9.1 C
Toronto
Friday, October 30, 2026
spot_img
Homeਕੈਨੇਡਾਦੁਸਹਿਰੇ ਤੇ ਦੀਵਾਲੀ ਤਿਉਹਾਰਾਂ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੋਸਤੀ ਅਤੇ ਕਮਿਊਨਿਟੀ...

ਦੁਸਹਿਰੇ ਤੇ ਦੀਵਾਲੀ ਤਿਉਹਾਰਾਂ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੋਸਤੀ ਅਤੇ ਕਮਿਊਨਿਟੀ ਏਕਤਾ ਦੀਆਂ ਮਜ਼ਬੂਤ ਤੰਦਾਂ ਵਜੋਂ ਯਾਦ ਕਰੇਗੀ

ਬਰੈਂਪਟਨ/ਡਾ. ਝੰਡ : ਲੰਘੇ 20 ਅਕਤੂਬਰ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਮੈਂਬਰਾਂ ਨੇ ਦੁਸਹਿਰੇ ਦਾ ਤਿਉਹਾਰ ਬਰੈਂਪਟਨ ਦੇ ‘ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ’ ਵਿੱਚ ਦੋਸਤੀ ਅਤੇ ਕਮਿਊਨਿਟੀ ਏਕਤਾ ਦੇ ਪ੍ਰਤੀਕ ਵਜੋਂ ਬੜੀਆਂ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ। ਇਤਿਹਾਸਕ ਪਰਿਪੇਖ ਵਿੱਚ ਵੇਖਿਆ ਜਾਏ ਤਾਂ ਦੁਸਹਿਰਾ ‘ਨੇਕੀ’ ਦੀ ‘ਬਦੀ’ ਉੱਪਰ ਜਿੱਤ ਨੂੰ ਦਰਸਾਉਂਦਾ ਹੈ ਅਤੇ ਇਹ ਭਾਰਤ ਤੋਂ ਇਲਾਵਾ ਇਹ ਵਿਦੇਸ਼ਾਂ ਵਿੱਚ ਵੀ ਭਾਰਤੀ ਮੂਲ ਦੇ ਲੋਕਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਐੱਫ.ਸੀ.ਐੱਫ.ਸੀ ਕਲੱਬ ਵੱਲੋਂ ਇਸ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਵਿਚ ਕਲੱਬ ਦੇ 100 ਤੋਂ ਵਧੀਕ ਮੈਂਬਰ ਸ਼ਾਮਲ ਹੋਏ। ਗੀਤ-ਸੰਗੀਤ, ਡਾਂਸ, ਕਹਾਣੀਆਂ ਅਤੇ ਸੱਭਿਆਚਾਰਕ ਆਈਟਮਾਂ ਦੀ ਪੇਸ਼ਕਾਰੀ ਇਸ ਸਮਾਗਮ ਦੇ ਪ੍ਰਮੁੱਖ ਅੰਗ ਰਹੇ।
ਸਮਾਗਮ ਦੀ ਸ਼ੁਰੂਆਤ ਇਸ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਨੂੰ ਸੰਬੋਧਿਤ ਸੁਆਗਤੀ ਸ਼ਬਦਾਂ ਨਾਲ ਕੀਤੀ ਗਈ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਤਿਉਹਾਰਾਂ ਦੀ ਅਹਿਮੀਅਤ ਲੋਕਾਂ ਵੱਲੋਂ ਮਨਾਏ ਜਾਂਦੇ ਜਸ਼ਨਾਂ ਤੋਂ ਵਧੇਰੇ ਹੁੰਦੀ ਹੈ। ਇਹ ਲੋਕਾਂ ਨੂੰ ਨੇੜੇ ਲਿਆਉਂਦੇ ਹਨ, ਉਨ੍ਹਾਂ ਵਿਚਕਾਰ ਦੋਸਤੀ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਸੱਭਿਆਚਾਰਕ ਰੀਤਾਂ ਤੇ ਰਵਾਇਤਾਂ ਨੂੰ ਅੱਗੇ ਤੋਰਦੇ ਹਨ, ਜਿਸਦੀ ਮਨੁੱਖ ਨੂੰ ਸਾਰੀ ਉਮਰ ਲੋੜ ਰਹਿੰਦੀ ਹੈ। ਇਸ ਕਲੱਬ ਵਿੱਚ ਸਾਡਾ ਮਿਸ਼ਨ ਆਪਣੇ ਮੈਂਬਰਾਂ ਦੀ ਤੰਦਰੁਸਤੀ ਤੇ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਦੇ ਜੀਵਨ ਦੇ ‘ਸੁਨਹਿਰੀ ਸਮੇਂ’ ਨੂੰ ਕਾਇਮ ਰੱਖਣਾ ਹੈ ਅਤੇ ਅਸੀਂ ਕਲੱਬ ਦੇ ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਸਫ਼ਲ ਹੋਏ ਹਾਂ।”
ਇਸ ਮੌਕੇ ਹਰਿੰਦਰ ਸੌਂਦ ਤੇ ਕਮਲ ਬਬਰਾ ਨੇ ਆਪਣੀਆਂ ਊਰਜਾ ਨਾਲ ਭਰਪੂਰ ਜੋਸ਼ੀਲੀਆਂ ਅਤੇ ਮਨੋਰੰਜਕ ਪੇਸ਼ਕਾਰੀਆਂ ਨਾਲ ਹਾਜ਼ਰੀਨ ਦੇ ਮਨਾਂ ਨੂੰ ਮੋਹ ਲਿਆ। ਸਟੇਜ ਉੱਪਰ ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਆਈਟਮਾਂ ਨੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਇਸਦੇ ਨਾਲ ਹੀ ਸੁੱਚਾ ਬੁੱਟਰ, ਰਮਿੰਦਰ ਚੌਹਾਨ ਤੇ ਸੁਖਦੇਵ ਬੇਦੀ ਵੱਲੋਂ ਸੁਰੀਲੀ ਆਵਾਜ਼ ਵਿੱਚ ਗਾਏ ਗਏ ਗੀਤਾਂ ਨੇ ਸਮਾਗਮ ਵਿਚ ‘ਸੋਨੇ ‘ਤੇ ਸੁਹਾਗੇ’ ਵਾਲਾ ਕੰਮ ਕਰਕੇ ਖ਼ੁਸ਼ੀਆਂ ਵਿੱਚ ਹੋਰ ਵਾਧਾ ਕੀਤਾ। ਸਮਾਗਮ ਵਿਚ ਪੇਸ਼ ਹੋਣ ਵਾਲੀਆਂ ਵੱਖ-ਵੱਖ ਆਈਟਮਾਂ ਨੂੰ ਕਲੱਬ ਦੀਆਂ ਮਿਊਜ਼ਿਕ ਡਾਇਰੈੱਕਟਰਾਂ ਜਿਓਤੀ ਡੈਡਲੀਆ ਤੇ ਕਮਲ ਬਬਰਾ ਵੱਲੋਂ ਬਾਖ਼ੂਬੀ ਤਰਤੀਬ ਦਿੱਤੀ ਗਈ।
ਇਹ ਸਮਾਗਮ ਕੇਵਲ ਸਟੇਜ ਉੱਪਰਲੀਆਂ ਪੇਸ਼ਕਾਰੀਆਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਵਿੱਚ ਕਈ ਹੋਰ ਮੈਂਬਰਾਂ ਵੱਲੋਂ ਇਸ ਵਿੱਚ ਡਾਂਸ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਕਹਾਣੀਆਂ ਸੁਨਾਉਣ ਦੌਰਾਨ ਆਪਣੇ ਜੀਵਨ ਦੇ ਦਿਲਚਸਪ ਤਜਰਬੇ ਸਾਂਝੇ ਕੀਤੇ ਗਏ ਅਤੇ ਇੱਕ ਦੂਸਰੇ ਨਾਲ ਦੁਸਹਿਰੇ ਦੀਆਂ ਵਧਾਈਆਂ ਵੀ ਸਾਂਝੀਆਂ ਕੀਤੀਆਂ ਗਈਆਂ।
ਵਾਰਡ ਨੰਬਰ 1 ਅਤੇ 5 ਦੀ ਰੀਜਨਲ ਕੌਂਸਲਰ ਰਵੀਨਾ ਸੈਂਤੋਸ ਨੇ ਇਸ ਮੌਕੇ ਮੈਂਬਰਾਂ ਨੂੰ ਦੁਸਹਿਰੇ ਦੀ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ, ”ਸੀਨੀਅਰ ਸਾਡੀ ਕਮਿਊਨਿਟੀ ਦੇ ਦਿਲ ਹਨ ਅਤੇ ਉਹ ਸਾਡੀ ਕਮਿਊਨਿਟੀ ਦੀ ਤਾਕਤ ਹਨ। ਐੱਫ.ਸੀ.ਐੱਫ.ਸੀ ਕਲੱਬ ਵਰਗੀਆਂ ਸੰਸਥਾਵਾਂ ਲੋਕਾਂ ਨੂੰ ਇੱਕਮੁੱਠ ਰੱਖਣ, ਕਮਿਊਨਿਟੀਆਂ ਦੇ ਤਿਉਹਾਰ ਮਿਲ-ਜੁਲ ਕੇ ਮਨਾਉਣ ਅਤੇ ਦੋਸਤੀ ਦੇ ਸ਼ਾਨਦਾਰ ਮੌਕੇ ਪੈਦਾ ਕਰਨ ਵਿੱਚ ਸਹਾਈ ਹੁੰਦੀਆਂ ਹਨ।”
ਕਲੱਬ ਦੀ ਪ੍ਰਧਾਨ ਜਸਵਿੰਦਰ ਕੌਰ ਦੈਂਦ ਨੇ ਇਸ ਮੌਕੇ ਕਲਾਕਾਰਾਂ, ਵਾਲੰਟੀਅਰਾਂ, ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ, ”ਐੱਫ.ਸੀ.ਐੱਫ.ਸੀ ਕਲੱਬ ਇੱਕ ਬਹੁਤ ਵਧੀਆ ਸਮਾਜਿਕ ਸੰਸਥਾ ਵਜੋਂ ਕੰਮ ਕਰ ਰਹੀ ਹੈ। ਇਹ ਆਪਸੀ ਪ੍ਰੇਮ-ਪਿਆਰ, ਦੋਸਤੀ ਅਤੇ ਏਕਤਾ ਦੀ ਵਧੀਆ ਮਿਸਾਲ ਬਣ ਗਈ ਹੈ। ਇਸ ਦੀਆਂ ਇਕੱਤਰਤਾਵਾਂ ਵਿੱਚ ਪੇਸ਼ ਕੀਤੇ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਮੈਂਬਰਾਂ ਦੀਆਂ ਖੁਸ਼ੀਆਂ ਤੇ ਚਾਵਾਂ ਵਿੱਚ ਵਾਧਾ ਕਰਦੇ ਹਨ ਅਤੇ ਉਨ੍ਹਾ ਨੂੰ ਮਨੁੱਖੀ ਜੀਵਨ ਦੀ ਨਵੀਂ ਪ੍ਰੀਭਾਸ਼ਾ ਦੱਸਦੇ ਹਨ।”
ਸਮਾਗਮ ਦੀ ਸਮਾਪਤੀ ਵੱਲ ਵੱਧਦਿਆਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਲੱਬ ਵੱਲੋਂ ਦੀਵਾਲੀ ਦਾ ਤਿਉਹਾਰ ਐਤਵਾਰ 15 ਨਵੰਬਰ ਨੂੰ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿਖੇ ਮਨਾਇਆ ਜਾਏਗਾ ਅਤੇ ਇਸ ਦਾ ਥੀਮ ਹੈ, ”ਦੀਵਾਲੀ ਸੇ ਥੋੜ੍ਹਾ ਲੇਟ, ਸੈਲੀਬ੍ਰੇਸ਼ਨ ਹੋਗਾ ਗਰੇਟ”।
ਇਸ ਸਮਾਗਮ ਵਿੱਚ ਗੀਤ-ਸੰਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਮਨੋਰੰਜਨ, ਮਠਿਆਈਆਂ ਅਤੇ ਸੁਆਦਲੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਹੋਵੇਗਾ। ਇਹ ਦੀਵਾਲੀ ਸਮਾਗਮ ਕੇਵਲ ਐੱਫ਼.ਸੀ.ਐੱਫ਼.ਸੀ. ਕਲੱਬ ਦੇ ਮੈਂਬਰਾਂ ਲਈ ਹੈ ਅਤੇ ਇਸ ਦੇ ਲਈ ਦਾਖ਼ਲਾ ਟਿਕਟ 20 ਡਾਲਰ ਰੱਖੀ ਗਈ ਹੈ। ਉਨ੍ਹਾਂ ਚਾਹਵਾਨ ਮੈਂਬਰ ਪ੍ਰਬੰਧਕੀ ਟੀਮ ਨਾਲ ਸਮੇਂ-ਸਿਰ ਸੰਪਰਕ ਕਰਨ ਲਈ ਕਿਹਾ।
ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਮਾਗਮ ਦੇ ਸਮੂਹ ਬੁਲਾਰਿਆਂ, ਡਾਂਸਰਾਂ, ਪ੍ਰਬੰਧਕੀ ਟੀਮ ਦੇ ਮੈਂਬਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਲੱਬ ਦੇ ਮੈਂਬਰਾਂ ਨੂੰ ਆ ਰਹੇ ਦੀਵਾਲੀ ਦੇ ਤਿਉਹਾਰ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।

RELATED ARTICLES
POPULAR POSTS