2.8 C
Toronto
Thursday, October 22, 2026
spot_img
HomeਕੈਨੇਡਾFrontਜਲੰਧਰ ਕੈਂਟ : ਤਿੰਨ ਖਿਡਾਰੀ, ਤਿੰਨੇ ਆਪਣੇ ਫ਼ਨ ਦੇ ਮਾਹਿਰ, ਚੋਣ ਮੁਕਬਲੇ...

ਜਲੰਧਰ ਕੈਂਟ : ਤਿੰਨ ਖਿਡਾਰੀ, ਤਿੰਨੇ ਆਪਣੇ ਫ਼ਨ ਦੇ ਮਾਹਿਰ, ਚੋਣ ਮੁਕਬਲੇ ਦਾ ਅੰਦਾਜ਼ਾ ਲਾਇਆ ਜਾ ਸਕਦੈ

ਜਲੰਧਰ ਕੈਂਟ : ਤਿੰਨ ਖਿਡਾਰੀ, ਤਿੰਨੇ ਆਪਣੇ ਫ਼ਨ ਦੇ ਮਾਹਿਰ, ਚੋਣ ਮੁਕਬਲੇ ਦਾ ਅੰਦਾਜ਼ਾ ਲਾਇਆ ਜਾ ਸਕਦੈ

ਇੱਕ ਕਾਂਗਰਸ ਪ੍ਰਧਾਨ, ਦੂਜਾ ਜ਼ਿਲਾ “ਆਪ” ਪ੍ਰਧਾਨ ਤੇ ਤੀਜਾ ਭਾਜਪਾ ਰਾਜਸਭਾ ਮੈਂਬਰ, ਕੋਈ ਕਿਸੇ ਤੋਂ ਘੱਟ ਨਹੀਂ  

ਜਿੱਥੇ ਪਰਗਟ ਸਿੰਘ, ਦੀਪਕ ਬਾਲੀ ਤੇ ਅਸ਼ੋਕ ਮਿੱਤਲ ਹੋਣਗੇ, ਉੱਥੇ ਮੁਕਾਬਲਾ ਤਾਂ ਦਿਲਚਸਪ ਹੋਵੇਗਾ ਹੀ  

ਅਮਰਜੀਤ ਸਿੰਘ

ਚੰਡੀਗੜ੍ਹ 22 ਅਕਤੂਬਰ, 2026

ਉਂਝ ਤਾਂ ਪੰਜਾਬ ਵਿਧਾਨਸਭਾ ਦੀਆਂ ਬਹੁਤ ਸਾਰੀਆਂ ਸੀਟਾਂ ਤੇ ਬਹੁਤ ਸਖ਼ਤ ਮੁਕਬਲੇ ਹੋਣ ਦੀ ਸੰਭਾਵਨਾ ਹੁਣੇ ਤੋਂ ਜਤਾਈ ਜਾ ਰਹੀ ਹੈ ਪਰ ਜਦੋਂ ਤੋਂ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਦੋਂ ਤੋਂ ਜਨਲਧਰ ਕੈਂਟ ਸੀਟ ਦੀ ਚਰਚਾ ਸਭਤੋਂ ਵੱਧ ਹੋ ਰਹੀ ਹੈ। ਕਿਉਂਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਆਪਣੇ ਵੱਲੋਂ ਉਨ੍ਹਾਂ ਦੇ ਧੁਰੰਧਰ ਆਗੂ ਇਸ ਸੀਟ ਲਈ ਐਲਾਨੇ ਹਨ ਇਸ ਲਈ ਜਲੰਧਰ ਕੈਂਟ ਵਿੱਚ 2027 ਚੋਣਾਂ ਦੌਰਾਨ ਮੁਕਾਬਲਾ ਵਾਕਈ ਦਿਲਚਸਪ ਤੇ ਹੈਰਾਨ ਕਰਨ ਵਾਲਾ ਹੋਵੇਗਾ। ਇਹ ਕਿਆਸਰਾਈਆਂ ਹੁਣੇ ਤੋਂ ਲਾਈਆਂ ਜਾ ਰਹੀਆਂ ਹਨ ।

ਪੰਜਾਬ ਕਾਂਗਰਸ ਦੇ ਮੁਖੀ ਪਰਗਟ ਸਿੰਘ, ‘ਆਪ’ ਦੇ ਸੂਬਾ ਜਨਰਲ ਸਕੱਤਰ ਦੀਪਕ ਬਾਲੀ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਆਪਣੀਆਂ-ਆਪਣੀਆਂ ਪਾਰਟੀਆਂ ਵੱਲੋਂ ਸੰਭਾਵੀ ਉਮੀਦਵਾਰ ਵਜੋਂ ਉਭਰਨ ਨਾਲ, 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਕੈਂਟ ਹਲਕਾ ਸਭ ਤੋਂ ਵੱਧ ਚਰਚਾ ਵਾਲੇ ਹਲਕਿਆਂ ਵਿੱਚੋਂ ਇੱਕ ਬਣਦਾ ਜਾ ਰਿਹਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਭਾਜਪਾ ਦਾ ਕੇਂਦਰੀ ਹਾਈਕਮਾਨ ਵੀ ਇਸ ਸੀਟ ਨੂੰ ਗਹੁ ਨਾਲ ਵਾਚ ਰਿਹਾ ਹੈ।

ਪਰਗਟ ਸਿੰਘ ਜਲੰਧਰ ਕੈਂਟ ਤੋਂ ਵਿਧਾਇਕ ਹਨ ਤੇ ਹੁਣੇ ਹੁਣੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ ਹੈ। ਹਾਕੀ ਦੇ ਮੈਦਾਨ ਵਿੱਚ ਤਹਿਲਕਾ ਮਚਾਉਣ ਤੋਂ ਬਾਅਦ ਪ੍ਰਗਟ ਸਿੰਘ ਖੇਡ ਵਿਭਾਗ ਦੇ ਡਾਇਰੈਕਟਰ ਰਹੇ ਤੇ ਮਗਰੋਂ ਰਾਜਨੀਤੀ ਵਿੱਚ ਆਏ। ਦਲ ਬਦਲਣ ਦਾ ਦੋਸ਼ ਉਨ੍ਹਾਂ ਤੇ ਵੀ ਹੈ ਤੇ ਉਹ ਕਹਿੰਦੇ ਹਨ ਜਿੱਥੇ ਦਿਲ ਨਾ ਮਿਲੇ ਉਸ ਦਲ ਵਿੱਚ ਰਹਿਣਾ ਔਖਾ ਹੁੰਦੈ। ਹਾਲਾਂਕਿ ਖੇਡ ਦੇ ਮੈਦਾਨ ਤੋਂ ਰਾਜਨੀਤਿਕ ਪਿੜ ਬਿਲਕੁਲ ਵੱਖ ਹੁੰਦਾ ਹੈ ਪਰ ਐਥੇ ਵੀ  ਗੇਂਦ ਨੂੰ ਖੋਹਣ ਅਤੇ ਸੀਟ ਨੂੰ ਖੋਹਣ ਵਾਸਤੇ ਤਿਕੜਮ ਤਾਂ ਲੜਾਉਣਾ ਹੀ ਪੈਂਦਾ ਹੈ। ਪਾਰਟੀ ਨੂੰ ਉਹਨਾਂ ਤੇ ਮਾਣ ਵੀ ਹੈ ਤੇ ਜਿੱਤਣ ਦਾ ਯਕੀਨ ਵੀ।

ਓਲੰਪੀਅਨ ਅਤੇ ਜਲੰਧਰ ਕੈਂਟ ਤੋਂ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਦਾ ਸਿਆਸੀ ਕੱਦ ਕਾਫ਼ੀ ਮਜ਼ਬੂਤ ​​ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਉਨ੍ਹਾਂ ਦੀ ਨਿਯੁਕਤੀ ਨੇ ਇਸ ਮੁਕਾਬਲੇ ਨੂੰ ਇੱਕ ਨਵਾਂ ਮੋੜ ਦਿੱਤਾ ਹੈ, ਜਿਸ ਨਾਲ ਇਹ ਹਲਕਾ ਉਨ੍ਹਾਂ ਲਈ ਅਤੇ ਕਾਂਗਰਸ ਪਾਰਟੀ ਲਈ ਇੱਕ ਵੱਕਾਰੀ ਸੀਟ ਵਰਗਾ ਹੈ ਜਿਸਤੇ ਚੋਣਾਂ  ‘ਸਨਮਾਨ ਦੀ ਲੜਾਈ’ ਬਣ ਸਕਦੀਆਂ ਹਨ।

ਦੀਪਕ ਬਾਲੀ ਜਲੰਧਰ ਦੇ ਸਿਆਸੀ ਪਿੜ ਵਿੱਚ ਇੱਕ ਪ੍ਰਮੁੱਖ ਥਾਂ ਰੱਖਦੇ ਹਨ। ਅੱਜਕਲ੍ਹ ਉਹ ਆਮ ਆਦਮੀ ਪਾਰਟੀ ਦੇ ਜ਼ਿਲਾ ਇੰਚਾਰਜ ਹਨ। ਉਹ ਆਪਣੇ ਸੰਗਠਨਾਤਮਕ ਕੰਮਾਂ ਲਈ ਜਾਣੇ ਜਾਂਦੇ ਹਨ ਤੇ ਸੱਭਿਆਚਾਰਕ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ ਤੇ ਕੰਮ ਕਰਦੇ ਰਹਿੰਦੇ ਹਨ ਤੇ ਲੋਕਾਂ ਨੂੰ ਧਾਰਮਕ ਕੰਮਾਂ ਨਾਲ ਜੋੜਦੇ ਹਨ। ਪਾਰਟੀ ਇਸ ਵਾਰ ਪਰਗਟ ਸਿੰਘ ਦੇ ਖਿਲਾਫ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਉਹ ਪਾਰਟੀ ਅੰਦਰ ਕਾਫੀ ਮਕਬੂਲ ਹਨ।

‘ਆਪ’ ਵੱਲੋਂ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆਰਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਦੀਪਕ ਬਾਲੀ ਨੂੰ ਲਿਆਉਣ ਨਾਲ ਪਾਰਟੀ ਵਰਕਰਾਂ ਵਿੱਚ ਬੇਚੈਨੀ ਤਾਂ ਪੈਦਾ ਹੋ ਗਈ ਹੈ ਪ੍ਰੰਤੂ ਪਾਰਟੀ ਇਸ ਨਾਲ ਕਿਸ ਤਰ੍ਹਾਂ ਨਜਿੱਠਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਇਹ ਗੱਲ ਵੱਖਰੀ ਹੈ ਕਿ ਇੱਕ ਕਾਨਫਰੰਸ ਕਾਲ ਦੌਰਾਨ ਰਾਜਵਿੰਦਰ ਥਿਆਰਾ ਦੀ ਅਸਹਿਮਤੀ ਪ੍ਰਗਟ ਕਰਦੀ ਆਡੀਓ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀਆਂ ਗਈਆਂ ਪੋਸਟਾਂ ਨੇ ਦੀਪਕ ਬਾਲੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਪਰ ਕਿਹਾ ਜਾਂਦਾ ਹੈ ਕਿ ਉਹ ਅਜਿਹੇ ਹਾਲਾਤ ਨਾਲ ਭਿੜਨ ਲਈ ਮਸ਼ਹੂਰ ਹਨ।

ਉੱਘੇ ਵਪਾਰੀ, ਐਲਪੀਯੂ ਦੇ ਮਾਲਿਕ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਕੋਲ ਪੈਸੇ ਦੀ ਵੀ ਘਾਟ ਨਹੀਂ ਤੇ ਰਾਜਨੀਤਿਕ ਮੇਲਜੋਲ ਦੀ ਵੀ ਨਹੀਂ, ਥੋੜੇ ਚਿਰ ਪਹਿਲਾਂ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੀ ਬਾਂਹ ਫੜੀ ਹੈ ਇਸ ਲਈ ਦਲ ਬਦਲਣ ਦਾ ਦੋਸ਼ ਇਨ੍ਹਾਂ ਤੇ ਵੀ ਹੈ. ਰਾਜਨੀਕਿਤ ਸਫ਼ਾਂ ਵਿੱਚ ਡੂੰਘੀ ਪੈੜ ਰੱਖਣ ਵਾਲੇ ਮਿੱਤਲ ਦੀ ਚਰਚਾ ਪੰਜਾਬ ‘ਚ ਹੀ ਨਹੀਂ ਬਲਕਿ ਦੇਸ ਵਿਦੇਸ਼ਾਂ ਵਿੱਚ ਵੀ ਹੈ। ਭਾਜਪਾ ਉਨ੍ਹਾਂ ਤੇ ਆਉਂਦੀਆਂ ਚੋਣਾਂ ਵਿੱਚ ਦਾਅ ਲਾਉਣ ਦੇ ਰੌਂ ਵਿੱਚ ਹੈ ਜਿਸ ਨਾਲ ਜਲੰਧਰ ਕੈਂਟ ਵਿੱਚ ਮੁਕਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ।

ਸੰਸਦ ਮੈਂਬਰ ਬਣਨ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿੱਚ ਸ਼ਾਂਤ ਰਹੇ ਮਿੱਤਲ ਅੱਜਕਲ੍ਹ ‘ਐਮ.ਪੀ.ਲੈਡਸ’ ਫੰਡਾਂ ਰਾਹੀਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਅਕਸਰ ਵੇਖੇ ਜਾ ਸਕਦੇ ਹਨ। ਉਨ੍ਹਾਂ ਦੇ ਪਰਿਵਾਰ ਦਾ ਕਾਰੋਬਾਰ ਜਲੰਧਰ ਕੈਂਟ ਵਿੱਚ ਮਿਠਾਈ ਦੀ ਇੱਕ ਛੋਟੀ ਜਿਹੀ ਦੁਕਾਨ ਤੋਂ ਸ਼ੁਰੂ ਹੋਇਆ ਸੀ ਜਿਥੋਂ ਤਰੱਕੀ ਕਰਦੇ ਕਰਦੇ ਉਹ ਐਲਪੀਯੂ ਯੂਨੀਵਰਸਿਟੀ ਦੇ ਮਾਲਿਕ ਤਕ ਬਣ ਗਏ। ਕਿਹਾ ਜਾ ਰਿਹਾ ਹੈ ਕਿ ਹਾਲਾਂਕਿ, ਮਿੱਤਲ ਨੇ ਜਲੰਧਰ ਕੈਂਟ ਸੀਟ ਤੋਂ ਚੋਣ ਲੜਨ ਵਿੱਚ ਕੋਈ ਦਿਲਚਸਪੀ ਹੋਣ ਤੋਂ ਇਨਕਾਰ ਕੀਤਾ ਹੈ, ਪ੍ਰੰਤੂ ਭਾਜਪਾ ਇਹ ਤੈਅ ਕਰ ਚੁਕੀ ਹੈ ਕਿ ਜਲੰਧਰ ਕੈਂਟ ਤੋਂ ਉਨ੍ਹਾਂ ਨੂੰ ਹੀ ਮੈਦਾਨ ‘ਚ ਉਤਾਰੇਗੀ।

RELATED ARTICLES
POPULAR POSTS