
ਭਾਰਤੀ ਮਿਸ਼ਨ ਨੇ ਨਾਗਰਿਕਾਂ ਨੂੰ ਸਥਾਨਕ ਖਬਰਾਂ ਦੀਆਂ ਰਿਪੋਰਟਾਂ ਰਾਹੀਂ ਜਾਣੂ ਰਹਿਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਫਰਾਂਸ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਅਤੇ ਇਸ ਯੂਰਪੀਅਨ ਦੇਸ਼ ਦੀ ਯਾਤਰਾ ਕਰਨ ਵਾਲਿਆਂ ਨੂੰ ਲਗਾਤਾਰ ਜਾਰੀ ਅਸ਼ਾਂਤੀ, ਹਿੰਸਕ ਝੜਪਾਂ ਅਤੇ ਕੁਝ ਹਿੱਸਿਆਂ ਵਿਚ ਲਗਾਏ ਗਏ ਸਥਾਨਕ ਕਰਫਿਊ ਦੇ ਚੱਲਦਿਆਂ ਚੌਕਸ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਭਾਰਤ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿਚ ਫਰਾਂਸ ’ਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਵੱਡੇ ਇਕੱਠਾਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣ ਅਤੇ ਸਥਾਨਕ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ। ਭਾਰਤ ਵਲੋਂ ਕਿਹਾ ਗਿਆ ਹੈ ਕਿ ਐਮਰਜੈਂਸੀ ਦੀ ਸਥਿਤੀ ਵਿਚ ਭਾਰਤੀ ਨਾਗਰਿਕ ਪੈਰਿਸ ਵਿਚ ਭਾਰਤ ਦੇ ਦੂਤਾਵਾਸ ਜਾਂ ਮਰਸੇਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਫਰਾਂਸ, ਵਿਰੋਧ ਪ੍ਰਦਰਸ਼ਨਾਂ ਅਤੇ ਦੰਗਿਆਂ ਨਾਲ ਜੂਝ ਰਿਹਾ ਹੈ, ਜੋ ਹਾਈ ਸਕੂਲ ਦੀਆਂ ਸਥਿਤੀਆਂ ਨੂੰ ਲੈ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਨਾਲ ਸ਼ੁਰੂ ਹੋਏ ਸਨ ਅਤੇ ਮਹਿੰਗਾਈ ਤੇ ਰਹਿਣ-ਸਹਿਣ ਦੀ ਲਾਗਤ ’ਤੇ ਵੱਡੇ ਪੱਧਰ ਉਤੇ ਸਰਕਾਰ ਵਿਰੋਧੀ ਗੁੱਸੇ ਵਿਚ ਬਦਲ ਗਏ ਹਨ।

