
24 ਘੰਟਿਆਂ ਵਿਚ ਪੋਸਟ ਹਟਾਉਣ ਅਤੇ ਮੁਆਫੀ ਮੰਗਣ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਦੀ ਇੰਟਰਨੈਟ ਮੀਡੀਆ ਪੋਸਟ ’ਤੇ ਨਰਾਜ਼ਗੀ ਜਤਾਈ ਹੈ। ਘੁੰਮਣ ਨੇ ਮਜੀਠੀਆ ਵਲੋਂ ਇਸ ਪੋਸਟ ਵਿਚ ਲਗਾਏ ਗਏ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਪੋਸਟ ਨੂੰ ਹਟਾਉਣ ਦੀ ਮੰਗ ਕੀਤੀ ਹੈ। ਘੁੰਮਣ ਵਲੋਂ ਭੇਜੇ ਗਏ ਨੋਟਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਮਜੀਠੀਆ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦੇ ਖਿਲਾਫ ਅਪਰਾਧਕ ਕਾਰਵਾਈ ਅਤੇ ਮਾਨਹਾਨੀ ਦੇ ਲਈ ਹਰਜਾਨੇ ਦਾ ਮੁਕੱਦਮਾ ਵੀ ਦਾਇਰ ਕੀਤਾ ਜਾਵੇਗਾ। ਘੁੰਮਣ ਵਲੋਂ ਦਾਇਰ ਕੀਤੇ ਗਏ ਨੋਟਿਸ ਦੇ ਮੁਤਾਬਕ, ਮਜੀਠੀਆ ਨੇ ਲੰਘੇ ਕੱਲ੍ਹ ਆਪਣੇ ‘ਐਕਸ’ ਹੈਂਡਲ ’ਤੇ ਇਕ ਪੋਸਟ ਸਾਂਝੀ ਕੀਤੀ ਸੀ। ਇਸ ਵਿਚ ਘੁੰਮਣ ਦਾ ਨਾਮ ਲੈਂਦੇ ਹੋਏ ਉਨ੍ਹਾਂ ਨੂੰ ਕਥਿਤ ਡਰੱਗ ਨੈਟਵਰਕ ਅਤੇ ਨਸ਼ਾ ਮੁਕਤੀ ਕੇਂਦਰਾਂ ਨਾਲ ਜੁੜੇ ਮਾਮਲਿਆਂ ਨਾਲ ਜੋੜਿਆ ਗਿਆ ਸੀ।

