸ਼ਨ ਮਨਾਉਂਦੇ ਹਾਂ।
ਦੀਵਾਲੀ ਦੇ ਇਸ ਜਸ਼ਨ ਦੇ ਮੁੱਖ-ਮਹਿਮਾਨ ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਸਨ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸਮੂਹ ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਹੋਇਆ ਕਿਹਾ, ”ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਸੀਨੀਅਰਾਂ ਦੀ ਤੰਦਰੁਸਤੀ ਅਤੇ ਖ਼ੁਸ਼ੀ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਵੱਖ-ਵੱਖ ਸਮੇਂ ਤਿਓਹਾਰ ਮਨਾ ਕੇ ਇਸ ਖ਼ੁਸ਼ੀ ਵਿੱਚ ਹੋਰ ਵੀ ਵਾਧਾ ਕਰਦੀ ਹੈ।”
ਵਿਸ਼ੇਸ਼ ਮਹਿਮਾਨ ਵੱਲੋਂ ਸ਼ਿਰਕਤ ਕਰ ਰਹੀ ਰੀਜਨਲ ਕੌਂਸਲਰ ਰਵੀਨਾ ਸੈਂਤੋਸ ਨੇ ਇਸ ਮੌਕੇ ਬੋਲਦਿਆਂ ਕਿਹਾ, ”ਇਹ ਕਲੱਬ ਸੀਨੀਅਰਾਂ ਦੇ ਮਨੋਰੰਜਨ ਅਤੇ ਉਨ੍ਹਾਂ ਦੇ ਸਕਾਰਾਤਮਿਕ ਰੁਝੇਵਿਆਂ ਲਈ ਬੜਾ ਵਧੀਆ ਕਮਮ ਕਰ ਰਹੀ ਹੈ। ਕਲੱਬ ਦੇ ਮੈਂਬਰ ਮਿਲ ਕੇ ਸਾਰੇ ਤਿਓਹਾਰ ਬੜੇ ਚਾਵਾਂ ਨਾਲ ਮਨਾਉੰਦੇ ਹਨ।” ਰੀਜਨਲ ਕੌਂਸਲਰ ਪਾਲ ਵਿਸੰਤੇ ਜੋ ਨਿੱਜੀ ਰੁਝੇਵਿਆਂ ਕਾਰਨ ਇਸ ਸਮਾਗ਼ਮ ਵਿੱਚ ਸ਼ਾਮਲ ਨਾ ਹੋ ਸਕੇ, ਨੇ ਭੇਜੇ ਗਏ ਆਪਣੇ ਸੁਨੇਹੇ ਰਾਹੀਂ ਕਲੱਬ ਮੈਂਬਰਾਂ ਨਾਲ ਦੀਵਾਲੀ ਦੀ ਵਧਾਈ ਸਾਂਝੀ ਕੀਤੀ।
ਸਮਾਗ਼ਮ ਰਚਾਉਣ ਦੀ ਮਾਹਿਰ ਜਿਓਤੀ ਡਾਡਲੀਆ ਨੇ ਇਸ ਮੌਕੇ ਬੋਲਦਿਆਂ ਕਿਹਾ, ”ਅੱਜ ਦਾ ਇਹ ਸਮਾਗ਼ਮ ਸਾਡੇ ਕਲੱਬ ਮੈਂਬਰਾਂ ਦਾ ਹੈ, ਜਿਨ੍ਹਾਂ ਨੇ ਆਪਣੇ ਟੇਲੈਂਟ ਨਾਲ ਇਸ ਵਿੱਚ ਬਾਲੀਵੁਡ ਸੰਗੀਤ ਨੂੰ ਪੇਸ਼ ਕਰਕੇ ਇਸ ਨੂੰ ਮਨੋਰੰਜਕ ਤੇ ਅਨੰਦਮਈ ਬਣਾਇਆ ਹੈ।” ਇਸ ਸਮਾਗ਼ਮ ਦੀ ਇੱਕ ਹੋਰ ਖ਼ਾਸੀਅਤ ‘ਸੰਗੀਤਕ-ਯੋਗਾ’ ਸੀ, ਜਿਸ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੀ ਯੋਗਾ ਡਾਇਰੈੱਕਟਰ ਅਨੂਜਾ ਕਾਬਲੀ ਵੱਲੋਂ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਬਾਲੀਵੁੱਡ ਗਾਣਿਆਂ ਦੇ ਨਾਲ ਬਾਖ਼ੂਬੀ ਪੇਸ਼ ਕੀਤਾ। ਇਸਦੇ ਨਾਲ ਹੀ ਮੈਂਬਰਾਂ ਵੱਲੋਂ ਪੰਜਾਬੀ ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ ਗਿਆ।
ਸਮਾਗ਼ਮ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਵਰਿੰਦਰ ਲਾਂਬਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਇਸ ਵਿੱਚ ਬਾਲੀਵੁਡ ਗੀਤਾਂ ਉੱਪਰ ਨਾਚ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਨੈਕਸ ਅਤੇ ਖਾਣੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਨੇ ਇਸ ਨੂੰ ਹੋਰ ਵੀ ਸੁਆਦਲਾ ਤੇ ਮਜ਼ੇਦਾਰ ਬਣਾ ਦਿੱਤਾ।
ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਵੱਲੋਂ ਕਲੱਬ ਦੇ ਮੈਂਬਰਾਂ, ਮਹਿਮਾਨਾਂ, ਕਲਾਕਾਰਾਂ ਤੇ ਪ੍ਰਬੰਧਾਂ ਦਾ ਧੰਨਵਾਦ ਹਾਰਦਿਕ ਕੀਤਾ ਗਿਆ। ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਹੋਇਆਂ ਕਲੱਬ ਦੀਆਂ ਸਰਗ਼ਰਮੀਆਂ ਇੰਜ ਹੀ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ।
ਬਰੈਂਪਟਨ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਛੇਵੇਂ ਸਾਲਾਨਾ ਵਿਸ਼ਵ ਡਾਇਬੀਟੀਜ਼ ਦਿਵਸ ਸਮਾਗਮ ‘ਤੇ ਝੰਡਾ ਲਹਿਰਾਇਆ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਬਰੈਂਪਟਨ ਸਾਊਥ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕੈਂਨ ਵਿਲਨਜ਼ ਸਕੁਏਅਰ ਵਿਖੇ ਵਿਸ਼ਵ ਸ਼ੂਗਰ ਦਿਵਸ ਦਾ ਛੇਵਾਂ ਸਾਲਾਨਾ ਝੰਡਾ ਲਹਿਰਾਉਣ ਦਾ ਸਮਾਗਮ ਆਯੋਜਿਤ ਕੀਤਾ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸੰਸਦ ਮੈਂਬਰਾਂ, ਭਾਈਚਾਰਕ ਕਾਰਕੁਨਾਂ ਅਤੇ ਸ਼ੂਗਰ ਨਾਲ ਜੁੜੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਵਿੱਚ ਇਸ ਬਿਮਾਰੀ ਨਾਲ ਜੀ ਰਹੇ ਕੈਨੇਡਾ ਦੇ ਲਗਭਗ 40 ਲੱਖ ਲੋਕਾਂ ਵੱਲ ਧਿਆਨ ਦਿਵਾਇਆ ਗਿਆ।
ਖ਼ਰਾਬ ਮੌਸਮ ਦੇ ਬਾਵਜੂਦ ਲੋਕ ਬਰੈਂਪਟਨ ਸਿਟੀ ਹਾਲ ਵਿਖੇ ਇਕੱਠੇ ਹੋਏ। ਸਿੱਧੂ ਨੇ ਇਹ ਸਮਾਗਮ ਪਹਿਲੀ ਵਾਰ ਨਵੰਬਰ ਵਿੱਚ, ਜੋ ਕੈਨੇਡਾ ਵਿੱਚ ਸ਼ੂਗਰ ਜਾਗਰੂਕਤਾ ਮਹੀਨਾ ਹੈ, ਸਮੇਂ ਸ਼ੁਰੂ ਕੀਤਾ ਸੀ। ਉਦੋਂ ਤੋਂ ਇਹ ਹਰ ਸਾਲ ਅਯਜਿਤ ਕੀਤਾ ਜਾ ਰਿਹਾ ਹੈ।
ਵਿਧਾਨਕ ਕੰਮ ਅਤੇ ਨਿਵੇਸ਼ : 2015 ਵਿੱਚ ਪਹਿਲੀ ਵਾਰ ਚੁਣੀ ਗਈ ਸੋਨੀਆ ਸਿੱਧੂ ਨੇ ਬਿੱਲ ਸੀ-237 ਪੇਸ਼ ਕਰਨ ਤੋਂ ਬਾਅਦ ਹੋਈ ਤਰੱਕੀ ਬਾਰੇ ਗੱਲ ਕੀਤੀ। ਛੇ ਸਾਲ ਪਹਿਲਾਂ ਪਾਸ ਹੋਏ ਇਸ ਬਿੱਲ ਨਾਲ ਕੈਨੇਡਾ ਦਾ ਪਹਿਲਾ ਕੌਮੀ ਸ਼ੂਗਰ ਢਾਂਚਾ ਬਣਿਆ ਸੀ। ਸਿੱਧੂ ਮੁਤਾਬਕ, ਇਸ ਢਾਂਚੇ ਨੇ ਦੇਸ਼ ਭਰ ਵਿੱਚ ਸ਼ੂਗਰ ਨਾਲ ਸਬੰਧਤ 72 ਪਹਿਲਕਦਮੀਆਂ ਨੂੰ ਦਿਸ਼ਾ ਦਿੱਤੀ ਹੈ। ਇਨ੍ਹਾਂ ਰਾਹੀਂ ਡਾਇਬੀਟੀਜ਼ ਕੈਨੇਡਾ ਅਤੇ ਡਾਇਬੀਟੀਜ਼ ਕਿਊਬਿਕ ਵਰਗੀਆਂ ਸੰਸਥਾਵਾਂ ਸਿੱਖਿਆ ਅਤੇ ਭਾਈਚਾਰਕ ਸਰਗਰਮੀਆਂ ਰਾਹੀਂ ਲੋਕਾਂ ਤੱਕ ਪਹੁੰਚ ਰਹੀਆਂ ਹਨ।
ਉਨ੍ਹਾਂ ਨੇ ਡਾਇਬੀਟੀਜ਼ ਖੋਜ ਲਈ ਸੰਘੀ ਸਰਕਾਰ ਦੇ ਨਿਵੇਸ਼ਾਂ ਦਾ ਵੀ ਜ਼ਿਕਰ ਕੀਤਾ। 2020 ਤੋਂ ਹੁਣ ਤੱਕ ਸਰਕਾਰ ਨੇ ਸ਼ੂਗਰ ਬਾਰੇ ਖੋਜ ਅਤੇ ਗਿਆਨ ਦੇ ਪ੍ਰਸਾਰ ਲਈ 256 ਮਿਲੀਅਨ ਡਾਲਰ ਤੋਂ ਵੱਧ ਦੀ ਵਚਨਬੱਧਤਾ ਕੀਤੀ ਹੈ। ਸਿੱਧੂ ਨੇ ਕੈਨੇਡਾ ਦੀ ਸ਼ੂਗਰ ਨਾਲ ਜੁੜੀ ਖੋਜ ਅਤੇ ਨਵੀਨਤਾ ਦੀ ਵਿਰਾਸਤ ਦਾ ਹਵਾਲਾ ਦਿੰਦਿਆਂ ਸਰ ਫ੍ਰੈਡਰਿਕ ਬੈਂਟਿੰਗ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਜਨਮ ਦਿਨ ਵਿਸ਼ਵ ਸ਼ੂਗਰ ਦਿਵਸ ਵਾਲੇ ਦਿਨ ਪੈਂਦਾ ਹੈ ਅਤੇ ਜਿਨ੍ਹਾਂ ਨੇ ਇਨਸੁਲਿਨ ਦੁਨੀਆ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਕੈਨੇਡਾ ਵਿੱਚ ਖੋਜੀਆਂ ਗਈਆਂ ਜੀਐਲਪੀ-1 ਦਵਾਈਆਂ ਦਾ ਵੀ ਹਵਾਲਾ ਦਿੱਤਾ।
ਸਾਲ ਦੇ ਸ਼ੁਰੂ ਵਿੱਚ ਸਿੱਧੂ ਨੇ ਭਾਈਚਾਰਿਆਂ ਵਿੱਚ ਟਾਈਪ 2 ਸ਼ੂਗਰ ਦੀ ਰੋਕਥਾਮ ਲਈ 10 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਬਜਟ 2026 ਵਿੱਚ ਪ੍ਰਸਤਾਵਿਤ ਤਬਦੀਲੀਆਂ ਬਾਰੇ ਵੀ ਦੱਸਿਆ। ਇਨ੍ਹਾਂ ਤਹਿਤ ਇਨਸੁਲਿਨ ਅਤੇ ਇਨਫਿਊਜ਼ਨ ਪੰਪਾਂ ਲਈ ਨੁਸਖ਼ੇ ਦੀ ਸ਼ਰਤ ਹਟਾ ਕੇ ਸ਼ੂਗਰ ਦੇ ਮਰੀਜ਼ਾਂ ਨੂੰ ਮੈਡੀਕਲ ਖਰਚਿਆਂ ਵਾਲੇ ਟੈਕਸ ਕ੍ਰੈਡਿਟ ਤੱਕ ਪਹੁੰਚ ਦੇਣ ਦੀ ਤਜਵੀਜ਼ ਹੈ। ਸਿੱਧੂ ਮੁਤਾਬਕ, ਇਨਸੁਲਿਨ ਦਾ ਸਾਲਾਨਾ ਖਰਚਾ 1,700 ਡਾਲਰ ਤੱਕ ਹੋ ਸਕਦਾ ਹੈ, ਜਦਕਿ ਇਨਸੁਲਿਨ ਪੰਪਾਂ ਦੀ ਕੀਮਤ 10,000 ਡਾਲਰ ਤੋਂ ਵੱਧ ਹੋ ਸਕਦੀ ਹੈ। ਇਨ੍ਹਾਂ ਖਰਚਿਆਂ ਕਾਰਨ ਕਈ ਕੈਨੇਡੀਅਨਾਂ ਨੂੰ ਆਪਣੀ ਸਿਹਤ ਬਾਰੇ ਔਖੇ ਫ਼ੈਸਲੇ ਕਰਨੇ ਪੈਂਦੇ ਹਨ।
ਬਜਟ 2026 ਵਿੱਚ ਰਣਨੀਤਕ ਪ੍ਰੀਕਿਰਿਆਂ ਫੰਡ ਰਾਹੀਂ ਖੋਜ, ਵਿਕਾਸ ਅਤੇ ਨਵੀਨਤਾ ਲਈ ਇੱਕ ਅਰਬ ਡਾਲਰ ਦੇ ਨਿਵੇਸ਼ ਦਾ ਪ੍ਰਸਤਾਵ ਵੀ ਹੈ। ਸਿੱਧੂ ਨੇ ਕਿਹਾ ਕਿ ਬਰੈਂਪਟਨ ਦਾ ਵਫ਼ਦ ਸ਼ਹਿਰ ਵਿੱਚ ਡਾਇਬੀਟੀਜ਼ ਖੋਜ ਕੇਂਦਰ ਬਣਾਉਣ ਦੀ ਮੰਗ ਕਰ ਰਿਹਾ ਹੈ।
ਭਾਈਚਾਰੇ ਦੀਆਂ ਆਵਾਜ਼ਾਂ : ਬਰੈਂਪਟਨ ਸੈਂਟਰ ਦੇ ਸੰਸਦ ਮੈਂਬਰ ਅਮਨਦੀਪ ਸੋਢੀ ਨੇ ਸਿੱਧੂ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਬਰੈਂਪਟਨ ਅਤੇ ਓਟਵਾ ਦੋਵਾਂ ਥਾਵਾਂ ‘ਤੇ ਇਸ ਮੁੱਦੇ ਦੀ ਪੈਰਵੀ ਕਰਦੀ ਰਹੀ ਹੈ ਅਤੇ ਹਾਊਸ ਆਫ਼ ਕਾਮਨਜ਼ ਵਿੱਚ ਵੀ ਮਰੀਜ਼ਾਂ ਦੇ ਹੱਕ ਵਿੱਚ ਬੋਲਦੀ ਹੈ। ਸੋਢੀ ਨੇ ਸੈਲਇਏਕ ਬਿਮਾਰੀ ਬਾਰੇ ਸਿੱਧੂ ਦੇ ਹਾਲੀਆ ਕੰਮ ਦਾ ਵੀ ਜ਼ਿਕਰ ਕੀਤਾ।
ਮਿਸੀਸਾਗਾ-ਏਰਿਨ ਮਿਲਜ਼ ਦੀ ਸੰਸਦ ਮੈਂਬਰ ਇਕਰਾ ਖ਼ਾਲਿਦ ਨੇ ਇਸ ਮੁੱਦੇ ਨਾਲ ਆਪਣਾ ਨਿੱਜੀ ਨਾਤਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਮਾਪਿਆਂ ਨੂੰ ਸ਼ੂਗਰ ਹੈ ਅਤੇ ਸਿੱਧੂ ਦਾ ਕੰਮ ਲੋਕਾਂ ਦੀ ਜ਼ਿੰਦਗੀ ‘ਤੇ ਅਸਰ ਪਾ ਰਿਹਾ ਹੈ। ਖ਼ਾਲਿਦ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਨਤਾ ਪ੍ਰਾਪਤ ਕੌਮੀ ਢਾਂਚਾ ਸਿੱਧੂ ਦੇ ਜਜ਼ਬੇ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਰਾਜ ਮੰਤਰੀ ਰੂਬੀ ਸਹੋਤਾ ਨੇ ਵੀ ਇਲਾਕੇ ਵਿੱਚ ਸ਼ੂਗਰ ਦੇ ਉੱਚੇ ਅੰਕੜਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਰੈਂਪਟਨ ਦੇ ਬਹੁਤ ਸਾਰੇ ਵਸਨੀਕ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹਨ ਜੋ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ। ਇਸ ਕਾਰਨ ਇਹ ਸ਼ਹਿਰ ਖੋਜ ਅਤੇ ਵਕਾਲਤ ਦੇ ਕੰਮ ਲਈ ਢੁੱਕਵੀਂ ਥਾਂ ਹੈ।
ਡਾਇਬੀਟੀਜ਼ ਕੈਨੇਡਾ ਦੇ ਗਲੈਨ ਥਿਬੌਲਟ ਹਰ ਸਾਲ ਸੁਡਬਰੀ ਤੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ। ਟਾਈਪ 2 ਸ਼ੂਗਰ ਨਾਲ ਜੀ ਰਹੇ ਥਿਬੌਲਟ ਨੂੰ 2016 ਵਿੱਚ ਇਹ ਬਿਮਾਰੀ ਹੋਣ ਦਾ ਪਤਾ ਲੱਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਪ੍ਰੀਡਾਇਬਟੀਜ਼ ਵਾਲੇ ਅਤੇ ਬਿਨਾਂ ਪਤਾ ਲੱਗੇ ਮਰੀਜ਼ਾਂ ਨੂੰ ਵੀ ਗਿਣਤੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਸ਼ੂਗਰ ਨਾਲ ਪ੍ਰਭਾਵਿਤ ਕੈਨੇਡੀਅਨਾਂ ਦੀ ਗਿਣਤੀ ਕਰੀਬ, ਹਰ ਤਿੰਨ ਵਿੱਚੋਂ ਇੱਕ ਵਿਅਕਤੀ, ਬਣਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਿਯਮਤ ਜਾਂਚ ਕਰਵਾਉਣ ਲਈ ਕਿਹਾ ਅਤੇ ਝੰਡਾ ਲਹਿਰਾਉਣ ਦੇ ਸਮਾਗਮ ਨੂੰ ਬਿਮਾਰੀ ਦੀ ਬਜਾਏ ਮਰੀਜ਼ਾਂ, ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਅਤੇ ਖੋਜਕਰਤਿਆਂ ਦੇ ਸਨਮਾਨ ਵਜੋਂ ਪੇਸ਼ ਕੀਤਾ।
ਡਾਇਨਾਕੇਅਰ ਦੇ ਪ੍ਰਧਾਨ ਅਤੇ ਸੀਈਓ ਵੀਟੋ ਸਿਕਿਰੇਟੋ ਨੇ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਕਰਵਾਏ ਸ਼ੂਗਰ ਜਾਗਰੂਕਤਾ ਸਮਾਗਮ ਵਿੱਚ ਦੱਸਿਆ ਕਿ ਪੀਲ ਖੇਤਰ ਵਿੱਚ ਮੁਫ਼ਤ ਜਾਂਚ ਕਰਵਾਉਣ ਵਾਲਿਆਂ ਵਿੱਚੋਂ ਲਗਭਗ 70 ਫ਼ੀਸਦੀ ਦੇ ਨਤੀਜੇ ਪ੍ਰੀ-ਡਾਇਬੀਟੀਜ਼ ਜਾਂ ਡਾਇਬੀਟੀਜ਼ ਵੱਲ ਇਸ਼ਾਰਾ ਕਰਦੇ ਸਨ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਆਪਣੇ ਖ਼ਤਰੇ ਦਾ ਪਤਾ ਨਹੀਂ ਸੀ।
ਨਵੰਬਰ ਦੌਰਾਨ ਉਨਟੈਰਿਉ ਦੀਆਂ ਸਾਰੀਆਂ ਡਾਇਨਾਕੇਅਰ ਲੈਬਾਂ ਅਤੇ ਸਿਹਤ ਸੇਵਾ ਕੇਂਦਰਾਂ ਵਿੱਚ ਮੁਫ਼ਤ ਜਾਂਚ ਉਪਲਬਧ ਹੈ। ਕੰਪਨੀ ਛੇਵੇਂ ਸਾਲ ਇਹ ਮੁਹਿੰਮ ਚਲਾ ਰਹੀ ਹੈ ਅਤੇ ਭਾਗ ਲੈਣ ਵਾਲਿਆਂ ਨੂੰ ਮੁਫ਼ਤ ਜਾਂਚ-ਫਾਰਮ ਤੇ ਡਾਇਨਾਕੇਅਰ ਪਲੱਸ ਐਪ ਦੀ ਇੱਕ ਸਾਲ ਦੀ ਮੈਂਬਰਸ਼ਿਪ ਵੀ ਦੇ ਰਹੀ ਹੈ।
ਸਿਕਿਰੇਟੋ ਨੇ ਕਿਹਾ ਕਿ ਜਾਂਚ ਨਾਲ ਬਿਮਾਰੀ ਦੀ ਪਛਾਣ ਅਤੇ ਇਲਾਜ ਜਲਦੀ ਸ਼ੁਰੂ ਹੋ ਸਕਦਾ ਹੈ। ਡਾਇਨਾਕੇਅਰ ਲੋਕਾਂ ਨੂੰ ਡਾਕਟਰ ਨਾਲ ਗੱਲ ਕਰਨ ਅਤੇ ਨਵੰਬਰ ਵਿੱਚ ਮੁਫ਼ਤ ਜਾਂਚ ਕਰਵਾਉਣ ਦੀ ਅਪੀਲ ਕਰ ਰਹੀ ਹੈ। ਸਮਾਗਮ ਦੇ ਅੰਤ ਵਿੱਚ ਸਿੱਧੂ ਨੇ ਨਿੱਜੀ ਜ਼ਿੰਮੇਵਾਰੀ ਅਤੇ ਸਾਂਝੀ ਕਾਰਵਾਈ ਦੀ ਗੱਲ ਕੀਤੀ। ਉਨ੍ਹਾਂ ਨੇ ਤਿਉਹਾਰਾਂ ਦੇ ਮੌਸਮ ਵਿੱਚ ਸੰਜਮ ਵਰਤਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਦੱਖਣੀ ਏਸ਼ੀਆਈ ਅਤੇ ਆਦਿਵਾਸੀ ਭਾਈਚਾਰਿਆਂ ‘ਤੇ ਸ਼ੂਗਰ ਦਾ ਅਸਰ ਹੋਰਨਾਂ ਨਾਲੋਂ ਵੱਧ ਹੈ। ਉਨ੍ਹਾਂ ਨੇ ਲੰਡਨ, ਉਨਟੈਰਿੳ ਦੇ ਬੈਂਟਿੰਗ ਹਾਊਸ ਵਿੱਚ ਬਲਦੀ ਉਸ ਲਾਟ ਦਾ ਜ਼ਿਕਰ ਕੀਤਾ, ਜੋ ਸ਼ੂਗਰ ਦਾ ਇਲਾਜ ਲੱਭੇ ਜਾਣ ‘ਤੇ ਬੁਝਾਈ ਜਾਵੇਗੀ। ਸਿੱਧੂ ਨੇ ਆਸ ਜਤਾਈ ਕਿ ਖੋਜ ਅਤੇ ਸਹਿਯੋਗ ਰਾਹੀਂ ਇੱਕ ਦਿਨ ਉਹ ਲਾਟ ਬੁਝ ਸਕੇਗੀ।
ਸਮਾਗਮ ਵਿੱਚ ਕੌਮੀ ਨੀਤੀ ਅਤੇ ਖੋਜ ਲਈ ਹੋਏ ਨਿਵੇਸ਼ ਦਾ ਜ਼ਿਕਰ ਹੋਇਆ, ਪਰ ਮਰੀਜ਼ਾਂ ਲਈ ਦਵਾਈਆਂ ਦੀ ਪਹੁੰਚ ਅਜੇ ਵੀ ਸੂਬਾਈ ਫ਼ੈਸਲਿਆਂ ਨਾਲ ਜੁੜੀ ਹੋਈ ਹੈ। ਉਨਟੈਰਿੳ ਨੇ ਹਾਲੇ ਤੱਕ ਸ਼ੂਗਰ ਦੀਆਂ ਦਵਾਈਆਂ ਨੂੰ ਸ਼ਾਮਲ ਕਰਨ ਵਾਲੇ ਸੰਘੀ-ਸੂਬਾਈ ਫਾਰਮਾਕੇਅਰ ਸਮਝੌਤੇ ‘ਤੇ ਦਸਤਖ਼ਤ ਨਹੀਂ ਕੀਤੇ।

RELATED ARTICLES
POPULAR POSTS