
ਆਪਣੀ ਆਉਣ ਵਾਲੀ ਕਿਤਾਬ ਦੀ ਪਹਿਲੀ ਝਲਕ ਕੀਤੀ ਸਾਂਝੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਕਿਤਾਬ ਬਾਰੇ ਇਕ ਪੋਸਟ ਨਾਲ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੁਰੂਆਤ ਕੀਤੀ ਹੈ। ਇਸ ਕਿਤਾਬ ਨੂੰ ਉਨ੍ਹਾਂ ਨੇ ‘ਪਿਆਰ, ਫਰਜ਼, ਘਾਟੇ-ਨੁਕਸਾਨ ਅਤੇ ਆਪਣੀ ਥਾਂ ਲੱਭਣ ਦੀ ਇਕ ਕਹਾਣੀ’ ਦੱਸਿਆ ਹੈ। ਸੋਸ਼ਲ ਮੀਡੀਆ ’ਤੇ ਸੋਨੀਆ ਗਾਂਧੀ ਦਾ ਇਹ ਪਹਿਲਾ ਕਦਮ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ ਅਤੇ ਕਾਂਗਰਸ ਦਾ ‘ਐਕਸ’ ਹੈਂਡਲ ਹੀ ਉਹ ਮੰਚ ਸੀ, ਜਿਸ ’ਤੇ ਉਹ ਆਪਣੇ ਵੀਡੀਓ ਬਿਆਨ ਜਾਂ ਹੋਰ ਸੰਦੇਸ਼ ਅਤੇ ਪੱਤਰ ਜਾਰੀ ਕਰਦੇ ਸਨ। ਸੋਨੀਆ ਗਾਂਧੀ ਨੇ ਤੁਰੰਤ ਆਪਣੇ ਪੁੱਤਰ ਰਾਹੁਲ ਅਤੇ ਧੀ ਪਿ੍ਰਅੰਕਾ ਦੇ ਨਾਲ-ਨਾਲ ਪਾਰਟੀ ਦੇ ਇੰਸਟਾਗ੍ਰਾਮ ਅਕਾਊਂਟਸ ਨੂੰ ਫਾਲੋ ਕਰ ਲਿਆ ਹੈ। ਰਾਹੁਲ ਗਾਂਧੀ ਸਣੇ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਸੋਨੀਆ ਗਾਂਧੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਕਾਂਗਰਸੀ ਆਗੂਆਂ ਨੇ ਸੋਨੀਆ ਗਾਂਧੀ ਦੀ ਤਾਰੀਫ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਉਨ੍ਹਾਂ ਦੀ ਕਿਤਾਬ ਲਈ ਉਤਸ਼ਾਹ ਜ਼ਾਹਰ ਕੀਤਾ। ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਕਿਤਾਬ ‘ਬਿਲੋਂਗਿੰਗ : ਅ ਜਰਨੀ ਆਫ ਲਵ’ ਦੀਆਂ ਕਾਪੀਆਂ ਪ੍ਰਾਪਤ ਕਰਨ ਦੀ ਇਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ।

